ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਮੌੜ ਮੰਡੀ ਦੇ ਪਿੰਡ ਮੋੜ ਕਲਾ ਵਿਖੇ ਚੋਣ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵੋਟਰਾਂ ਤੇ ਵਰਕਰਾਂ ਦੇ ਵੱਡੇ ਉਤਸ਼ਾਹ ਦੀ ਬਦੌਲਤ ਇਹ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੌੜ ਹਲਕੇ ਦੇ ਨਾਲ ਉਨਾਂ ਦਾ ਪੁਰਾਣਾ ਨਾਤਾ ਹੈ ਤੇ ਇੱਥੋਂ ਦਾ ਇਕੱਲਾ ਇਕੱਲਾ ਵੋਟਰ ਤੇ ਵਰਕਰ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜਾਣਦੇ ਹਨ। ਉਹਨਾਂ ਮੌੜ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਨਾਲ ਮੇਰਾ ਇੱਕ ਵਿਸ਼ੇਸ਼ ਲਗਾਓ ਤੇ ਪ੍ਰੇਮ ਹੈ ਜਿਸਦੇ ਚਲਦੇ ਮੈਨੂੰ ਪੂਰਨ ਉਮੀਦ ਹੈ ਕਿ ਮੌੜ ਮੰਡੀ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਧ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ।
ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਜੋ ਕਿਹਾ ਹੈ, ਉਹ ਕੀਤਾ ਹੈ ਜਦੋਂ ਕਿ ਦੂਜੀਆਂ ਪਾਰਟੀਆਂ ਜੁਮਲਾ ਪਾਰਟੀਆਂ ਬਣ ਗਈਆਂ ਹਨ। ਜਿਨਾਂ ਦੇ ਵੱਲੋਂ ਚੋਣਾਂ ਮੌਕੇ ਵੋਟਰਾਂ ਨੂੰ ਠੱਗਣ ਦੇ ਲਈ ਜੁਮਲਿਆਂ ਦੇ ਰੂਪ ਦੇ ਵਿੱਚ ਝੂਠੇ ਵਾਅਦੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਮੋਦੀ ਵੱਲੋਂ ਵੋਟਰਾਂ ਦੇ ਖਾਤੇ ਵਿੱਚ 15-15 ਲੱਖ ਪਾਉਣ, ਕਾਲੇ ਧਨ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਝੂਠੇ ਵਾਅਦ ਕੀਤੇ ਗਏ ਸਨ।
ਇਸੇ ਤਰ੍ਹਾਂ ਸਵਾ ਦੋ ਸਾਲ ਪਹਿਲਾਂ ਝਾੜੂ ਪਾਰਟੀ ਵੱਲੋਂ ਵੀ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਅਤੇ ਝੂਠੇ ਬਦਲਾਵ ਦੇ ਦਾਅਵੇ ਕੀਤੇ ਗਏ ਪਰ ਇਹ ਸਰਕਾਰ ਤੋਂ ਲੋਕ ਹੁਣ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਹੀ ਪੰਜਾਬ ਤੇ ਖਾਸ ਕਰ ਕਿਸਾਨ ਵਿਰੋਧੀ ਨੀਤੀ ਬਣਾ ਕੇ ਪੰਜਾਬੀਆਂ ਦੇ ਨਾਲ ਦੁਸ਼ਮਣੀ ਭਰਿਆ ਰਵੱਈਆ ਅਪਣਾਈ ਰੱਖਿਆ ਹੈ। ਉਹਨਾਂ ਅਕਾਲੀ ਦਲ ਦੀ ਵੀ ਗੱਲ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਅੱਜ ਵੀ ਅੰਦਰੋਂ ਅੰਦਰ ਹੀ ਇੱਕੋ ਹਨ।