ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਵਰਖਾ ਕਾਰਨ ਦਰਿਆ ਬਿਆਸ ਕਿਨਾਰੇ ਪ੍ਰਭਾਵਿਤ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਮੌਕੇ ਉਤੇ ਪੁੱਜੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨੁਕਸਾਨੀ ਗਈ ਫਸਲ ਦੀ ਗਿਰਦਵਾਰੀ ਕਰਨ ਤਾਂ ਜੋ ਸਰਕਾਰ ਕੋਲੋਂ ਇੰਨਾਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ।
ਇਸ ਮੌਕੇ ਉਨਾਂ ਨਾਲ ਹਾਜ਼ਰ ਵਿਧਾਇਕ ਸ. ਮਨਜਿੰਦਰ ਸਿੰਘ ਲਾਲਪੁਰਾ ਨੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਦਰਿਆ ਕਿਨਾਰੇ ਵਸੇ ਪਿੰਡ ਘੜਕਾ, ਗੁਜਰਪੁਰਾ, ਮੁੰਡਾ ਪਿੰਡ, ਧੁੰਨ ਢਾਏ ਵਾਲਾ, ਭੈਲ ਆਦਿ ਦੇ ਖੇਤ, ਜੋ ਕਿ ਬਿਆਸ ਦਰਿਆ ਦੇ ਪਾਣੀ ਕਾਰਨ ਡੁੱਬੇ ਹਨ, ਮੌਕੇ ਉਤੇ ਜਾ ਕੇ ਵਿਖਾਏ। ਉਨਾਂ ਕਿਹਾ ਕਿ ਇਸ ਇਲਾਕੇ ਦਾ ਕਿਸਾਨ ਹਰ ਸਾਲ ਇਹ ਸੰਤਾਪ ਭੋਗਦਾ ਹੈ, ਕਿਉਂਕਿ ਦਰਿਆ ਦਾ ਬੰਨ ਨਾ ਹੋਣ ਕਾਰਨ ਪਾਣੀ ਵੱਧਣ ਉਤੇ ਖੇਤਾਂ ਵਿਚ ਆ ਜਾਂਦਾ ਹੈ।
ਉਨਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮਸਲੇ ਦਾ ਕੋਈ ਪੱਕਾ ਹੱਲ ਦੇਣ, ਜਿਸ ਨਾਲ ਇਸ ਇਲਾਕੇ ਦਾ ਹਰ ਸਾਲ ਹੁੰਦਾ ਨੁਕਸਾਨ ਟਲ ਸਕੇ। ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਜਦੋਂ ਦਰਿਆ ਬਿਆਸ ਦਾ ਪਾਣੀ 20000 ਕਿਊਸਕ ਨੂੰ ਪਾਰ ਕਰ ਜਾਂਦਾ ਹੈ ਤਾਂ ਇਸ ਇਲਾਕੇ ਦੀਆਂ ਫਸਲਾਂ ਵਿਚ ਪਾਣੀ ਆ ਜਾਂਦਾ ਹੈ, ਕਿਉਂਕਿ ਖੇਤ ਦਰਿਆ ਦੇ ਵਹਿਣ ਤੋਂ ਜ਼ਿਆਦਾ ਉਚੇ ਨਹੀਂ।
ਉਨਾਂ ਦੱਸਿਆ ਕਿ ਬੀਤੇ ਦਿਨਾਂ ਵਿਚ ਇਥੋਂ 60 ਤੋਂ 70 ਹਜ਼ਾਰ ਕਿਊਸਿਕ ਪਾਣੀ ਲੰਘਿਆ ਹੈ ਅਤੇ ਇਸ ਵੇਲੇ ਵੀ ਪਾਣੀ ਦਾ ਪੱਧਰ ਕਰੀਬ 33000 ਕਿਊਸਿਕ ਹੈ। ਉਨਾਂ ਦੱਸਿਆ ਕਿ ਜਦੋਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਵਰਖਾ ਹੁੰਦੀ ਹੈ ਤਾਂ ਪੌਗ ਡੈਮ ਵਿਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਅਤੇ ਇਥੋਂ ਛੱਡੇ ਗਏ ਪਾਣੀ ਨਾਲ ਹੀ ਬਿਆਸ ਦਰਿਆ ਵਿਚ ਪਾਣੀ ਵੱਧਦਾ ਹੈ, ਜੋ ਕਿ ਇਸ ਇਲਾਕੇ ਦਾ ਨੁਕਸਾਨ ਕਰਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਹਿਮਾਚਲ ਪ੍ਰਦੇਸ਼ ਵਿਚ ਮੀਂਹ ਰੁਕਿਆ ਹੈ, ਜਿਸ ਨਾਲ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਘੱਟ ਹੋਇਆ ਹੈ। ਇਸ ਮੌਕੇ ਉਨਾਂ ਨਾਲ ਐਸ ਡੀ ਐਮ ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ, ਐਸ ਡੀ ਓ ਸ੍ਰੀ ਮਨਪ੍ਰੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।