ਲੋਕ ਸਭਾ ਚੋਣਾਂ-2024 ਦੇ ਸਨਮੁੱਖ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਦੇ ਸੱਤਵੇਂ ਫੇਸ ਵਿੱਚ ਮਤਦਾਨ ਕਰਨ ਜਾ ਰਹੇ ਵੋਟਰਾਂ ਨੂੰ ਜਾਗਰੂਕ ਅਤੇ ਉਤਸਾਹਿਤ ਕਰਨ ਹਿੱਤ, ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਗ੍ਰੀਨ ਮਾਡਲ ਪੋਲਿੰਗ ਬੂਥਾਂ ਰਾਹੀਂ ਹਰਿਆਵਲ ਲਹਿਰ ਦਾ ਸੰਦੇਸ਼ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਰੂਪਨਗਰ ਅਧੀਨ ਬਣਾਏ ਗਏ ਗਰੀਨ ਮਾਡਲ ਪੋਲਿੰਗ ਬੂਥ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਜ਼ਿੰਮੀਦਾਰਾਂ ਦਾ ਦੌਰਾ ਕਰਦਿਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਥੇ ਵੋਟਰਾਂ ਨੂੰ ਵੱਧ ਤੋਂ ਵੱਧ ਬੂਟੇ ਵੰਡਣ ਦੀ ਹਦਾਇਤ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਮਤਦਾਨ ਕੇਂਦਰਾਂ ਤੇ ਵੱਧ ਤੋਂ ਵੱਧ ਵੋਟਰਾਂ ਨੂੰ ਆਕਰਸ਼ਤਿ ਕਰਕੇ ਆਮ ਨਾਗਰਿਕਾਂ ਵਿੱਚ ਵਾਤਾਵਰਣ ਦੀ ਸੁਰੱਖਿਆ ਅਤੇ ਕੁਦਰਤ ਪ੍ਰਤੀ ਸੰਜੀਦਗੀ ਦਾ ਸੰਕਲਪ ਪੈਦਾ ਕਰਨਾ ਹੈ। ਗ੍ਰੀਨ ਇਲੈਕਸ਼ਨ ਦੇ ਮਹੱਤਵ ਬਾਰੇ ਦੱਸਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਸ ਰਾਹੀਂ ਲੋਕਾਂ ਨੂੰ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੂਰੇ ਇਲੈਕਸ਼ਨ ਦੇ ਵਿੱਚ ਇਸ ਗੱਲ ਦਾ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿ ਪਲਾਸਿਟਕ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ ਨਾਲ ਸਬੰਧਿਤ ਬੈਨਰ ਵੀ ਕੱਪੜੇ ਦੇ ਬਣਾਏ ਗਏ ਹਨ। ਉਨ੍ਹਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਵੋਟਰ ਲੱਗੇ ਹੋਏ ਰੁੱਖਾਂ ਦੀ ਸੰਭਾਲ ਤੇ ਮੌਸਮੀ ਬੂਟੇ ਜ਼ਰੂਰ ਲਗਾਉਣ ਤਾਂ ਜੋ ਅਸੀ ਆਉਣ ਵਾਲੇ ਭਵਿੱਖ ਲਈ ਵਧੀਆ ਵਾਤਾਵਰਣ ਦੇ ਸਕੀਏ।
ਉਨ੍ਹਾਂ ਕਿਹਾ ਕਿ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਬੂਥਾਂ ਤੇ ਆਉਣ ਵਾਲੇ ਵੋਟਰਾਂ ਨੂੰ ਵੀ ਬੂਟੇ ਵੰਡੇ ਜਾਣ। ਇਸ ਤੋਂ ਇਲਾਵਾ ਹੀਟ ਵੇਵ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਗਰਮੀ ਨੂੰ ਦੇਖਦੇ ਹੋਏ ਹਰ ਬੂਥ ਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ, ਜਿਵੇ ਛਬੀਲ, ਪੱਖੇ, ਸ਼ੈਡ ਅਤੇ ਮੈਡੀਕਲ ਏਡ ਦਾ ਇੰਤਜਾਮ ਕੀਤੇ ਗਿਆ ਹੈ ਤਾਂ ਜੋ ਕਿਸੇ ਵੀ ਵੋਟਰ ਨੂੰ ਧੁੱਪ ਵਿੱਚ ਨਾ ਖੜਣਾ ਪਵੇ।
ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਵੱਧ ਵੱਧ ਵੋਟ ਪਾਉਣ ਲਈ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਗਰੀਨ ਮਾਡਲ ਪੋਲਿੰਗ ਬੂਥਾਂ ਦੇ ਨਾਲ ਨਾਲ ਪਿੰਕ ਬੂਥ, ਯੂਥ ਮੈਨੇਜਮੈਂਟ ਪੋਲਿੰਗ ਸਟੇਸ਼ਨ, ਮਾਡਲ ਪੋਲਿੰਗ ਸਟੇਸ਼ਨ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪੋਲਿੰਗ ਵੀ ਸਟੇਸ਼ਨ ਬਣਾਏ ਗਏ ਹਨ, ਪਿੰਕ ਮਾਡਲ ਪੋਲਿੰਗ ਸਟੇਸ਼ਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਔਰਤਾਂ ਤੇ ਮਹਿਲਾ ਵੋਟਰਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਵੋਟਰਾਂ ਦੀ ਗਿਣਤੀ ਅਤੇ ਪ੍ਰਤੀਸ਼ਤਤਾ ਨੂੰ ਵਧਾਉਣਾ ਲਈ ਇਹ ਬੂਥ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਮਹਿਲਾਂ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਏ ਵੱਖ-ਵੱਖ ਪੋਸਟਰ ਅਤੇ ਬੈਨਰ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਪੋਲਿੰਗ ਸਟੇਸ਼ਨ ਦਾ ਪ੍ਰਬੰਧਨ ਸਿਰਫ਼ ਔਰਤਾਂ ਦੁਆਰਾ ਕੀਤਾ ਜਾਵੇਗਾ ਅਤੇ ਬੱਚਿਆਂ ਲਈ ਕ੍ਰੈਚ ਦੀ ਸਹੂਲਤ ਤੇ ਛੋਟੇ ਬੱਚਿਆਂ ਤੇ ਮਾਵਾਂ ਲਈ ਇੱਕ ਫੀਡਿੰਗ ਰੂਮ ਵੀ ਬਣਾਇਆ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਵਣ ਅਫ਼ਸਰ ਸ. ਹਰਜਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਅਤੇ ਵੱਖ-ਵੱਖ ਡਿਊਟੀਆਂ ਤੇ ਤਾਇਨਾਤ ਕਰਮਚਾਰੀ ਹਾਜਰ ਸਨ।