5 Dariya News

ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਅਤਿ ਆਧੁਨਿਕ ਆਟੋਮੈਟਿਕ ਸਵੀਪਿੰਗ ਮਸ਼ੀਨ’ ਨੂੰ ਹਰੀ ਝੰਡੀ ਦਿਖਾ ਕੇ ਕੀਤੀ ਸ਼ੁਰੂਆਤ

5 Dariya News

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ 29-Jun-2024

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਸ਼ਹਿਰ ਦੇ ਵਾਸੀਆਂ ਨੂੰ ਇੱਕ ਹੋਰ ਵੱਡੀ ਸੌਗਾਤ ਦਿੰਦੇ ਹੋਏ ਅਤਿ ਆਧੁਨਿਕ ਆਟੋਮੈਟਿਕ ਸਵੀਪਿੰਗ ਮਸ਼ੀਨ ਨੂੰ ਹਰੀ ਝੰਡੀ ਦਿਖਾ ਕੇ ਸ਼ਹਿਰ ਦੇ ਸਫ਼ਾਈ ਕਾਰਜਾਂ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਵਿਦੇਸ਼ਾਂ ਤੇ ਮਹਾਂਨਗਰਾਂ ਵਿੱਚ ਵਰਤੋਂ ਵਿੱਚ ਲਿਆਉਂਦੀ ਜਾਣ ਵਾਲੀ ਅਤਿ ਆਧੁਨਿਕ ਸਫਾਈ ਮਸ਼ੀਨ ਵੀ ਸੁਨਾਮ ਵਾਸੀਆਂ ਨੂੰ ਸਮਰਪਿਤ ਕਰਨ, ਜਿਸ ਨਾਲ ਸ਼ਹਿਰ ਵਿੱਚੋਂ ਗੰਦਗੀ ਦਾ ਨਾਮੋ ਨਿਸ਼ਾਨ ਮਿਟਾਇਆ ਜਾ ਸਕੇ। 

ਉਨ੍ਹਾਂ ਕਿਹਾ ਕਿ ਅਲਟਰਾ ਮਾਡਰਨ ਤਕਨੀਕਾਂ ਵਾਲੀ ਇਸ ਮਸ਼ੀਨ ਦੀ ਖੂਬੀ ਇਹ ਹੈ ਕਿ ਇਹ ਸੜਕਾਂ ਦੇ ਆਲੇ ਦੁਆਲੇ ਪਈ ਮਿੱਟੀ, ਰੇਤ, ਪਾਲੀਥੀਨ, ਕਾਗਜ਼, ਕੂੜਾ ਕਰਕਟ, ਇੱਟਾਂ ਦੇ ਟੁਕੜਿਆਂ ਸਮੇਤ ਹੋਰ ਗੰਦਗੀ ਨੂੰ ਆਪਣੀ ਅੰਦਰ ਜਜ਼ਬ ਕਰ ਲੈਂਦੀ ਹੈ ਅਤੇ ਮਸ਼ੀਨ ਦੇ ਪਿਛਲੇ ਪਾਸੇ ਪਾਣੀ ਦਾ ਹਲਕਾ ਛਿੜਕਾਅ ਹੁੰਦਾ ਰਹਿੰਦਾ ਹੈ ਜਿਸ ਨਾਲ ਨਾ ਤਾਂ ਪ੍ਰਦੂਸ਼ਣ ਪੈਂਦਾ ਹੈ ਅਤੇ ਨਾ ਹੀ ਮਿੱਟੀ ਆਦਿ ਉਡ ਕੇ ਰਾਹਗੀਰਾਂ ਦੀਆਂ ਅੱਖਾਂ ਵਿੱਚ ਪੈਂਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕਾਂ ਵਿਚਾਲੇ ਬਣੇ ਡਿਵਾਈਡਰਾਂ ਦੇ ਕੋਨਿਆਂ ’ਤੇ ਜੰਮੀ ਰਹਿਣ ਵਾਲੀ ਮਿੱਟੀ ਦੀ ਸਫਾਈ ਵੀ ਇਸ ਮਸ਼ੀਨ ਨਾਲੋਂ ਨਾਲ ਹੁੰਦੀ ਰਹੇਗੀ ਜਿਸ ਨਾਲ ਸੜਕਾਂ ਸਾਫ਼ ਸੁਥਰੀਆਂ ਨਜ਼ਰ ਆਉਣਗੀਆਂ ਅਤੇ ਕੂੜੇ ਕਰਕਟ ਦੇ ਪਾਸਾਰ ਨੂੰ ਮੁਕੰਮਲ ਰੋਕ ਲੱਗ ਸਕੇਗੀ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਇਹ ਮਸ਼ੀਨ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਕਾਰਜਸਾਧਕ ਅਫ਼ਸਰ ਤੇ ਸਮੂਹ ਕੌਂਸਲਰਾਂ ਦੀ ਹਾਜ਼ਰੀ ਵਿੱਚ ਸੌਂਪ ਦਿੱਤੀ ਗਈ ਹੈ ਅਤੇ ਸੁਨਾਮ ਵਾਸੀ ਇਸ ਨਾਲ ਕਾਫ਼ੀ ਰਾਹਤ ਮਹਿਸੂਸ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦੋ ਵਰਿ੍ਹਆਂ ਤੋਂ ਹੀ ਇਸ ਮਸ਼ੀਨ ਦੀ ਖਰੀਦ ਕਰਵਾਉਣ ਦੇ ਇੱਛੁਕ ਸਨ ਪਰ ਮਸ਼ੀਨ ਦੀ ਖਰੀਦ ’ਤੇ ਲਗਭਗ 30-32 ਲੱਖ ਦਾ ਵਿੱਤੀ ਖਰਚ ਹੋਣ ਦੀ ਸੰਭਾਵਨਾ ਦੇ ਚਲਦਿਆਂ ਖਰੀਦ ਪ੍ਰਕਿਰਿਆ ਨਹੀਂ ਕੀਤੀ ਗਈ ਸੀ ਅਤੇ ਹੁਣ ਇਸ ਸਬੰਧੀ ਟੈਂਡਰ ਲਗਾ ਕੇ ਜਿਹੜੀ ਕੰਪਨੀ ਨੂੰ ਟੈਂਡਰ ਅਲਾਟ ਹੋਇਆ ਹੈ ਉਸ ਵੱਲੋਂ ਇਹੀ ਅਤਿ ਆਧੁਨਿਕ ਸੁਵਿਧਾਵਾਂ ਵਾਲੀ ਮਸ਼ੀਨ ਉਸ ਰਾਸ਼ੀ ਨਾਲੋਂ ਕਰੀਬ ਅੱਧੇ ਮੁੱਲ ’ਤੇ ਮਹਿਜ਼ 16.34 ਲੱਖ ਵਿੱਚ ਦਿੱਤੀ ਗਈ ਹੈ।  

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਹਲਕਿਆਂ ਵਿੱਚ ਹੀ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਉਣ ਦਾ ਤਹੱਈਆ ਕੀਤਾ ਗਿਆ ਹੈ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਸੁਨਾਮ ਨੂੰ ਵੀ ਸੁਵਿਧਾਵਾਂ ਪੱਖੋਂ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਕਾਰਜਸਾਧਕ ਅਫ਼ਸਰ ਬਾਲਕ੍ਰਿਸ਼ਨ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਮੀਤ ਪ੍ਰਧਾਨ ਆਸ਼ਾ ਬਜਾਜ, ਰਵੀ ਕਮਲ ਗੋਇਲ, ਬਲਾਕ ਪ੍ਰਧਾਨ ਸੰਦੀਪ ਜਿੰਦਲ, ਮਨੀ ਸਰਾਓ, ਬਲਾਕ ਪ੍ਰਧਾਨ ਸਾਹਿਬ ਸਿੰਘ, ਸੰਨੀ ਖਟਕ, ਕੁਲਵੀਰ ਭੰਗੂ, ਕਨ੍ਹਈਆ ਲਾਲ, ਸਾਹਿਲ ਗਿੱਲ ਤੇ ਸਾਰੇ ਹੀ ਕੌਂਸਲਰ ਮੌਜੂਦ ਸਨ।