5 Dariya News

ਅੰਬ ਖਾਓ ਗੁਠਲੀ ਉਗਾਓ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ

5 Dariya News

ਨਵਾਂਸ਼ਹਿਰ 26-Jun-2024

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਾ ਭਰਾ ਕਰਨ ਦੇ ਉਪਰਾਲੇ ਤਹਿਤ 'ਪਾਂਚ ਗੁਠਲੀ ਆਮ ਕੀ’ ਮੁਹਿੰਮ ਦਾ ਬੈਨਰ ਰਲੀਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ' ਪਾਂਚ ਗੁਠਲੀ ਆਮ ਕੀ' ਨਾਮੀ ਚਲਾਈ ਹੋਈ ਮੁਹਿੰਮ ਨੂੰ ਹੋਰ ਵਧੇਰੇ ਅੱਗੇ ਵਧਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਸਾਰੇ ਵਿਦਿਅਕ ਅਦਾਰੇ, ਸਮਾਜ ਸੇਵੀ ਸੰਸਥਾਵਾਂ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਇਸ ਨਿਵੇਕਲੀ ਮੁਹਿੰਮ ਨੂੰ ਹੋਰ ਵਧਾਉਣ ਤਾਂ ਕਿ ਜ਼ਿਲੇ ਵਿੱਚ ਚਾਰ ਪੰਜ ਲੱਖ ਅੰਬ ਦੇ ਹੀ ਰੁੱਖ ਵੱਧ ਜਾਣ। ਉਹਨਾਂ ਕਿਹਾ ਕਿ ਇਸਤੇ ਨਾ ਕੋਈ ਪੈਸਾ ਲਗਦਾ ਹੈ ਅਤੇ ਅੰਬ ਦੀ ਗੁਠਲੀ ਕਿਸੇ ਵੀ ਖਾਲੀ ਜਗ੍ਹਾ ਵਿੱਚ ਦਬਾ ਦਿਓ ਅਤੇ ਬਾਰਿਸ਼ ਮੌਕੇ ਇਹ ਉਗ  ਜਾਂਦੀ ਹੈ ਅਤੇ ਪੋਦਾ ਬਣਕੇ ਵੱਡਾ ਫਲਦਾਰ ਰੁੱਖ ਬਣਦੀ ਹੈ। 

ਇਸ ਮੌਕੇ ਮੁਹਿੰਮ ਦੇ ਸੰਚਾਲਕ ਵਾਤਾਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਨੇ ਕਿਹਾ ਕਿ ਕੁਦਰਤੀ ਇਸ ਤਰਾਂ ਉੱਗੇ ਪੌਦਿਆਂ ਦੀ ਕਾਮਯਾਬੀ 99 ਪ੍ਰਤੀਸ਼ਤ ਹੋ ਜਾਂਦੀ ਹੈ। ਜੋਸ਼ੀ ਨੇ ਕਿਹਾ ਕਿ  ਅੰਬ ਖਾ ਕੇ ਲਗਾਈ ਇੱਕ ਗੁਠਲੀ ਕਈ ਸਾਲਾਂ ਤੱਕ ਲੱਖਾਂ ਅੰਬ ਦੇਵੇਗੀ ਅਤੇ ਇਲਾਕੇ ਵਿੱਚ ਗਰਮੀ ਘੱਟ ਤੇ ਬਾਰਿਸ਼ ਵੱਧ ਲਿਆਉਣ ਦੀ ਮਦਦ ਕਰੇਗੀ।

ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ.ਡੀ.ਐਮ. ਨਵਾਂਸ਼ਹਿਰ ਅਕਸ਼ਿਤਾ ਗੁਪਤਾ, ਐਸ.ਡੀ.ਐਮ. ਬੰਗਾ ਵਿਕਰਮਜੀਤ ਸਿੰਘ ਪੰਥੇ, ਐਸ.ਡੀ.ਐਮ. ਬਲਾਚੌਰ ਰਵਿੰਦਰ  ਬੰਸਲ, ਡੀ.ਐਸ.ਪੀ. ਗੁਰਬਿੰਦਰ ਸਿੰਘ, ਵਣ ਮੰਡਲ ਅਫ਼ਸਰ ਹਰਭਜਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਰਵਨੀਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਿਧੀ, ਗੁੱਡ ਗਵਰਨਸ ਫੈਲੋ ਅਸ਼ਮੀਤਾ ਪਰਮਾਰ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।