ਅੱਜ ਸਾਉਣੀ 2024 ਦੀਆਂ ਫਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਡਾ. ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਖੇਤੀਬਾੜੀ ਵਿਭਾਗ ਵੱਲੋਂ ਬਰਨਾਲਾ ਵਿਖੇ ਲਗਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਵਿੱਚੋਂ ਲੱਗਭੱਗ 1000 ਕਿਸਾਨਾਂ ਨੇ ਭਾਗ ਲਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਕੀਤਾ ਗਿਆ।
ਇਸ ਮੌਕੇ ਐਲ. ਐਲ. ਏ. ਸ੍ਰੀ ਕੁਲਵੰਤ ਸਿੰਘ ਪੰਡੋਰੀ ਦੇ ਪੀ. ਏ. ਬਿੰਦਰ ਸਿੰਘ ਖਾਲਸਾ, ਸਲਾਹਕਾਰ ਸ੍ਰੀ ਦਵਿੰਦਰ ਸਿੰਘ ਧਨੋਆ ਅਤੇ ਯਾਦਵਿੰਦਰ ਸਿੰਘ ਛਾਪਾ ਹਾਜ਼ਰ ਹੋਏ। ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਨਤਮ ਅਤੇ ਵਿਗਿਆਨਕ ਤਕਨੀਕਾਂ ਅਪਣਾ ਕੇ ਵੱਧ ਮੁਨਾਫਾ ਲੈਣ ਦੀ ਅਪੀਲ ਕੀਤੀ। ਉਨਾਂ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਉਸ ਦੀ ਸੁਚੱਜੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ ਅਨੁਸਾਰ ਖੇਤੀ ਕੀਤੀ ਜਾਵੇ ਤਾਂ ਜੋ ਖੇਤੀ ਖਰਚੇ ਘਟਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪੌਣ, ਪਾਣੀ ਅਤੇ ਜ਼ਮੀਨ ਕੁਦਰਤ ਦੇ ਉਹ ਅਨਮੋਲ ਕੁਦਰਤੀ ਸਰੋਤ ਹਨ ਜਿਨ੍ਹਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਡੀ. ਸੀ. ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਦਿਨੋਂ ਦਿਨ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਅੱਜ ਇੱਕ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਸਾਡੀ ਇਹ ਸਮਾਜਿਕ ਜਿੰਮੇਵਾਰੀ ਬਣਦੀ ਹੈ ਕਿ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਅੱਗੇ ਆ ਕੇ ਲੋਕ ਲਹਿਰ ਸ਼ੁਰੂ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਸਾਲ 2023—24 ਦੌਰਾਨ ਝੋਨੇ ਦੇ ਝਾੜ ਵਿੱਚ ਪੰਜਾਬ ਵਿੱਚੋਂ ਬਰਨਾਲਾ ਜਿਲ੍ਹਾ ਦੂਸਰੇ ਨੰਬਰ ਉੱਪਰ ਅਤੇ ਕਣਕ ਦੇ ਝਾੜ ਵਿੱਚ ਪਹਿਲੇ ਨੰਬਰ 'ਤੇ ਰਿਹਾ ਹੈ। ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਦਿਲਬਾਗ ਸਿੰਘ ਨੇ ਪਾਣੀ ਦੀ ਖਪਤ ਘਟਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਦੀ ਕਾਸ਼ਤ ਕਰਨ ਅਤੇ ਪਾਣੀ ਦੀ ਬਚਤ ਕਰਨ ਦੀ ਅਪੀਲ ਕੀਤੀ।
ਇਸ ਕੈਂਪ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਵੱਲੋਂ ਕਿਸਾਨਾਂ ਨੂੰ ਦੱਸਿਆ ਕਿ ਸਾਉਣੀ ਦੌਰਾਨ ਕਿਸਾਨਾਂ ਨੂੰ ਮਿਆਰੀ ਬੀਜ਼ ਮੁਹੱਈਆ ਕਰਵਾਉਣ ਲਈ ਸਾਰੇ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਇਸ ਸਾਉਣੀ ਦੌਰਾਨ ਵਰਤੀਆਂ ਜਾਣ ਵਾਲੀਆਂ ਖਾਦਾਂ ਦਾ ਪੂਰਾ ਭੰਡਾਰ ਪੰਜਾਬ ਸਰਕਾਰ ਵੱਲੋਂ ਉਪਲਬੱਧ ਕਰਵਾ ਦਿੱਤਾ ਗਿਆ ਹੈ ਅਤੇ ਚਾਲੂ ਸਮੇਂ ਦੌਰਾਨ ਖਾਦ ਦੀ ਕੋਈ ਵੀ ਕਮੀ ਨਹੀਂ ਆਵੇਗੀ।
ਉਨ੍ਹਾਂ ਨੇ ਕੈਂਪ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨ ਹੇਠਲੇ ਪਾਣੀ ਦੀ ਸੁੱਚਜ਼ੀ ਵਰਤੋ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜ਼ੀਹ ਦੇਣ।ਇਸ ਵਿਧੀ ਰਾਹੀਂ ਬਿਜਾਈ ਕਰਨ ਲਈ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ।ਇਸ ਸੰਬੰਧੀ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਪੋਰਟਲ ' ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਤੇ ਨਵੀਨਤਮ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਅਤੇ ਸਬਸਿਡੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਸਾਲ 2024 ਲਈ ਖੇਤੀ ਮਸ਼ੀਨਰੀ ਤੇ ਸਬਸਿਡੀ ਦੇਣ ਲਈ 20 ਜੂਨ 2024 ਤੱਕ ਪੋਰਟਲ ਰਾਹੀਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਚਾਹਵਾਨ ਕਿਸਾਨ ਇਸ ਦਾ ਲਾਭ ਲੈਣ ਲਈ ਅਪਲਾਈ ਕਰ ਸਕਦੇ ਹਨ।
ਉਨਾਂ ਕਿਹਾ ਕਿ ਕਿਸਾਨ ਵੱਧ ਤੋਂ ਵੱਧ ਖੇਤੀ ਮਸ਼ੀਨਰੀ ਦੀ ਵਰਤੋ ਕਰਨ ਤੇ ਆਪਣੀ ਖੇਤੀ ਵਿੱਚ ਆਧੁਨਿਕ ਤੇ ਵਿਗਿਆਨਕ ਤਰੀਕੇ ਅਪਨਾਉਣ ਤੇ ਆਪਣੀ ਖੇਤੀ ਵਿੱਚ ਨਵੀਨੀਕਰਨ ਲਿਆਉਣ, ਉਨਾਂ ਕਿਹਾ ਕਿ ਵਾਤਾਵਰਣ ਵਿੱਚ ਤਬਦੀਲੀ ਦੇ ਨਾਲ ਸਾਨੂੰ ਆਪਣੀ ਖੇਤੀ ਵਿੱਚ ਤਬਦੀਲੀ ਲਿਆਉਣੀ ਪਵੇਗੀ ਤਾਂ ਜ਼ੋ ਸਮੇਂ ਦੇ ਹਾਣੀ ਬਣੀਏ ਤੇ ਸਾਡੀਆਂ ਫਸਲਾਂ ਦਾ ਕੋਈ ਨੁਕਸਾਨ ਨਾ ਹੋਵੇ।
ਇਸ ਕੈਂਪ ਵਿੱਚ ਡਾ. ਪ੍ਰਹਲਾਦ ਤੰਵਰ ਐਸੋਸੀਏਟ ਡਾਇਰੈਕਟਰ ਕੇ ਵੀ ਕੇ ਹੰਡਿਆਇਆ ਨੇ ਆਪਣੀ ਟੀਮ ਨਾਲ ਇਸ ਕੈਂਪ ਵਿੱਚ ਸ਼ਿਰਕਤ ਕੀਤੀ।ਇਸ ਕੈਂਪ ਵਿੱਚ ਡਾ. ਅਮਨਦੀਪ ਕੌਰ ਫਾਰਮ ਸਲਾਹਕਾਰ ਕੇਂਦਰ ਬਰਨਾਲਾ ਨੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਕਰਨ ਅਤੇ ਨਦੀਨਾਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ ਗਈ, ਡਾ: ਅਸ਼ੋਕ ਕੁਮਾਰ ਸਾਇਲ ਵਿਗਿਆਨੀ ਨੇ ਮਿੱਟੀ ਪਰਖ ਅਤੇ ਖਾਦਾਂ ਦੀ ਯੋਗ ਵਰਤੋਂ ਸਬੰਧੀ, ਡਾ.ਸੰਜੇ ਕੁਮਾਰ ਐਸ. ਐਮ. ਐਸ. ਵੱਲੋਂ ਸਾਉਣੀ ਦੀਆਂ ਫਸਲਾਂ ਵਿੱਚ ਕੀੜੇ—ਮਕੌੜਿਆਂ ਦੀ ਸਰਬਪੱਖੀ ਰੋਕਥਾਮ ਸਬੰਧੀ ਅਤੇ ਸਾਉਣੀ ਦੀਆਂ ਫਸਲਾਂ ਵਿੱਚ ਬਿਮਾਰੀਆਂ ਦੀ ਸਰਬਪੱਖੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਅਤੇ ਕਿਸਾਨਾਂ ਵੱਲੋਂ ਪੇਸ਼ ਕੀਤੇ ਗਏ ਸਵਾਲਾਂ ਦਾ ਬਾਖੁਬੀ ਤਰੀਕੇ ਨਾਲ ਢੁੱਕਵਾਂ ਹੱਲ ਦੱਸਿਆ ਗਿਆ।
ਇਜ ਭੁਪਿੰਦਰ ਸਿੰਘ ,ਭੂਮੀ ਰੱਖਿਆ ਅਫ਼ਸਰ ਨੇ ਭੂਮੀ ਸੰਭਾਲ ਸੰਬੰਧੀ ਜਾਣਾਕਰੀ ਦਿੱਤੀ ਅਤੇ ਇਜ ਸੁਸ਼ੀਲ ਕੁਮਾਰ ਨੇ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਸਾਝੀ ਕੀਤੀ । ਡਾ. ਹਰਜੋਤ ਸਿੰਘ ਬੈਂਸ ਨੇ ਬਾਗਬਾਨੀ ਤੇ ਸਬਜੀਆਂ ਬਾਰੇ ਵਿਸਥਾਰਪੂਰਵਕ ਦੱਸਿਆ। ਡਾ. ਸੁਖਪਾਲ ਸਿੰਘ, ਖੇਤੀਬਾੜੀ ਅਫ਼ਸਰ , ਬਰਨਾਲਾ ਨੇ ਕਿਸਾਨਾਂ ਨੂੰ ਮਿੱਟੀ ਪਾਣੀ ਪਰਖ ਸੰਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਖਾਦਾਂ ਅਤੇ ਦਵਾਈਆਂ ਦੀ ਬਿਨਾਂ ਸਿਫਾਰਿਸ਼ ਵਰਤੋਂ ਕਰਨ ਅਤੇ ਕਿਸੇ ਵੀ ਤਰਾਂ ਦੀਆਂ ਖਾਦਾਂ, ਕੀੜੇਮਾਰ ਦਵਾਈਆਂ ਤੇ ਬੀਜ ਖਰੀਦਣ ਤੇ ਪੱਕਾ ਬਿੱਲ ਜਰੂਰ ਲਿਆ ਜਾਵੇ ।
ਡਾ. ਸੱਤਪਾਲ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਬਰਨਾਲਾ ਨੇ ਕਿਹਾ ਕਿ ਕਿਸਾਨ ਵੱਧ ਤੋਂ ਵੱਧ ਰਕਬਾ ਜੈਵਿਕ ਜਾਂ ਆਰਗੈਨਿਕ ਖੇਤੀ ਅਧੀਨ ਲਿਆ ਕੇ ਕੁਦਰਤੀ ਸਰੋਤਾਂ ਅਤੇ ਮਾਨਵਤਾ ਦੀ ਸੇਵਾ ਕੀਤੀ ਜਾਵੇ। ਇਸ ਲਈ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੈਵਿਕ ਖੇਤੀ ਵੱਲ ਆਪਣਾ ਰੁਝਾਨ ਵਧਾਇਆ ਜਾਵੇ। ਡਾ. ਸਤਨਾਮ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ(ਇਨਫੋ) ਨੇ ਕੈਂਪ ਨੂੰ ਲਗਾਉਣ ਤੇ ਇਸਦੇ ਪੁਖਤਾ ਪ੍ਰਬੰਧ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ।
ਡਾ. ਜਸਵਿੰਦਰ ਸਿੰਘ,ਖੇਤੀਬਾੜੀ ਵਿਕਾਸ ਅਫ਼ਸਰ, ਬਰਨਾਲਾ ਨੇ ਬਖੂਬੀ ਸਟੇਜ ਸੰਭਾਲੀ ਤੇ ਆਏ ਹੋਏ ਮਹਿਮਾਨਾਂ, ਕਿਸਾਨਾਂ, ਸਾਇਸਦਾਨਾਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦਾ ਧੰਨਵਾਦ ਕੀਤਾ। ਕੈਂਪ ਦਾ ਸਮੁੱਚਾ ਪ੍ਰਬੰਧ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਮੂਹ ਸਟਾਫ ਅਤੇ ਆਤਮਾ ਸਟਾਫ ਨੇ ਬਖੂਬੀ ਨਿਭਾਇਆ।
ਇਸ ਕੈਂਪ ਵਿੱਚ ਪਰਾਲੀ ਦੀ ਸੁੱਚਜੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ ਵੱਖ ਵਿਭਾਗਾਂ , ਅਗਾਂਹਵਧੂ ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਸਟਾਲਾਂ ਲਗਾਈਆਂ ਗਈਆਂ।