1971 ਦੀ ਭਾਰਤ ਪਾਕਿ ਜੰਗ ਵਿਚ ਜਿੱਤ ਦੇ 50 ਸਾਲ ਪੂਰੇ ਹੋਣ ਤੇ ਭਾਰਤੀ ਫੌਜ ਵੱਲੋਂ ਵਿਜੈ ਮਸਾਲ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਲਿਜਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲੇ ਵਿਚ ਪੁੱਜੀ ਵਿਜੈ ਮਸ਼ਾਲ ਅੱਜ ਸ਼ਹੀਦਾਂ ਦੀ ਸਮਾਧੀ ਆਸਫਵਾਲਾ ਵਿਖੇ ਪੁੱਜੀ ਜਿੱਥੇ ਅੱਜ 1971 ਦੀ ਜੰਗ ਵਿਚ ਦੇਸ਼ ਦੀ ਰੱਖਿਆ ਕਰਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਸ਼ਹੀਦਾਂ ਦੀ ਸਮਾਧੀ ਆਸਫਵਾਲਾ 1971 ਦੇ ਸ਼ਹੀਦਾਂ ਦੀ ਯਾਦ ਵਿਚ ਬਣਿਆ ਸ਼ਹੀਦੀ ਸਮਾਰਕ ਹੈ ਜਿਸ ਦੀ ਸੰਭਾਲ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਸਿਵਲ ਪ੍ਰਸ਼ਾਸਨ ਅਤੇ ਫੌਜ ਦੀ ਮਦਦ ਨਾਲ ਕੀਤੀ ਜਾਂਦੀ ਹੈ। ਇੱਥੇ ਤਾਇਨਾਤ ਫੌਜ ਨੇ 1971 ਵਿਚ ਦੁਸਮਣ ਤੋਂ ਫਾਜ਼ਿਲਕਾ ਦੀ ਰੱਖਿਆ ਕੀਤੀ ਸੀ ਇਸੇ ਲਈ ਉਨਾਂ ਨੂੰ ਫਾਜ਼ਿਲਕਾ ਦੇ ਰਾਖੇ ਕਿਹਾ ਜਾਂਦਾ ਹੈ।ਇਸ ਮੌਕੇ ਫੌਜ ਦੇ ਉੱਚ ਅਧਿਕਾਰੀਆਂ ਤੋਂ ਬਿਨਾਂ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਦਵਿੰਦਰ ਸਿੰਘ ਘੁਬਾਇਆ, ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ, ਸ੍ਰੀ ਵੀਪੀ ਬਡੋਲਾ ਡੀਆਈਜੀ ਬੀਐਸਐਫ, ਸ਼ਹੀਦਾਂ ਦੀ ਸਮਾਧੀ ਕਮੇਟੀ ਤੋਂ ਸ੍ਰੀ ਕਰਨ ਗਿਲਹੋਤਰਾ ਨੇ ਸਮਾਧੀ ਤੇ ਪੁਸਪਾਂਜਲੀ ਅਰਪਿਤ ਕੀਤੀ।ਇਸ ਮੌਕੇ ਵਿਧਾਹਿਕ ਸ: ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਸਾਡੀਆਂ ਸਰਹੱਦਾਂ ਸੁਰੱਖਿਅਤ ਹਨ। ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਨੂੰ ਆਪਣੀਆਂ ਫੌਜਾਂ ਤੇ ਮਾਣ ਹੈ। ਉਨਾਂ ਨੇ ਕਿਹਾ ਕਿ ਦੇਸ਼ ਲਈ ਜਿੰਨਾਂ ਨੇ ਕੁਰਬਾਨੀ ਦਿੱਤੀ ਹੈ ਅਸੀਂ ਉਨਾਂ ਨੂੰ ਹਮੇਸਾ ਨਮਨ ਕਰਦੇ ਰਹਾਂਗੇ। ਸ੍ਰੀ ਕਰਨ ਗਿਲਹੋਤਰਾ ਨੇ ਕਿਹਾ ਕਿ ਵਿਜੇ ਮਸ਼ਾਲ ਦੇ ਇੱਥੇ ਪੁੱਜਣ ਨਾਲ ਨੌਜਵਾਨਾਂ ਵਿਚ ਦੇਸ਼ ਪਿਆਰ ਦੀ ਭਾਵਨਾ ਹੋਰ ਵਧੇਗੀ।ਇਸ ਮੌਕੇ ਸ਼ਹੀਦਾਂ ਦੀ ਸਮਾਧ ਕਮੇਟੀ ਤੋਂ ਬੀਐਲ ਸਿੱਕਾ, ਰਵੀ ਨਾਗਪਾਲ, ਪਵਨ ਭਠੇਜਾ, ਸੁਰਿੰਦਰ ਠਕਰਾਲ, ਬਲਦੇਵ ਧੂੜੀਆਂ, ਅਸੋਕ ਗੁਲਬੱਦਰ, ਮਨੀਸ਼ ਕਟਾਰੀਆ, ਵਿਨੋਦ ਗੁਪਤਾ, ਪ੍ਰਫੁਲ ਨਾਗਪਾਲ ਵੀ ਹਾਜਰ ਸਨ।