ਖੇਡ ਅਤੇ ਯੁਵਾ ਮਾਮਲੇ ਅਤੇ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਮਜ਼ਬੂਤ ਨੇਤਾ ਜ਼ਰੂਰੀ ਹੈ ਅਤੇ ਪੂਰਨ ਵਿਕਾਸ ਲਈ ਸਥਿਰ ਸਰਕਾਰ ਜ਼ਰੂਰੀ ਹੈ, ਕਿਉਂਕਿ ਕਾਂਗਰਸ ਦਾ ਪਾਕਿਸਤਾਨ ਪ੍ਰਤੀ ਪਿਆਰ ਲੁਕਿਆ ਨਹੀਂ ਹੈ। ਗਾਂਧੀ-ਨਹਿਰੂ ਪਰਿਵਾਰ ਜੋ 70 ਸਾਲਾਂ ਵਿੱਚ ਕਰਤਾਰਪੁਰ ਲਾਂਘਾ ਨਹੀਂ ਖੋਲ੍ਹ ਸਕਿਆ, ਅੱਜ ਵਾਹਗਾ ਬਾਰਡਰ ਖੋਲ੍ਹਣ ਦੀ ਵਕਾਲਤ ਕਰ ਰਿਹਾ ਹੈ।
ਕਾਂਗਰਸ ਹੁਣ ਕਹਿ ਰਹੀ ਹੈ ਮਰੀਜ਼ਾਂ ਲਈ ਵਾਹਗਾ ਬਾਰਡਰ ਖੋਲ੍ਹੋ। ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਇਹ ਮਰੀਜ਼ ਨਹੀਂ ਬਲਕਿ ਪਾਕਿਸਤਾਨ ਤੋਂ ਆਏ ਅੱਤਵਾਦੀ ਹਨ। ਵਾਹਗਾ ਬਾਰਡਰ ਕਿਸੇ ਵੀ ਕੀਮਤ ’ਤੇ ਅੱਤਵਾਦੀਆਂ ਲਈ ਨਹੀਂ ਖੋਲ੍ਹਿਆ ਜਾਵੇਗਾ। ਸੈਕਟਰ-40 ਦੁਸਹਿਰਾ ਗਰਾਊਂਡ ਵਿਖੇ ਹਿਮਾਚਲ ਪ੍ਰਦੇਸ਼ ਦੀਆਂ ਸੰਸਥਾਵਾਂ ਵੱਲੋਂ ਕਰਵਾਏ ਸਮਾਗਮ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਹੱਕ ’ਚ ਪ੍ਰਚਾਰ ਕਰਨ ਆਏ ਸਨ।
ਉਨ੍ਹਾਂ ਸੰਜੇ ਟੰਡਨ ਨੂੰ ਪ੍ਰਧਾਨ ਮੰਤਰੀ ਦੇ ਨਾਮ ਦਾ ਚਿੰਨ੍ਹ ਦੱਸਦਿਆਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਸੰਜੇ ਟੰਡਨ ਦੇ ਚੋਣ ਨਿਸ਼ਾਨ ਦਾ ਤੀਜਾ ਨੰਬਰ ਹੈ। ਇਸ ਲਈ ਉਨ੍ਹਾਂ ਦੇ ਖਾਤੇ ’ਚੋਂ ਵੋਟਾਂ ਸਿੱਧੇ ਮੋਦੀ ਨੂੰ ਜਾਣਗੀਆਂ ਅਤੇ ਉਹ ਸੰਸਦ ਮੈਂਬਰ ਚੁਣੇ ਜਾਣਗੇ।ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵੱਲੋਂ ਦਿੱਤੇ ਸਮਰਥਨ ਦਾ ਹੱਥ ਜੋਡ਼ ਕੇ ਸਵਾਗਤ ਕੀਤਾ।
ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ 70 ਸਾਲਾਂ ’ਚ ਦੇਸ਼ ’ਤੇ ਅੱਤਵਾਦੀ ਹਮਲੇ ਹੋਏ ਹਨ, ਪਰ ਕਿਸੇ ਨੂੰ ਵੀ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ। ਕਾਂਗਰਸ ਸਰਕਾਰ ਵੇਲੇ ਦੇਸ਼ ਦੇ ਸਿਪਾਹੀ ਹੇਮਰਾਜ ਦਾ ਗਲਾ ਵੱਢਿਆ ਗਿਆ ਸੀ ਅਤੇ 26/11 ਦਾ ਹਮਲਾ ਵੀ ਹੋਇਆ ਸੀ। ਪਰ ਜਦੋਂ 2014 ’ਚ ਦੇਸ਼ ’ਚ ਮਜ਼ਬੂਤ ਸਰਕਾਰ ਬਣੀ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਪਾਕਿਸਤਾਨ ਦੇ ਅੱਤਵਾਦੀ ਹਮਲਿਆਂ ਦਾ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਕਰਾਰਾ ਜਵਾਬ ਦਿੱਤਾ।
ਅਨੁਰਾਗ ਠਾਕੁਰ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਐਸਸੀ-ਐਸਟੀ ਅਤੇ ਓਬੀਸੀ ਲਈ ਰਾਖਵਾਂਕਰਨ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਨਾਗਰਿਕਾਂ ਦੀ ਜਾਇਦਾਦ ’ਤੇ ਨਜ਼ਰ ਹੈ। ਕਾਂਗਰਸ ਤੁਸ਼ਟੀਕਰਨ ਦੀ ਰਾਜਨੀਤੀ ਰਾਹੀਂ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਨੂੰ ਖੋਹਣਾ ਚਾਹੁੰਦੀ ਹੈ।
ਕਾਂਗਰਸ ਦੀ ਸੋਚ ਸਨਾਤਨ ਵਿਰੋਧੀ
ਉਨ੍ਹਾਂ ਕਿਹਾ ਕਿ ਕਾਂਗਰਸ ਸਨਾਤਨ ਵਿਰੋਧੀ ਹੈ। ਹਿੰਦੂਆਂ ਦੇ ਪੂਜਨੀਕ ਦੇਵਤਾ ਭਗਵਾਨ ਸ਼੍ਰੀ ਰਾਮ ਦਾ 500 ਸਾਲਾਂ ਬਾਅਦ ਇੱਕ ਵਿਸ਼ਾਲ ਮੰਦਰ ਅਯੁੱਧਿਆ ਵਿੱਚ ਬਣਾਇਆ ਗਿਆ ਹੈ, ਪਰ ਕਾਂਗਰਸ ਇਸ ਨੂੰ ਤਾਲਾ ਲਗਾਉਣ ਅਤੇ ਬੁਲਡੋਜ਼ਰ ਦੀ ਵਰਤੋਂ ਕਰਨ ਦੀਆਂ ਧਮਕੀਆਂ ਦੇ ਰਹੀ ਹੈ। ਕੀ ਰਾਮ ਭਗਤ ਮੰਨਦੇ ਹਨ ਕਿ ਵਿਸ਼ਾਲ ਰਾਮ ਮੰਦਰ ਨੂੰ ਤਾਲਾ ਲਗਾ ਦਿੱਤਾ ਜਾਵੇ? ਇਸ ਲਈ ਸਾਨੂੰ ਕਾਂਗਰਸ ਦੀ ਸਨਾਤਨ ਵਿਰੋਧੀ ਸੋਚ ਦਾ ਮੂੰਹ ਤੋਡ਼ਵਾਂ ਜਵਾਬ ਦੇਣਾ ਪਵੇਗਾ। 1 ਜੂਨ ਨੂੰ ਅਸੀਂ ਤੀਜੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸੰਜੇ ਟੰਡਨ ਦੇ ਸਮਰਥਨ ਵਿੱਚ ਵੋਟ ਪਾਉਣੀ ਹੈ।
ਕਾਂਗਰਸ ਨੇ 62 ਵਾਰ ਸੰਵਿਧਾਨ ਬਦਲਿਆ
ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਸੰਵਿਧਾਨ ਬਦਲਣ ਦਾ ਰਾਗ ਅਲਾਪ ਰਹੀ ਹੈ, ਪਰ ਉਨ੍ਹਾਂ ਨੇ ਆਪਣੇ 50 ਸਾਲਾਂ ਦੇ ਕਾਰਜਕਾਲ ਵਿੱਚ 62 ਵਾਰ ਸੰਵਿਧਾਨ ਬਦਲਿਆ। ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਭਾਜਪਾ ਸੰਵਿਧਾਨ ਬਦਲੇਗੀ ਪਰ ਕਾਂਗਰਸ ਨੇ ਸੰਵਿਧਾਨ ਨਾਲ ਸਭ ਤੋਂ ਵੱਧ ਛੇਡ਼ਛਾਡ਼ ਕੀਤੀ ਹੈ।
ਕਾਂਗਰਸ ਸਿਰਫ ਸੰਵਿਧਾਨ ਨੂੰ ਬਦਲਣ ਦਾ ਬਹਾਨਾ ਲਗਾ ਕੇ ਜਨਤਾ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਪਰ ਜਨਤਾ ਜਾਣਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ, ਜਿਨ੍ਹਾਂ ਨੇ ਦੁਨੀਆ ’ਚ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ 11ਵੀਂ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਜਿਵੇਂ ਹੀ ਧਾਰਾ 370 ਹਟਾਈ ਗਈ, ਕਸ਼ਮੀਰ ਵਿੱਚ ਵੱਖਵਾਦ ਖ਼ਤਮ ਹੋ ਗਿਆ
ਕੇਂਦਰੀ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਿੱਚ ਤਿਰੰਗਾ ਝੰਡਾ ਲਹਿਰਾਉਣ ਦੇ ਦੋਸ਼ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਉਨ੍ਹਾਂ ਦੀ ਮੰਗ ਧਾਰਾ 370 ਹਟਾਉਣ ਦੀ ਸੀ। 5 ਅਗਸਤ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰ ਦਿੱਤਾ ਸੀ। ਇਸ ਕਾਰਨ ਕਸ਼ਮੀਰ ਵਿੱਚ ਵੱਖਵਾਦ ਖ਼ਤਮ ਹੋਇਆ ਅਤੇ ਵਿਕਾਸ ਦੇ ਨਵੇਂ ਆਯਾਮ ਵੀ ਸਥਾਪਿਤ ਹੋਏ। ਦੋ ਕਰੋਡ਼ ਸੈਲਾਨੀ ਕਸ਼ਮੀਰ ਆਏ ਹਨ। ਇੰਨਾ ਹੀ ਨਹੀਂ ਨਾਗਰਿਕਾਂ ਦੀਆਂ ਮੌਤਾਂ ’ਚ ਵੀ 81 ਫੀਸਦੀ ਦੀ ਕਮੀ ਆਈ ਹੈ।