5 Dariya News

ਸਿਹਤ ਵਿਭਾਗ ਨੇ 21 ਨਵ ਜੰਮੀਆਂ ਬੱਚੀਆਂ ਦਾ ਕੀਤਾ ਸਨਮਾਨ

ਅੱਜ ਦੇ ਸਮੇਂ ਵਿਚ ਬੇਟੀ ਦਾ ਸਿਖਿਅਤ ਹੋਣਾ ਬਹੁਤ ਜ਼ਰੂਰੀ- ਡਾ: ਹਰੀ ਨਰਾਇਣ ਸਿੰਘ

5 Dariya News

ਬਠਿੰਡਾ 17-Oct-2018

ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਪ੍ਰਧਾਨਗੀ ਹੇਠ ਜੱਚਾ-ਬੱਚਾ ਸਿਵਲ ਹਸਪਤਾਲ ਵਿਖੇ ਕੰਜਕਾਂ ਦੀ ਪੂਜਾ ਸਬੰਧੀ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਹਰੀ ਨਰਾਇਣ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਬੇਟੀ ਦਾ ਸਿਖਿਅਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੜ-ਲਿਖ ਕੇ ਉਹ ਆਪਣੇ ਪਰਿਵਾਰ 'ਤੇ ਕਿਸੇ ਕਿਸਮ ਦਾ ਬੋਝ ਨਾ ਬਣੇ ਅਤੇ ਆਉਂਣ ਵਾਲੀ ਜਿੰਦਗੀ ਵਿਚ ਪੈਰਾਂ ਸਿਰ ਖੜੀ ਹੋ ਕਿ ਆਪਣਾ ਅਤੇ ਆਪਣੇ ਪਰਿਵਾਰ ਦੇ ਚੰਗੇ ਪਾਲਣ ਪੋਸ਼ਣ ਵਿੱਚ ਸਹਿਯੋਗ ਕਰ ਸਕੇ। ਸਿਵਲ ਸਰਜਨ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਐਕਟ ਬਾਰੇ ਵੀ ਚਾਨਣਾ ਪਾਇਆ ਗਿਆ। ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਗੁਰਦੀਪ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਭਰੂਣ ਹੱਤਿਆ ਸਾਡੇ ਸਮਾਜ ਲਈ ਇੱਕ ਬੜੀ ਵੱਡੀ ਚੁਨੌਤੀ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ ਵਿਚ ਆਏ ਪਾੜੇ ਨੂੰ ਖਤਮ ਕਰਨ ਲਈ ਵੱਡੀ ਪੱਧਰ 'ਤੇ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਹਰ ਪਿੰਡ-ਪਿੰਡ ਭਰੂਣ ਹੱਤਿਆ ਅਤੇ ਲੜਕੀਆਂ ਦੀ ਸਿਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਾੜੀ ਪਰਵਿਰਤੀ ਨੂੰ ਸਮਾਜ ਵਿਚੋਂ ਖਤਮ ਕੀਤਾ ਜਾ ਸਕੇ। ਉਨਾਂ ਪ੍ਰੋਗਰਾਮ ਵਿਚ ਹਾਜ਼ਰ ਜਨਤਾ ਨੂੰ ਅਪੀਲ ਕੀਤੀ ਕੇ ਅਸੀਂ ਅੱਜ ਇਹ ਪ੍ਰਣ ਕਰੀਏ ਕਿ ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ਘਰ-ਘਰ ਪਹੁੰਚਾਵਾਂਗੇ। 

ਸੀਨੀਅਰ ਮੈਡੀਕਲ ਅਫਸਰ ਡਾ: ਐਚ.ਐਸ. ਗਿੱਲ ਸਿਵਲ ਹਸਪਤਾਲ ਜੱਚਾ-ਬੱਚਾ ਨੇ ਕਿਹਾ ਕਿ ਸਮਾਜ ਨੂੰ ਚੰਗੀ ਸੋਚ ਦੇ ਧਾਰਨੀ ਹੋ ਕੇ ਲੜਕੀਆਂ ਦੀ ਪ੍ਰਵਰਿਸ਼ ਵਿਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਅਤੇ ਬੱਚੀਆਂ ਨੂੰ ਹਰ ਖੇਤਰ ਵਿਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ।ਇਸ ਮੌਕੇ ਐਮ.ਸੀ.ਐਚ. ਕੌਸਲਰ ਚਰਨ ਪਾਲ ਕੌਰ ਨੇ ਕਿਹਾ ਕੇ ਹਰ ਦਿਨ ਹੀ ਕੰਜਕਾਂ ਦਾ ਪੂਜਨ ਹੋਣਾ ਚਾਹੀਦਾ ਹੈ। ਲੜਕੀ ਨੂੰ ਸਮਾਜ ਦੇ ਹਾਣ ਦਾ ਬਣਾਉਣ ਲਈ ਉਚੇਰੀ ਸਿਖਿਆ ਬਹੁਤ ਜ਼ਰੂਰੀ ਹੈ। ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਜਿਸ ਘਰ ਲੜਕੀ ਜਨਮ ਲੈਂਦੀ ਹੈ, ਉਸ ਘਰ ਵਿਚ ਸਲੀਕਾ, ਆਚਰਨ ਅਤੇ ਨਿਮਰਤਾ ਵੀ ਜਨਮ ਲੈਂਦੀਆਂ ਹਨ। ਦੇਵੀਆਂ ਦੀ ਪੂਜਾ ਕਰਨਾ ਪਰ ਧੀ ਨੂੰ ਦਰਕਾਰਨਾਂ ਸਭਿਅਤ ਸਮਾਜ ਦੀ ਨਿਸ਼ਾਨੀ ਨਹੀਂ। ਉਨਾਂ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਿਹਤ ਵਿਭਾਗ ਵੱਲੋਂ 21 ਨਵਜਨਮੀਆਂ ਬੱਚੀਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਐਸ.ਐਸ. ਰੁਮਾਣਾ, ਐਸ.ਐਮ.ਓ. ਡਾ: ਐਚ.ਐਸ. ਗਿੱਲ, ਬੱਚਿਆਂ ਦੇ ਮਾਹਿਰ ਡਾ: ਸਤੀਸ਼ ਜਿੰਦਲ, ਪ੍ਰੋਜੈਕਸਨਿਸ ਕੇਵਲ ਕ੍ਰਿਸ਼ਨ ਸਰਮਾਂ,ਐਸ.ਆਈ ਨਰਦੇਵ ਸਿੰਘ, ਫਾਰਮਾਂਸਿਸਟ ਕਮਲ ਗੁਪਤਾ, ਨਰਸਿੰਗ ਸਿਸਟਰ ਸੁਖਦੇਵ ਕੌਰ, ਜੀ.ਐਨ.ਐਮ. ਨਰਸਿੰਗ ਦੀਆਂ ਵਿਦਿਆਰਥਣਾਂ ਅਤੇ ਜਗਦੀਸ਼ ਰਾਮ ਆਦਿ ਹਾਜ਼ਰ ਸਨ।