5 Dariya News

ਸਿੱਖ ਧਰਮ ਨਾਲ ਜੁੜੇ ਵੱਖ ਵੱਖ ਸੰਪ੍ਰਦਾਵਾਂ ਦਾ ਵਿਸ਼ਾਲ ਇਕੱਠ 10 ਅਕਤੂਬਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਵੇਗਾ

5 Dariya News

ਸ੍ਰੀ ਅਨੰਦਪੁਰ ਸਾਹਿਬ 24-Aug-2019

ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਧਰਮ ਨਾਲ ਸਬੰਧਤ ਵੱਖ ਵੱਖ ਸੰਪ੍ਰਦਾਵਾਂ ਜਿੰਨ੍ਹਾਂ ਵਿੱਚ ਵਿਸ਼ੇਸ਼ ਕਰਕੇ ਸਿਕਲੀਗਰ ਵਣਜਾਰੇ, ਨਿਰਮਲ ਸੰਪ੍ਰਦਾਵਾਂ, ਉਦਾਸੀਨ ਸੰਪ੍ਰਦਾਵਾਂ, ਸਿੰਧੀ, ਸੇਵਾ ਪੰਥੀ, ਸਤਨਾਮੀ, ਅਸਾਮੀ, ਅਫਗਾਨੀ, ਖੋਸਤੀ, ਮਰਦਾਨੇਕੇ, ਲਾਮੇ, ਦੱਖਣੀ ਸਿੱਖ ਅਤੇ ਹੋਰ ਸੰਪ੍ਰਦਾਵਾਂ ਦਾ ਇੱਕ ਵਿਸ਼ਾਲ ਇਕੱਠ 10 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤਾ ਜਾਵੇਗਾ।ਇਹ ਵਿਚਾਰ ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾਲ 10 ਅਕਤੂਬਰ ਨੂੰ ਕਰਵਾਏ ਜਾ ਰਹੇ ਵੱਖ ਵੱਖ ਸੰਪ੍ਰਦਾਵਾਂ ਸਬੰਧੀ ਹੋਈ ਮੀਟਿੰਗ ਵਿੱਚ ਬੋਲਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 550 ਸਾਲ ਸ਼ਤਾਬਦੀ ਮੌਕੇ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਇੱਕ ਝੰਡੇ ਥੱਲੇ ਇਕੱਤਰ ਕਰਨ ਦੇ ਵੱਡੇ ਉਪਰਾਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਹੋ ਰਹੇ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਵਿੱਚ ਪੰਥ ਨਾਲੋਂ ਵਿਛੜੇ ਵੱਖ ਵੱਖ ਸੰਪ੍ਰਦਾਵਾਂ ਅਤੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉਨ੍ਹਾਂ ਦਾ ਇਤਿਹਾਸ ਦੇ ਨਾਲ ਨਾਲ ਉਨ੍ਹਾਂ ਕੋਲ ਪਈਆਂ ਗੁਰੂ ਸਾਹਿਬ ਨਾਲ ਸਬੰਧਤ ਵਸਤਾਂ ਅਤੇ ਕੋਈ ਹੱਥ ਲਿਖਤ ਕਿਤਾਬਾਂ ਆਦਿ ਇਕੱਤਰ ਕਰਨ ਦਾ ਯਤਨ ਕੀਤਾ ਜਾਵੇ।ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਨੇ ਕਿਹਾ ਕਿ ਸਿੱਖ ਪੰਥ ਇੱਕ ਬੋਹੜ ਦੀ ਨਿਆਈਂ ਹੈ ਜਿਸ ਵਿੱਚ ਕਈ ਸੰਪ੍ਰਦਾਵਾਂ ਇਸ ਦੇ ਮਹੱਤਵਪੂਰਨ ਅੰਗ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੱਖ ਪੰਥ ਨਾਲੋਂ ਵਿਛੜੇ ਇਨ੍ਹਾਂ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਮੌਕੇ ਇੱਕਮੁੱਠ ਕੀਤਾ ਜਾਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਹੀ ਇਨ੍ਹਾਂ ਸੰਪ੍ਰਦਾਵਾਂ ਸਬੰਧੀ ਫਿਕਰਮੰਦ ਰਹੀ ਹੈ ਅਤੇ ਇਨ੍ਹਾਂ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਮੇਂ ਤੇ ਕਈ ਪ੍ਰੋਗਰਾਮ ਉਲੀਕੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸ਼ਤਾਬਦੀ ਸਮਾਰੋਹ ਵਿੱਚ ਇਨ੍ਹਾਂ ਪੰਥ ਦੇ ਅਨਿੱਖੜਵੇਂ ਅੰਗ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਪ੍ਰਿੰਸੀਪਲ ਸੁਰਿੰਦਰ ਸਿੰਘ, ਪਰਮਜੀਤ ਸਿੰਘ ਬਰਨਾਲਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇੰਦਰਪਾਲ ਸਿੰਘ ਚੱਡਾ, ਪਰਮਜੀਤ ਸਿੰਘ ਸਰੋਆ, ਭਾਈ ਅਮਰੀਕ ਸਿੰਘ ਲਤੀਫਪੁਰ, ਮੈਨੇਜਰ ਜਸਵੀਰ ਸਿੰਘ, ਜੋਗਾ ਸਿੰਘ ਸੁਪਰਵਾਈਜਰ, ਜਸਵਿੰਦਰ ਸਿੰਘ ਇੰਟਰਨਲ ਆਡੀਟਰ, ਸੰਦੀਪ ਸਿੰਘ ਕਲੌਤਾ, ਐਡਵੋਕੇਟ ਹਰਦੇਵ ਸਿੰਘ, ਸਤਨਾਮ ਸਿੰਘ ਝੱਜ ਅਤੇ ਲਵਪ੍ਰੀਤ ਸਿੰਘ ਪ੍ਰਚਾਰਕ ਹਾਜਰ ਸਨ।