5 Dariya News

ਸਰਕਾਰ ਤੁਹਾਡੇ ਦੁਆਰ ਕੈਂਪ ਛਾਪਾ ਵਿਖੇ ਆਯੋਜਿਤ, ਚਾਰ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਿਆ ਲਾਹਾ, ਕੈਂਪ ਦੌਰਾਨ ਕੀਤਾ ਵੱਖ ਵੱਖ ਸੇਵਾਵਾਂ ਲਈ ਅਪਲਾਈ

ਪੰਜਾਬ ਸਰਕਾਰ ਲੋਕਾਂ ਨੂੰ ਘਰਾਂ ਦੇ ਨੇੜੇ ਸੁਵਿਧਾ ਦੇਣ ਲਈ ਵਚਨਬੱਧ, ਵਿਧਾਇਕ ਕੁਲਵੰਤ ਸਿੰਘ ਪੰਡੋਰੀ

5 Dariya News

ਛਾਪਾ (ਮਹਿਲ ਕਲਾਂ) 28-Jun-2024

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਅਤੇ ਉਨ੍ਹਾਂ ਨੂੰ ਘਰਾਂ ਦੇ ਨੇੜੇ ਸਰਕਾਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਤੁਹਾਡੇ ਦੁਆਰ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਛਾਪਾ ਵਿਖੇ ਕੈਂਪ ਲਗਾਇਆ ਗਿਆ। ਕੈਂਪ 'ਚ ਪਿੰਡ ਕੁਤਬਾ, ਹਰਦਾਸਪੁਰਾ, ਲੋਹਗੜ੍ਹ ਅਤੇ ਛਾਪਾ ਦੇ ਵਾਸੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਮੌਕੇ ਉੱਤੇ ਹੀ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਮਹਿਲ ਕਲਾਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਕੈਂਪ ਪਿੰਡ ਅਤੇ ਸ਼ਹਿਰ ਪੱਧਰ ਉੱਤੇ ਵੱਖ ਵੱਖ ਥਾਵਾਂ ਉੱਤੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੈਂਪ ਮਜ਼ਦੂਰ, ਬਜ਼ੁਰਗ ਅਤੇ ਗ਼ਰੀਬਾਂ ਲਈ ਵਰਦਾਨ ਹਨ ਜਿਨ੍ਹਾਂ ਨੂੰ ਪਿੰਡ ਛੱਡ ਆਪਣਾ ਕੰਮ ਕਰਵਾਉਣ ਲਈ ਦੂਰ ਸ਼ਹਿਰਾਂ ਜਾਂ ਜ਼ਿਲ੍ਹਾ ਸਦਰ ਮੁਕਾਮ ਵਿਖੇ ਜਾਣ ਦੀ ਹੁਣ ਲੋੜ ਨਹੀਂ।

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦਾ ਕੈਂਪ ਬਹੁਤ ਹੀ ਚੰਗੀ ਤਰ੍ਹਾਂ ਆਯੋਜਿਤ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ 'ਚ ਵੀ ਇਸ ਤਰਾਂ ਹੀ ਲੋਕਾਂ ਨੂੰ ਸਹੁਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਦਿੱਤੀਆਂ ਜਾਣਗੀਆਂ। ਇਸ ਮੌਕੇ ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਕੁੱਲ 160 ਬੇਨਤੀਆਂ ਪ੍ਰਾਪਤ ਹੋਈਆਂ ਜਿਨ੍ਹਾਂ 'ਚ ਰਿਹਾਇਸ਼ੀ ਸਰਟੀਫਿਕੇਟ, ਕਿਰਤ ਵਿਭਾਗ ਦੇ ਲਾਭਪਾਤਰੀਆਂ ਦੇ ਸਰਟੀਫਿਕੇਟ, ਬੁਢਾਪਾ, ਵਿਧਵਾ ਅਤੇ ਆਸ਼ਰਿਤ ਪੈਨਸ਼ਨ, ਆਧਾਰ ਕਾਰਡ ਸਬੰਧੀ ਵੇਰਵਿਆਂ 'ਚ ਬਦਲਾਅ, ਸ਼ਗਨ ਸਕੀਮਾਂ ਸਬੰਧੀ ਵੇਰਵੇ, ਪੈਨ ਕਾਰਡ, ਆਸਾਨ ਕਿਸ਼ਤਾਂ ਉੱਤੇ ਖੇਤੀ ਆਦਿ ਸਬੰਧੀ ਕਰਜ਼ੇ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਫਾਰਮ ਭਰੇ ਗਏ। 

ਮੌਕੇ ਉੱਤੇ ਲੋਕਾਂ ਨੂੰ ਰਿਹਾਇਸ਼ੀ ਸਰਟੀਫਿਕੇਟ, ਕਿਰਤ ਵਿਭਾਗ ਸਬੰਧੀ ਲਾਭਪਾਤਰੀ ਸਰਟੀਫਿਕੇਟ ਅਤੇ ਹੋਰ ਸਰਟੀਫਿਕੇਟ ਵੰਡੇ ਗਏ। ਸਰਕਾਰੀ ਸਕੂਲ ਛਾਪਾ ਵਿਖੇ 19 ਕਮਰਿਆਂ 'ਚ ਵੱਖ ਵੱਖ ਵਿਭਾਗਾਂ ਦੇ ਕਾਊਂਟਰ ਲਗਾਏ ਗਏ ਸਨ ਜਿਨ੍ਹਾਂ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵਿਭਾਗਾਂ ਦੀਆਂ ਸੇਵਾਵਾਂ ਮੌਕੇ ਉੱਤੇ ਦਿੱਤੀਆਂ।

ਇਸ ਮੌਕੇ ਵਾਤਾਵਰਨ ਦੇ ਆਰੰਭ ਸੰਭਾਲ ਦਾ ਸੁਨੇਹਾ ਦਿੰਦਿਆਂ ਸਕੂਲ ਦੇ ਗ੍ਰਾਊਂਡ 'ਚ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ, ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਮਨਜੀਤ ਸਿੰਘ, ਉੱਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸ੍ਰੀ ਸਤਵੰਤ ਸਿੰਘ ਅਤੇ ਐੱਸ.ਪੀ. (ਐਚ) ਸ. ਜਗਦੀਸ਼ ਬਿਸ਼ਨੋਈ ਨੇ ਬੂਟੇ ਲਗਾਏ ਗਏ।