ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਾਸ ਕੰਟਰੀ ਦੌੜ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ 750 ਤੋਂ ਵੱਧ ਵਿਦਿਆਰਥੀਆਂ ਨੇ ਇਸ ਗਤੀਵਿਧੀ ਦਾ ਹਿੱਸਾ ਬਣਦਿਆਂ ਖੇਡਾਂ, ਅਨੁਸ਼ਾਸਨ, ਲਗਨ, ਖੇਡ ਭਾਵਨਾ ਅਤੇ ਟੀਮ ਵਰਕ ਦੀਆਂ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕਤਾ ਦਾ ਹੋਕਾ ਦਿੱਤਾ। ਲੜਕਿਆਂ ਦੇ ਵਰਗ ਵਿੱਚ 4.2 ਕਿਲੋਮੀਟਰ ਕਰਾਸ ਕੰਟਰੀ ਦੌੜ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰਾਹੁਲ ਨੇ ਪਹਿਲਾ ਸਥਾਨ ਜਦਕਿ ਨਿਖਿਲ ਅਤੇ ਭੂਪੇਂਦਰ ਨੇ ਦੂਜਾ ਸਥਾਨ ਹਾਸਲ ਕੀਤਾ।
ਲੜਕੀਆਂ ਦੇ ਵਰਗ ਵਿੱਚ ਦੌੜ ਦੀ ਦੂਰੀ 3.4 ਕਿਲੋਮੀਟਰ ਰਹੀ, ਜਿਸ ਵਿੱਚ ਕਿਰਨ ਨੇ ਪਹਿਲਾ, ਮੁਕਤਾ ਅਤੇ ਕੁਸ਼ਾਲੀ ਨੇ ਦੂਜਾ ਸਥਾਨ ਹਾਸਲ ਕੀਤਾ।'ਵਰਸਿਟੀ ਵਿਖੇ ਸੋਮਵਾਰ ਸਵੇਰ ਸਟਾਫ਼ ਮੈਂਬਰਾਂ ਲਈ ਵਾਕਾਥੌਨ ਦਾ ਆਯੋਜਨ ਵੀ ਕੀਤਾ ਗਿਆ। ਰਾਸ਼ਟਰੀ ਖੇਡ ਦਿਵਸ ਹਰ ਸਾਲ 29 ਅਗਸਤ ਨੂੰ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।