5 Dariya News

ਰਾਸ਼ਟਰੀ ਪਲਸ ਪੋਲੀਓ ਰਾਊਂਡ ਸਬੰਧੀ ਮੀਟਿੰਗ, 3 ਫਰਵਰੀ ਤੋਂ ਵਿੱਢੀ ਜਾਵੇਗੀ ਮੁਹਿੰਮ

5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪਲਾਈਆਂ ਜਾਣਗੀਆਂ ਪੋਲੀਓ ਬੂੰਦਾਂ, ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਵਿਆਪਕ ਪ੍ਰਬੰਧ ਕਰਨ ਦੀਆਂ ਹਦਾਇਤਾਂ

5 Dariya News

ਬਠਿੰਡਾ 09-Jan-2019

ਬਠਿੰਡਾ ਦੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਜ਼ਿਲੇ ਵਿੱਚ 3 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਪਲਸ ਪੋਲੀਓ ਰਾਊਂਡ ਸਬੰਧੀ ਅੱਜ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਜ਼ਿਲੇ ਵਿਚ ਹਰ ਬੱਚੇ ਨੂੰ ਪੋਲੀਓ ਮੁਕਤ ਕਰਵਾਉਣ ਦਾ ਟੀਚਾ ਪੂਰਾ ਕਰਨ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ।ਮੀਟਿੰਗ ਦੌਰਾਨ ਜ਼ਿਲਾ ਟੀਕਾਕਰਨ ਅਫ਼ਸਰ ਡਾ. ਕੁੰਦਨ ਕੁਮਾਰ ਪਾਲ ਨੇ ਦੱਸਿਆ ਕਿ ਜ਼ਿਲੇ ਵਿੱਚ 3, 4 ਅਤੇ 5 ਫ਼ਰਵਰੀ ਨੂੰ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ 0 ਤੋਂ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਈਆਂ ਜਾਣੀਆਂ ਹਨ। ਇਸ ਲਈ ਆਪਣੇ-ਆਪਣੇ ਖੇਤਰ ਦਾ ਮਾਈਕਰੋਪਲਾਨ ਜਲਦੀ ਤੋਂ ਜਲਦੀ ਤਿਆਰ ਕਰਨ ਉਪਰੰਤ ਸਿਵਲ ਸਰਜਨ ਦਫ਼ਤਰ ਨੂੰ ਭੇਜਿਆ ਜਾਵੇ ਤਾਂ ਜੋ ਮਾਈਕਰੋਪਲਾਨ ਸਮੇਂ-ਸਿਰ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਸਕੇ। ਉਨਾਂ ਕਿਹਾ ਕਿ ਆਪਣੇ-ਆਪਣੇ ਖੇਤਰ ਵਿੱਚ ਏ.ਐਨ.ਐਮ., ਆਸ਼ਾ ਵਰਕਰ, ਮਲਟੀ ਪਰਪਜ਼ ਹੈਲਥ ਵਰਕਰ (ਮੇਲ) ਨਾਲ ਇਸ ਦੀ ਤਿਆਰੀ ਸਬੰਧੀ ਮੀਟਿੰਗਾਂ ਕੀਤੀਆਂ ਜਾਣ। ਪਿੰਡਾਂ ਵਿੱਚ ਗੁਰਦਵਾਰਿਆਂ, ਮੰਦਰਾਂ ਰਾਹੀਂ ਅਨਾਊਂਸਮੈਂਟ ਵੀ ਕਰਵਾਈ ਜਾਵੇ ਤਾਂ ਜੋ 0 ਤੋਂ 5 ਸਾਲ ਤੱਕ ਦੀ ਉਮਰ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਸਕੂਲਾਂ ਵਿਚ ਸਕੂਲ ਮੁਖੀਆਂ ਨਾਲ ਸੰਪਰਕ ਕਰਕੇ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਵੀ ਇਸ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਜੋ ਸਿਹਤ ਵਿਭਾਗ ਦਾ ਇਹ ਸੁਨੇਹਾਂ ਘਰ-ਘਰ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ, ਪਰਿਵਾਰ ਭਲਾਈ ਅਫ਼ਸਰ, ਅਰਬਨ ਨੋਡਲ ਅਫ਼ਸਰ, ਮਾਸ ਮੀਡੀਆ ਅਫ਼ਸਰ, ਡਿਪਟੀ ਮਾਸ ਮੀਡੀਆ ਅਫ਼ਸਰ ਹਾਜ਼ਰ ਸਨ।