5 Dariya News

ਖੁਸ਼ੀ ਫਾਊਂਡੇਸ਼ਨ ਵੱਲੋਂ ਫਾਜ਼ਿਲਕਾ ਘੰਟਾਘਰ ਚੌਂਕ ਵਿਖੇ ਲਗਾਇਆ ਗਿਆ ਬੂਟਿਆਂ ਦਾ ਵਿਸ਼ਾਲ ਲੰਗਰ

ਵਿਧਾਇਕ ਸਵਨਾ ਅਤੇ ਉਨ੍ਹਾਂ ਦੀ ਧਰਮਪਤਨੀ ਖੁਸ਼ਬੂ ਨੇ ਬੂਟੇ ਵੰਡਣ ਦੀ ਮੁਹਿੰਮ ਦੀ ਕਰਵਾਈ ਸ਼ੁਰੂਆਤ, ਅਨੇਕਾਂ ਰਾਹੀਗਰਾਂ ਨੂੰ ਵੰਡੇ ਮੁਫਤ ਬੂਟੇ

5 Dariya News

ਫਾਜ਼ਿਲਕਾ 28-Jun-2024

ਖੁਸ਼ੀ ਫਾਊਂਡੇਸ਼ਨ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਖੁਸ਼ੀ ਫਾਊਂਡੇਸ਼ਨ ਦੀ ਪ੍ਰਧਾਨ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਧਰਮਪਤਨੀ ਖੁਸ਼ਬੂ ਸਾਵਨਸੁੱਖਾ ਸਵਨਾ ਦੀ ਅਗਵਾਈ ਵਿਚ ਘੰਟਾਘਰ ਚੌਂਕ ਵਿਖੇ ਬੂਟਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਜਿਸ ਵਿੱਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਪਹੁੰਚ ਕੇ ਮੁਫਤ ਬੂਟੇ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕਰਵਾਈ ਤੇ ਅਨੇਕਾਂ ਹੀ ਰਾਹੀਗਰਾਂ ਨੂੰ ਮੁਫਤ ਫਲਦਾਰ ਅਤੇ ਫੁੱਲਦਾਰ ਬੂਟੇ ਵੰਡੇ ਗਏ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।ਵਿਧਾਇਕ ਸਵਨਾ ਨੇ ਖੁਸ਼ੀ ਫਾਊਂਡੇਸ਼ਨ ਵੱਲੋਂ ਬੂਟਿਆਂ ਦਾ ਲੰਗਰ ਲਗਾ ਕੇ ਬੂਟੇ ਵੰਡਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੁਸ਼ੀ ਫਾਊਂਡੇਸ਼ਨ ਵੱਲੋਂ ਬੂਟਿਆਂ ਦਾ ਲੰਗਰ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਇਕ ਚੰਗਾ ਸੁਨੇਹਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ, ਪੱਤਰਕਾਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਫਾਜ਼ਿਲਕਾ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਵਿਧਾਇਕ ਸਵਨਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਵੇਂ ਬੂਟੇ ਲਗਾਉਣ ਦਾ ਅਭਿਆਨ ਚਲਾਇਆ ਗਿਆ ਹੈ। 

ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਹਲਕੇ ਵਿੱਚ ਵਣ ਵਿਭਾਗ ਫਾਜ਼ਿਲਕਾ ਅਤੇ ਨਰੇਗਾ ਵਿਭਾਗ ਫਾਜ਼ਿਲਕਾ ਦੀ ਮਦਦ ਨਾਲ 3 ਲੱਖ ਤੋਂ ਵੱਧ ਨਵੇਂ ਬੂਟੇ ਲਗਾਏ ਜਾ ਰਹੇ ਹਨ, ਜੋ ਕਿ ਲਗਭਗ 2 ਮਹੀਨਿਆਂ ਵਿੱਚ ਲਗਾਏ ਜਾਣਗੇ। ਉਨ੍ਹਾਂ ਹਲਕਾ ਫਾਜ਼ਿਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਘਰਾਂ, ਖੇਤਾਂ ਅਤੇ ਪਿੰਡਾਂ ਤੇ ਸ਼ਹਿਰਾਂ ਦੀਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਫਾਜ਼ਿਲਕਾ ਇਲਾਕੇ ਨੂੰ ਹਰਾ ਭਰਾ ਬਣਾਇਆ ਜਾ ਸਕੇ। 

ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਾਸੀ ਮੁਫਤ ਬੂਟੇ ਪ੍ਰਾਪਤ ਕਰਨ ਲਈ ਦਾਣਾ ਮੰਡੀ ਵਿਖੇ ਸਥਾਪਿਤ ਉਨ੍ਹਾਂ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਪੌਦੇ ਲੈਣ ਲਈ ਆਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਤੇ ਇਸ ਰਾਹੀਂ ਉਨ੍ਹਾਂ ਨੂੰ ਬਿਲਕੁਲ ਮੁਫਤ ਬੂਟੇ ਦਿੱਤੇ ਜਾਣਗੇ। ਇਸ ਮੌਕੇ ਖੁਸ਼ੀ ਫਾਊਂਡੇਸ਼ਨ ਦੀ ਪ੍ਰਧਾਨ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਸਾਨੂੰ ਆਪਣੇ ਤੇ ਖਾਸ ਕਰ ਕੇ ਬੱਚਿਆਂ ਦੇ ਜਨਮ ਦਿਨ ਬੂਟੇ ਲਾ ਕੇ ਮਨਾਉਣੇ ਚਾਹੀਦੇ ਹਨ। ਜਿਸ ਰਾਹੀਂ ਅਸੀਂ ਨਰੋਏ ਸਮਾਜ ਦੀ ਸਿਰਜਣਾ ਕਰਨ ਦੇ ਨਾਲ-ਨਾਲ ਸਮਾਜ ਨੂੰ ਇਕ ਵਧੀਆ ਸੁਨੇਹਾ ਵੀ ਦੇ ਸਕਦੇ ਹਾਂ। 

ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਵਧੀਆ ਸਾਂਭ ਸੰਭਾਲ ਕਰਨੀ ਹੈ ਤਾਂ ਜੋ ਇਹ ਬੂਟੇ ਵੱਡੇ ਹੋ ਕੇ ਸਾਨੂੰ ਛਾਂ ਅਤੇ ਸ਼ੁੱਧ ਵਾਤਾਵਰਨ ਪ੍ਰਦਾਨ ਕਰ ਸਕਣ। ਇਸ ਮੌਕੇ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਸੁਖਦੇਵ ਸਿੰਘ, ਖੁਸ਼ੀ ਫਾਊਂਡੇਸ਼ਨ ਦੇ ਆਹੁਦੇਦਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਆਪ ਵਰਕਰ ਅਤੇ ਆਮ ਲੋਕ ਹਾਜ਼ਰ ਸਨ।