5 Dariya News

ਮਿਸ਼ਨ ਤੰਦਰੁਸਤ ਪੰਜਾਬ : ਡੇਂਗੂ ਬੁਖ਼ਾਰ ਸਬੰਧੀ ਜਾਗਰੂਕਤਾ ਵੈਨ ਬਠਿੰਡਾ ਪੁੱਜੀ

5 Dariya News

ਬਠਿੰਡਾ 24-Aug-2018

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਤਹਿਤ ਡੇਂਗੂ ਬੁਖਾਰ ਬਾਰੇ ਜਾਗਰੂਕਤਾ ਫੈਲਾਉਣ ਲਈ ਜਾਗਰੂਕਤਾ ਵੈਨ ਜ਼ਿਲਾ ਬਠਿੰਡਾ ਵਿਖੇ ਪਹੁੰਚੀ । ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਵੱਲੋਂ ਅੱਜ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਸਿਵਲ ਸਰਜਨ ਬਠਿੰਡਾ ਨੇ ਇਸ ਮੌਕੇ ਕਿਹਾ ਕਿਸੇ ਵੀ ਬਿਮਾਰੀ ਬਚਣ ਲਈ ਜਾਗਰੂਕਤਾ ਤੇ ਸਾਵਧਾਨੀ ਜ਼ਰੂਰੀ ਹੈ । ਉਨਾ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਦੀ ਪੈਦਾਵਾਰ ਹੋਣ ਕਾਰਨ ਡੇਂਗੂ ਬੁਖਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ । ਇਹ ਬਿਮਾਰੀ ਏਡੀਜ਼ ਅਜੈਪਟੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ । ਜਿਹੜਾ ਕਿ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਿਹਤ ਪ੍ਰਤੀ ਜਾਗਰੂਕ ਰਹੋ ਅਤੇ ਸ਼ਹਿਰ ਨੂੰ ਡੇਂਗੂ ਮੁਕਤ ਰੱਖਣ ਲਈ ਆਪਣੀ ਸਮੂਹਕ ਜ਼ਿੰਮੇਵਾਰੀ ਸਮਝੋ । ਉਨਾਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਭੇੇਜੀਆਂ ਜਾਂਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ । ਜ਼ਿਲਾ ਮਲੇਰੀਆ ਅਫ਼ਸਰ ਡਾ. ਰਾਜਪਾਲ ਸਿੰਘ ਨੇ ਅਪੀਲ ਕੀਤੀ ਕਿ ਡ੍ਰਾਈ ਡੇਅ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ । 

ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫੀਲਡ ਵਿੱਖ ਐਂਟੀ ਲਾਰਵਾ ਟੀਮਾਂ ਭੇਜੀਆਂ ਜਾ ਰਹੀਆਂ ਹਨ ਤਾਂ ਕਿ ਜੇਕਰ ਕਿਤੇ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਨੂੰ ਸਮੇਂ- ਸਿਰ ਨਸ਼ਟ ਕੀਤਾ ਜਾ ਸਕੇ । ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿਘ ਬਰਾੜ ਨੇ ਦੱਸਿਆ ਕਿ ਤੇਜ਼ ਬੁਖ਼ਾਰ, ਸਿਰ ਦਰਦ , ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਡੇਂਗੂ ਬੁੁਖ਼ਾਰ ਦੇ ਲੱਛਣ ਹਨ । ਡੇਂਗੂ ਬੁਖਾਰ ਸੰਕ੍ਰਮਿਤ ਮੱਛਰ ਵੱਲੋਂ ਕੱਟਣ ਨਾਲ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫ਼ੈਲਦਾ ਹੈ ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਬੁਖ਼ਾਰ ਦੇ ਨਾਲ ਬਲੱਡ ਪਲੇਟਲੈਟਸ ਘੱਟਣ ਨੂੰ ਵੀ ਡੇਂਗੂ ਦਾ ਨਾਮ ਦਿੱਤਾ ਜਾਂਦਾ ਹੈ, ਜਦਕਿ ਬੁਖਾਰ ਹੋਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਤੇ ਪਲੇਟਲੈਟਸ ਘੱਟਣਾ ਸਿਰਫ਼ ਡੇਂਗੂ ਹੋਣ ਦਾ ਲੱਛਣ ਨਹੀਂ । ਉਨਾ ਕਿਹਾ ਕਿ ਉਪਰੋਕਤ ਲੱਛਣ ਸਾਹਮਣੇ ਆਉਣ ਤੇ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਜ਼ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਜ਼ਿਲਾ ਐਪੀਡਿਮਾਲੋਜਿਸਟ ਡਾ. ਰਵਿੰਦਰ ਸਿੰਘ, ਐਸ.ਐਮ.ਓ. ਡਾ. ਸਤੀਸ਼ ਗੋਇਲ ਅਤੇ ਉਨਾਂ ਦਾ ਸਮੁੱਚਾ ਸਟਾਫ਼, ਆਸਰਾ ਵੈਲਫੇਅਰ ਦੇ ਪ੍ਰਧਾਨ ਰਮੋਸ਼ ਮਹਿਤਾ, ਸ਼ਹੀਦ ਜਰਨੈਲ ਸਿੰਘ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਜੀ.ਐਨ.ਐਮ. ਟ੍ਰੇਨਿੰਗ ਸਕੂਲ ਦੀਆ ਵਿਦਿਆਰਥਣਾਂ ਆਦਿ ਹਾਜ਼ਰ ਸਨ ।