5 Dariya News

ਪਿ੍ਰਯੰਕਾ ਗਾਂਧੀ ਨੇ ਬੇਅਦਬੀ ਅਤੇ ਮਾਫੀਏ ਦੇ ਮੁੱਦੇ ’ਤੇ ਅਕਾਲੀਆਂ ਨੂੰ ਰਗੜੇ ਲਾਏ, ਮੋਦੀ ਦੇ ਝੂਠ ’ਤੇ ਚੋਟ ਕੀਤੀ

ਪ੍ਰਧਾਨ ਮੰਤਰੀ ਦੀ ‘ਬੱਦਲ ਰਡਾਰ’ ਵਾਲੀ ਟਿੱਪਣੀ ’ਤੇ ਚੁਟਕੀ ਲਈ, ਮੋਦੀ ਦਾ ਝੂਠ ਲੋਕਾਂ ਦੇ ਰਡਾਰ ’ਤੇ ਆਇਆ

5 Dariya News

ਬਠਿੰਡਾ 14-May-2019

ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਇਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਕਰਦੇ ਹੋਏ ਸੂਬਾ, ਦੇਸ਼ ਅਤੇ ਇੱਥੋਂ ਦੇ ਬੱਚਿਆਂ ਦੇ ਭਵਿੱਖ ਦੇ ਹਿੱਤ ਵਿੱਚ ਲੋਕਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਇਨਾਂ ਪਾਰਟੀਆਂ ਨੂੰ ਤਕੜੀ ਹਾਰ ਦਾ ਸੱਦਾ ਦਿੱਤਾ ਹੈ। ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਪਹਿਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਿ੍ਰਯੰਕਾ ਗਾਂਧੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਬਕ ਸਿਖਾਉਣ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ। ਆਪਣੇ ਸਿਆਸੀ ਹਿੱਤਾਂ ਲਈ ਲੋਕਾਂ ਨਾਲ ਧੋਖਾ ਕਰਨ ਅਤੇ ਘਿਨਾਉਣੇ ਝੂਠ ਬੋਲਣ ਲਈ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਪਿ੍ਰਯੰਕਾ ਗਾਂਧੀ ਨੇ ਅਕਾਲੀਆਂ ਦੇ ਸ਼ਾਸਨ ਦੌਰਾਨ ਮਾਫੀਆ ਰਾਜ ਅਤੇ ਬੇਅਦਬੀ ਦੇ ਮੁੱਦਿਆਂ ’ਤੇ ਵੀ ਅਕਾਲੀਆਂ ਨੂੰ ਘੇਰਿਆ। ਪਿ੍ਰਯੰਕਾ ਗਾਂਧੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਨ ਜਿਨਾਂ ਨੇ ਭਾਰਤ ਦੇ ਭਵਿੱਖ ਲਈ ਚੋਣ ਜੰਗ ਦੌਰਾਨ ਲੋਕਾਂ ਨੂੰ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਅਤੇ ਉਨਾਂ ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਉਸ ਦੇ ਘੁਮੰਡ ਦੇ ਲਈ ਸਬਕ ਸਿਖਾਉਣ ਦਾ ਸੱਦਾ ਦਿੱਤਾ। ਬੀਤੇ ਦਿਨ ਇਸੇ ਸਥਾਨ ’ਤੇ ਬਠਿੰਡਾ ਵਿਖੇ ਹੋਈ ਮੋਦੀ ਦੀ ਰੈਲੀ ਦੌਰਾਨ ਮਾਮੂਲੀ ਇਕੱਠ ਦਾ ਜ਼ਿਕਰ ਕਰਦੇ ਹੋਏ ਪਿ੍ਰਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਝੂਠੇ ਵਾਅਦਿਆਂ ਲਈ ਉਸ ਨੂੰ ਸਖ਼ਤ ਸਬਕ ਸਿਖਾਉਣ ਦਾ ਲੋਕਾਂ ਨੂੰ ਸੱਦਾ ਦਿੱਤਾ। ‘ਬੱਦਲਾਂ ਵਿੱਚ ਰਡਾਰ’ ਸਬੰਧੀ ਮੋਦੀ ਦੇ ਬਿਆਨ ’ਤੇ ਚੁਟਕੀ ਲੈਂਦਿਆਂ ਪਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਚਾਈ ਲੋਕਾਂ ਦੇ ਰਡਾਰ ’ਤੇ ਆ ਗਈ ਹੈ ਅਤੇ ਹੁਣ ਉਸ ਦੇ ਲਈ ਸਮਾਂ ਆ ਗਿਆ ਹੈ ਕਿ ਉਹ ਆਪਣੇ ਪੂਰੇ ਨਾ ਕੀਤੇ ਗਏ ਵਾਅਦਿਆਂ ਨੂੰ ਰਡਾਰ ’ਤੇ ਲੈ ਕੇ ਆਵੇ। ਮੋਦੀ ਦੀ ਕੱਲ ਦੀ ਰੈਲੀ ਦੇ ਮੁਕਾਬਲੇ ਅੱਜ ਦੀ ਦੁੱਗਣੀ ਵੱਡੀ ਰੈਲੀ ਵਿੱਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਉਸ ਦਾ ਪਤੀ ਪੰਜਾਬੀ ਹੈ। ਉਹ ਇੱਥੇ ਅਤੇ ਇੱਥੋਂ ਦੇ ਲੋਕਾਂ ਵਿੱਚ ਆ ਕੇ ਘਰ ਵਰਗਾ ਮਹਿਸੂਸ ਕਰ ਰਹੀ ਹੈ। ਪਿ੍ਰਯੰਕਾ ਨੇ ਪੰਜਾਬੀਆਂ ਦੀ ਬਹਾਦਰੀ ਅਤੇ ਉਨਾਂ ਦੀ ਹਰ ਹਾਲਤ ਵਿੱਚ ਚੜਦੀ ਕਲਾ ’ਚ ਰਹਿਣ ਦੀ ਸਮਰਥਾ ਦੀ ਸ਼ਲਾਘਾ ਕੀਤੀ। ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢਣ ਅਤੇ ਪੀੜੀਆਂ ਨੂੰ ਤਬਾਹ ਕਰਨ ਲਈ ਭਾਜਪਾ ਦੀ ਭਾਈਵਾਲ ਅਕਾਲੀਆਂ ’ਤੇ ਤਿੱਖਾ ਹਮਲਾ ਕਰਦਿਆਂ ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਉਨਾਂ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਨੂੰ ਨਸ਼ਿਆਂ, ਸ਼ਰਾਬ, ਰੇਤ ਅਤੇ ਟਰਾਂਸਪੋਰਟ ਮਾਫੀਏ ਦੇ ਹਵਾਲੇ ਕਰੀ ਰੱਖਿਆ। ਭਾਜਪਾ ਅਤੇ ਅਕਾਲੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਨਾਲ ਤਬਾਹ ਕੀਤਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਨੇ ਵਿਧਾਨ ਸਭਾ ਤੋਂ ਪਹਿਲਾਂ ਨਸ਼ਿਆਂ ਦਾ ਮੁੱਦਾ ਉਠਾਇਆ ਸੀ ਤਾਂ ਉਨਾਂ ਦੀ ਖਿੱਲੀ ਉਡਾਈ ਗਈ ਜੋ ਬਾਅਦ ਵਿੱਚ ਪੂਰੀ ਤਰਾਂ ਸਾਹਮਣੇ ਆ ਗਈ।

ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਨਾਂ ਨੇ ਪੰਜਾਬ ਦੀ ਆਤਮਾ ਨੂੰ ਵੀ ਡੂੰਘੀ ਸੱਟ ਮਾਰੀ। ਉਨਾਂ ਕਿਹਾ ਕਿ ਇਹ ਅਪਰਾਧ ਅਕਾਲੀਆਂ ਨੇ ਕੀਤਾ ਹੈ। ਉਨਾਂ ਕਿਹਾ ਕਿ ਬਾਬਾ ਨਾਨਕ ਨੇ ਹਮੇਸ਼ਾ ‘ਤੇਰਾ ਤੇਰਾ’ ਆਖਿਆ ਜਦਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ‘ਮੇਰਾ ਮੇਰਾ’ ਆਖਿਆ। ਉਨਾਂ ਕਿਹਾ ਕਿ ਜਦੋਂ ਪੰਜਾਬ, ਭਾਰਤ ਦੀ ਆਜ਼ਾਦੀ ਲਈ ਲੜ ਰਿਹਾ ਸੀ ਉਸ ਸਮੇਂ ਆਰ.ਐਸ.ਐਸ. ਵਾਲੇ ਆਪਣੀਆਂ ਜਾਨਾਂ ਬਚਾਉਣ ਲਈ ਅੰਗਰੇਜ਼ਾਂ ਅੱਗੇ ਹਾੜੇ ਕੱਢ ਰਹੇ ਸਨ। ਮੋਦੀ ਦੇ ਕੋਰੇ ਝੂਠ ਅਤੇ ਫਰੇਬ ’ਤੇ ਨਿਸ਼ਾਨਾ ਸਾਧਦਿਆਂ ਪਿ੍ਰਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀਆਂ ਦੀਆਂ ਗੱਲਾਂ ਸੁਣ ਕੇ ਵਿਅਕਤੀ ਇਕ ਵਾਰ ਤਾਂ ਇੰਜ ਸੋਚਦਾ ਹੈ ਕਿ ਮੁਲਕ ਵਿੱਚ ਵਿਕਾਸ ਸਿਰਫ ਪਿਛਲੇ ਸਾਲਾਂ ਵਿੱਚ ਹੀ ਹੋਇਆ ਹੋਵੇ। ਬਠਿੰਡਾ ਦੀ ਸਭ ਤੋਂ ਵੱਡੀ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਇਸ ਇਲਾਕੇ ਵਿੱਚ ਉਦਯੋਗਿਕ ਅਤੇ ਖੇਤੀਬਾੜੀ ਦੇ ਵਿਕਾਸ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੋਇਆ ਹੈ। ਉਨਾਂ ਦੱਸਿਆ ਕਿ ਬਠਿੰਡਾ ਨਾ ਸਿਰਫ ਵੱਡਾ ਉਦਯੋਗਿਕ ਕੇਂਦਰ ਹੈ ਸਗੋਂ ਇੱਥੇ ਕਪਾਹ ਅਤੇ ਕਣਕ ਦੀਆਂ ਵੱਡੀਆਂ ਮੰਡੀਆਂ ਦੇ ਢਾਂਚੇ ਤੋਂ ਇਲਾਵਾ ਪੂਰੀ ਤਰਾਂ ਵਿਕਸਤ ਡੇਅਰੀ ਸੈਕਟਰ ਅਤੇ ਫੌਜੀ ਛਾਉਣ ਵੀ ਹੈ ਅਤੇ ਇਹ ਸਭ ਕੁਝ ਮੋਦੀ ਤੋਂ ਪਹਿਲਾਂ 70 ਸਾਲਾਂ ਵਿੱਚ ਸਥਾਪਤ ਹੋਇਆ ਹੈ। ਮੋਦੀ ਦੇ ਨਾਕਾਮ ਸਿੱਧੇ ਹੋਏ ਵਾਅਦਿਆਂ ਦੀ ਲੰਮੀ ਸੂਚੀ ਨੂੰ ਫਰੋਲਦਿਆਂ ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਸ਼ਾਸਨਕਾਲ ਦੌਰਾਨ ਕਿਸੇ ਵੀ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਆਉਣ ਦਾ ਵਾਅਦਾ ਵਫ਼ਾ ਨਹੀਂ ਹੋਇਆ, ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਅਤੇ ਨਾ ਹੀ ਮਹਿੰਗਾਈ ਨੂੰ ਨੱਥ ਪਈ। ਉਨਾਂ ਕਿਹਾ ਕਿ ਇਕ ਸਾਲ ਵਿੱਚ ਰੁਜ਼ਗਾਰ ਦੇ 2 ਕਰੋੜ ਮੌਕੇ ਪੈਦਾ ਕਰਨ ਦੇ ਵਾਅਦੇ ਵੀ ਝੂਠੇ ਸਾਬਤ ਹੋਏ ਅਤੇ ਉਲਟਾ ਸਰਕਾਰ ਨੇ ਰੁਜ਼ਗਾਰ ਦੇ 5 ਕਰੋੜ ਮੌਕੇ ਘਟਾ ਦਿੱਤੇ। ਉਨਾਂ ਕਿਹਾ ਕਿ 24 ਲੱਖ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ ਅਤੇ ਨੋਟਬੰਦੀ ਨਾਲ ਹੀ 50 ਲੱਖ ਨੌਕਰੀਆਂ ਜਾਂਦੀਆਂ ਰਹੀਆਂ।ਪਿ੍ਰਯੰਕਾ ਨੇ ਕਿਹਾ ਕਿ ਮੋਦੀ ਸਰਕਾਰ ਦੌਰਾਨ ਕਰਜ਼ੇ ’ਚ ਡੁੱਬੇ 12000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਅਤੇ ਕਿਸਾਨਾਂ ਨੂੰ ਨਾ ਤਾਂ ਉਨਾਂ ਦੀਆਂ ਫਸਲਾਂ ਦਾ ਲਾਹੇਵੰਦ ਭਾਅ ਦਿੱਤਾ ਗਿਆ ਅਤੇ ਨਾ ਹੀ ਢੁਕਵੇਂ ਬੀਜ ਤੇ ਹੋਰ ਸਹੂਲਤਾਂ ਦਿੱਤੀਆਂ ਹਨ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੁਲਕ ਭਰ ਤੋਂ ਦਿੱਲੀ ’ਚ ਆਪਣੀ ਆਵਾਜ਼ ਬੁਲੰਦ ਕਰਨ ਲਈ ਆਉਣ ਵਾਲੇ ਕਿਸਾਨਾਂ ਦੀਆਂ ਦੁੱਖ-ਤਕਲੀਫਾਂ ਸੁਣਨ ਲਈ ਕਦੇ ਵੀ ਪੰਜ ਮਿੰਟ ਤੱਕ ਦਾ ਸਮਾਂ ਨਹੀਂ ਕੱਢਿਆ। 

ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਪ੍ਰਧਾਨ ਮੰਤਰੀ ਕੋਲ ਅੱਧੀ ਦੁਨੀਆ ਘੰੁਮਣ-ਫਿਰਨ, ਅਮਰੀਕਾ ਵਿੱਚ ਓਬਾਮਾ ਨੂੰ ਜੱਫੀ ਪਾਉਣ, ਜਪਾਨ ਵਿੱਚ ਡਰੱਮ ਵਜਾਉਣ ਅਤੇ ਪਾਕਿਸਤਾਨ ਵਿੱਚ ਬਰਿਆਨੀ ਖਾਣ ਦਾ ਸਮਾਂ ਸੀ ਪਰ ਆਪਣੇ ਹਲਕੇ ਵਿੱਚ ਇਕ ਵੀ ਵਿਅਕਤੀ ਨੂੰ ਮਿਲਣ ਦਾ ਵਕਤ ਨਹੀਂ ਕੱਢਿਆ। ਨੋਟਬੰਦੀ ਅਤੇ ਜੀ.ਐਸ.ਟੀ. ’ਤੇ ਮੋਦੀ ਸਰਕਾਰ ਉਪਰ ਹਮਲਾ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਇਨਾਂ ਦੋਵਾਂ ਕਦਮਾਂ ਨਾਲ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਅਤੇ ਕਾਰੋਬਾਰ ਦਾ ਭੱਠਾ ਬਿਠਾ ਕੇ ਰੱਖ ਦਿੱਤਾ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਨੋਟਬੰਦੀ ਦੌਰਾਨ ਨਾ ਤਾਂ ਕਦੇ ਕੋਈ ਭਾਜਪਾ ਆਗੂ ਅਤੇ ਨਾ ਕੋਈ ਅਮੀਰ ਉਦਯੋਗਪਤੀ ਕਤਾਰ ਵਿੱਚ ਲੱਗਾ ਪਰ ਜਦੋਂ ਰਾਹੁਲ ਗਾਂਧੀ ਕਤਾਰ ਵਿੱਚ ਲੱਗੇ ਤਾਂ ਭਾਜਪਾ ਨੇ ਉਨਾਂ ਦਾ ਮਖੌਲ ਉਡਾਇਆ ਸੀ। ਉਨਾਂ ਕਿਹਾ ਕਿ ਮੋਦੀ ਅਤੇ ਭਾਜਪਾ ਵਾਂਗ ਕਾਂਗਰਸ ਵੋਟਾਂ ਦੀ ਸਿਆਸਤ ਨਹੀਂ ਕਰਦੀ ਸਗੋਂ ਸਚਾਈ ਦੀ ਸਿਆਸਤ ਵਿੱਚ ਵਿਸ਼ਵਾਸ ਰੱਖਦੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਸਮੱਸਿਆਵਾਂ ਨੂੰ ਲੁਕਾਉਂਦੀ ਨਹੀਂ ਸਗੋਂ ਇਨਾਂ ਨੂੰ ਜੜੋਂ ਖਤਮ ਕਰਦੀ ਹੈ।ਪਿ੍ਰਯੰਕਾ ਨੇ ਲੋਕਾਂ ਨੂੰ ਕਾਂਗਰਸ ਦਾ ਚੋਣ ਮਨੋਰਥ ਪੱਤਰ ਪੜਨ ਦੀ ਅਪੀਲ ਕੀਤੀ ਜੋ ਰਾਹੁਲ ਗਾਂਧੀ ਦੀਆਂ ਹਦਾਇਤਾਂ ’ਤੇ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਲੋਕਾਂ ਵਿੱਚ ਜਾ ਕੇ ਇਕ ਸਾਲ ਦੀ ਲੰਮੀ ਖੋਜ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਉਨਾਂ ਨੇ ਗਰੀਬਾਂ ਲਈ ਨਿਆਏ, ਨੌਜਵਾਨਾਂ ਲਈ ਨੌਕਰੀਆਂ, ਕਿਸਾਨਾਂ ਲਈ ਵੱਖਰਾ ਬਜਟ ਤੇ ਹੋਰ ਸਹੂਲਤਾਂ, ਚੁਣੀਆਂ ਹੋਈਆਂ ਸੰਸਥਾਵਾਂ ਵਿੱਚ ਮਹਿਲਾਵਾਂ ਲਈ 35 ਫੀਸਦੀ ਰਾਖਵਾਂਕਰਨ ਅਤੇ ਜੀ.ਐਸ.ਟੀ. ਦੀ ਇਕ ਦਰ ਸਮੇਤ ਪਾਰਟੀ ਦੇ ਵਾਅਦਿਆਂ ਦਾ ਜ਼ਿਕਰ ਕੀਤਾ।ਲੋਕਾਂ ਨੂੰ ਜਮਹੂਰੀਅਤ ਦੀ ਸਭ ਤੋਂ ਵੱਡੀ ਸ਼ਕਤੀ ਦੱਸਦਿਆਂ ਪਿ੍ਰਯੰਕਾ ਨੇ ਆਪਣੀ ਵੋਟ ਸੋਚ ਸਮਝ ਕੇ ਪਾਉਣ ਦੀ ਅਪੀਲ ਕੀਤੀ। ਉਨਾਂ ਨੇ ਲੋਕਾਂ ਨੂੰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ,‘‘ਤਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੱਤਾ ਦੀ ਵਾਗਡੋਰ ਅਜਿਹੀਆਂ ਤਾਕਤਾਂ ਦੀ ਬਜਾਏ ਤੁਹਾਡੇ ਹੱਥਾਂ ਵਿੱਚ ਮਹਿਫੂਜ਼ ਰਹੇ।’’ਇਨਾਂ ਲੋਕ ਸਭਾ ਚੋਣਾਂ ਨੂੰ ਮੁਲਕ ਅਤੇ ਉਸ ਦੇ ਜਮਹੂਰੀ ਢਾਂਚੇ ਲਈ ਬਹੁਤ ਮਹੱਤਵਪੂਰਨ ਦੱਸਦਿਆਂ ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਇਹ ਚੋਣਾਂ ਇਕ ਅਜਿਹੀ ਸਰਕਾਰ ਨੂੰ ਜੜੋਂ ਉਖਾੜਨ੍ਈ ਹਨ ਜੋ ਨਾ ਸਿਰਫ ਲੋਕਾਂ ਦੀ ਗੱਲ ਸੁਣਨ ਤੋਂ ਭੱਜਦੀ ਹੈ ਸਗੋਂ ਉਨਾਂ ਦੀ ਆਵਾਜ਼ ਨੂੰ ਦਬਾਉਂਦੀ ਵੀ ਹੈ। ਉਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾਅਵੇ ਤਾਂ ਰਾਸ਼ਟਰਵਾਦ ਦੇ ਕਰਦੀ ਹੈ ਜਦਕਿ ਦੂਜਿਆਂ ਨੂੰ ਦੇਸ਼ ਵਿਰੋਧੀ ਦੱਸਦੀ ਹੈ।ਪਿ੍ਰਅੰਕਾ ਗਾਂਧੀ ਨੇ ਲੋਕਾਂ ਨੂੰ ਪਾਰਟੀ ਦੇ ਪ੍ਰਗਤੀਸ਼ੀਲ ਤੇ ਇਮਾਨਦਾਰ ਉਮੀਦਵਾਰ ਰਾਜਾ ਵੜਿੰਗ ਨੂੰ ਵੋਟ ਪਾ ਕੇ ਉਸ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਤਾਂ ਕਿ ਕੇਂਦਰ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਾ ਕੇ ਸੂਬਾ, ਮੁਲਕ ਅਤੇ ਆਵਾਮ ਦੇ ਭਵਿੱਖ ਨੂੰ ਮਜ਼ਬੂਤ ਤੇ ਸੁਰੱਖਿਅਤ ਬਣਾਇਆ ਜਾ ਸਕੇ।ਇਸ ਤੋਂ ਬਾਅਦ ਪਿ੍ਰਯੰਕਾ ਗਾਂਧੀ ਦਾ ਗੁਰਦਾਸਪੁਰ ਹਲਕੇ ਦੇ ਉਮੀਦਵਾਰ ਸੁਨੀਲ ਜਾਖੜ ਦੇ ਸਮਰਥਨ ਵਿੱਚ ਪਠਾਨਕੋਟ ਵਿੱਚ ਰੋਡ ਸ਼ੋਅ ਕਰਨ ਦਾ ਪ੍ਰੋਗਰਾਮ ਨਿਰਧਾਰਤ ਹੈ।