5 Dariya News

ਬਾਦਲ ਵੱਲੋਂ ਕੇਂਦਰੀ ਰੇਲ ਮੰਤਰੀ ਨੂੰ ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਹਾਈ ਸਪੀਡ ਰੇਲ ਗਲਿਆਰਾ ਪਹਿਲ ਦੇ ਆਧਾਰ 'ਤੇ ਵਿਕਸਤ ਕਰਨ ਦੀ ਅਪੀਲ

ਪੂਰਬੀ ਤੇ ਪੱਛਮੀ ਫਰੇਟ ਕਾਰੀਡੋਰ ਨੂੰ ਅਟਾਰੀ ਤੱਕ ਵਧਾਉਣ ਦੀ ਮੰਗ

5 Dariya News

ਨਵੀਂ ਦਿੱਲੀ 12-Feb-2015

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਹਾਈ ਸਪੀਡ ਰੇਲ ਗਲਿਆਰਾ ਪਹਿਲ ਦੇ ਆਧਾਰ 'ਤੇ ਵਿਕਸਤ ਕਰਨ ਲਈ ਕੇਂਦਰੀ ਰੇਲ ਮੰਤਰੀ ਸ੍ਰੀ ਸੁਰੇਸ਼ ਪ੍ਰਭੂ 'ਤੇ ਜ਼ੋਰ ਪਾਇਆ ਹੈ।ਮੁੱਖ ਮੰਤਰੀ ਅੱਜ ਸ਼ਾਮ ਰੇਲ ਭਵਨ ਵਿਖੇ ਸ੍ਰੀ ਪ੍ਰਭੂ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲੇ। ਸ. ਬਾਦਲ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਲਈ ਬਹੁਤ ਮਾਣ ਤੇ ਤਸੱਲੀ ਵਾਲੀ ਹੈ ਕਿ ਇਸ ਪ੍ਰਾਜੈਕਟ ਨੂੰ ਪਹਿਲਾਂ ਹੀ ਰੇਲਵੇ ਦੇ ਵਿਜ਼ਨ-2020 ਦਸਤਾਵੇਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਦਸਤਾਵੇਜ਼ ਅਨੁਸਾਰ ਸ਼ਨਾਖਤ ਕੀਤੇ ਗਏ ਛੇ ਗਲਿਆਰਿਆਂ ਵਿੱਚੋਂ ਚਾਰ ਗਲਿਆਰਿਆਂ ਨੂੰ ਹਾਈ ਸਪੀਡ ਰੇਲ ਕੁਨੈਕਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਕਰਕੇ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਪੰਜਾਬੀਆਂ ਦੇ ਵੱਡੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਹੱਤਵਪੂਰਨ ਪ੍ਰਾਜੈਕਟ ਲਾਜ਼ਮੀ ਤੌਰ 'ਤੇ ਸੂਬੇ ਨੂੰ ਅਲਾਟ ਕੀਤਾ ਜਾਵੇ। ਇਕ ਹੋਰ ਮਸਲੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਸ੍ਰੀ ਪ੍ਰਭੂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਲੌਜਿਸਟਿਕ ਪਾਰਕ ਲਈ ਨੀਂਹ ਪੱਥਰ ਰੱਖਣ ਦੀ ਨਵੀਂ ਤਰੀਕ ਦੇਣ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਕੇਂਦਰੀ ਮੰਤਰੀ ਪਾਸੋਂ ਪੂਰਬੀ ਮਾਲ ਢੋਆ-ਢੁਆਈ ਗਲਿਆਰਾ ਅਤੇ ਪੱਛਮੀ ਮਾਲ ਢੋਆ-ਢੁਆਈ ਗਲਿਆਰਾ ਜੋ ਲੁਧਿਆਣਾ ਤੱਕ ਤਿਆਰ ਕਰਨ ਦੀ ਯੋਜਨਾ ਹੈ, ਨੂੰ ਅਟਾਰੀ ਦੀ ਸੰਗਠਿਤ ਚੈੱਕ ਪੋਸਟ ਤੱਕ ਵਧਾਉਣ ਦੀ ਮੰਗ ਕੀਤੀ ਹੈ। ਸ. ਬਾਦਲ ਨੇ ਰੇਲਵੇ ਮੰਤਰੀ ਨੂੰ ਸਾਲ 2013 ਦੇ ਰੇਲਵੇ ਬਜਟ ਦੌਰਾਨ ਪ੍ਰਵਾਨ ਕੀਤੀ ਫਿਰੋਜ਼ਪੁਰ-ਪੱਟੀ ਰੇਲਵੇ ਲਾਈਨ ਦੀ ਜ਼ਮੀਨੀ ਲਾਗਤ ਸਣੇ ਸਮੁੱਚੇ ਪ੍ਰਾਜੈਕਟ ਦੀ ਲਾਗਤ ਖੁਦ ਸਹਿਣ ਕਰਨ ਦੀ ਬੇਨਤੀ ਕੀਤੀ ਅਤੇ ਇਸ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕਰਨ ਲਈ ਆਖਿਆ।ਇਕ ਹੋਰ ਮਸਲਾ ਉਠਾਉਂਦਿਆਂ ਮੁੱਖ ਮੰਤਰੀ ਨੇ ਸ੍ਰੀ ਪ੍ਰਭੂ ਨੂੰ ਰਾਮਾਂ ਮੰਡੀ ਤੋਂ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੱਕ ਵਾਇਆ ਮੌੜ ਨਵੀਂ ਰੇਲ ਲਾਈਨ ਦੀ ਉਸਾਰੀ ਦੀ ਪ੍ਰਕ੍ਰਿਆ ਤੇਜ਼ ਕਰਨ ਦੀ ਅਪੀਲ ਕੀਤੀ ਜਿਸ ਦਾ ਪ੍ਰਸਤਾਵ 2013-14 ਦੇ ਰੇਲਵੇ ਬਜਟ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਬਜਟ ਵਿੱਚ ਜਾਖਲ-ਧੂਰੀ-ਲੁਧਿਆਣਾ ਰੇਲ ਲਾਈਨ ਦੇ ਬਿਜਲੀਕਰਨ, ਧੂਰੀ ਬਾਈਪਾਸ, ਰਾਜਪੁਰਾ ਬਾਈਪਾਸ, ਸ੍ਰੀ ਅਨੰਦਪੁਰ ਸਾਹਿਬ-ਚਮਕੌਰ ਸਾਹਿਬ-ਲੁਧਿਆਣਾ ਦੀਆਂ ਨਵੀਂਆਂ ਲਾਈਨਾਂ ਦੇ ਸਰਵੇ, ਬਠਿੰਡਾ-ਅਬੋਹਰ-ਸ੍ਰੀਗੰਗਾਨਗਰ, ਫਿਰੋਜ਼ਪੁਰ-ਬਠਿੰਡਾ, ਜਾਖਲ-ਧੂਰੀ-ਲੁਧਿਆਣਾ ਅਤੇ ਰਾਜਪੁਰਾ-ਬਠਿੰਡਾ ਵਾਇਆ ਧੂਰੀ ਲਾਈਨਾਂ ਨੂੰ ਦੂਹਰੀਆਂ ਕਰਨ ਦਾ ਐਲਾਨ ਕਰਨ ਵਾਸਤੇ ਆਖਿਆ।

 ਬਾਦਲ ਨੇ ਬਠਿੰਡਾ-ਮਾਨਸਾ ਰੇਲ ਰੂਟ ਨੂੰ ਦੋਹਰਾ ਕਰਨ ਦੀ ਪ੍ਰਵਾਨਗੀ ਦੇਣ ਅਤੇ ਬਠਿੰਡਾ-ਜਾਖਲ ਸੈਕਸ਼ਨ ਨੂੰ ਦੋਹਰੀ ਲਾਈਨ ਵਿੱਚ ਤੇਜ਼ੀ ਨਾਲ ਬਦਲਣ ਦੀ ਵੀ ਰੇਲ ਮੰਤਰੀ ਨੂੰ ਅਪੀਲ ਕੀਤੀ ਤਾਂ ਜੋ ਹਾਲ ਹੀ ਵਿੱਚ ਸ਼ੁਰੂ ਹੋਏ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਇਸ ਦਾ ਫਾਇਦਾ ਹੋ ਸਕੇ।Îਮੁੱਖ ਮੰਤਰੀ ਨੇ ਹੁਸ਼ਿਆਰਪੁਰ ਤੋਂ ਦਸੂਹਾ ਅਤੇ ਮੋਗਾ ਤੋਂ ਕੋਟਕਪੂਰਾ ਤੱਕ ਦੋ ਨਵੀਂਆਂ ਰੇਲ ਲਾਈਨਾਂ ਵਿਛਾਉਣ ਲਈ ਵੀ ਸ੍ਰੀ ਪ੍ਰਭੂ ਨੂੰ ਬੇਨਤੀ ਕੀਤੀ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਮੁੰਬਈ ਅਤੇ ਹੋਰ ਦੱਖਣੀ ਥਾਵਾਂ ਤੋਂ ਆਉਣ ਵਾਲੀਆਂ ਗੱਡੀਆਂ ਦਾ ਅੰਮ੍ਰਿਤਸਰ/ਜੰਮੂ ਤੱਕ ਪਾਸਾਰ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੁਹਾਲੀ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨਾਂ ਦਾ ਪੱਧਰ ਉੱਚਾ ਚੁੱਕਣ ਅਤੇ ਆਧੁਨਿਕੀਕਰਨ ਦੀ ਮੰਗ ਕੀਤੀ। Êਪੰਜਾਬ ਨੂੰ 115 ਲਿਮਟਡ ਹਾਈਟ ਸਬ-ਵੇਅ ਦੀ ਪ੍ਰਵਾਨਗੀ ਦੇਣ ਲਈ ਸ੍ਰੀ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਲਿਮਟਡ ਹਾਈਟ ਸਬ-ਵੇਅ ਮੁਹੱਈਆ ਕਰਵਾਉਣ ਲਈ ਰੇਲਵੇ ਅਤੇ ਪੀ.ਡਬਲਿਊ.ਡੀ. ਦੀ ਸਾਂਝੀ ਕਮੇਟੀ ਨੇ 123 ਵਾਧੂ ਥਾਵਾਂ ਦੀ ਸ਼ਨਾਖਤ ਕਰਨ ਲਈ ਹੈ। ਉਨ੍ਹਾਂ ਨੇ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਪੜਾਅ ਵਿੱਚ ਉਸਾਰੇ ਜਾ ਰਹੇ ਆਰ.ਯੂ.ਬੀ. ਵਿੱਚ ਇਨ੍ਹਾਂ 123 ਥਾਵਾਂ ਨੂੰ ਸ਼ਾਮਲ ਕਰਨ। ਸ. ਬਾਦਲ ਨੇ ਪੂਰਬੀ ਰੇਲਵੇ ਤੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਥਰਮਲ ਪਲਾਂਟਾਂ ਵਾਸਤੇ ਵਾਧੂ ਰੈਕਾਂ ਦੀ ਮੰਗ ਕੀਤੀ ਹੈ।

Îਮੁੱਖ ਮੰਤਰੀ ਵੱਲੋਂ ਉਠਾਏ ਗਏ ਮੁੱਦਿਆਂ ਦੇ ਸਬੰਧ ਵਿੱਚ ਸ੍ਰੀ ਪ੍ਰਭ ਨੇ ਭਰੋਸਾ ਦਿਵਾਇਆ ਕਿ ਆਉਂਦੇ ਦਿਨਾਂ ਦੌਰਾਨ ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਆਖਿਆ ਕਿ ਉਹ ਪੰਜਾਬ ਦੇ ਲੰਬਿਤ ਪਏ ਰੇਲਵੇ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰਨ। ਸ੍ਰੀ ਪ੍ਰਭੂ ਨੇ ਮੁੱਖ ਮੰਤਰੀ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਮੁਹਾਲੀ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਛੇਤੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਸਬੰਧ ਵਿੱਚ ਸੂਬੇ ਦੇ ਸਹਿਯੋਗ ਦੀ ਮੰਗ ਕੀਤੀ।ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਹਾਜ਼ਰ ਸਨ।