5 Dariya News

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਵਿੱਚ ਫੂਕਿਆ ਅਫਸਰ ਸ਼ਾਹੀ ਦਾ ਪੁਤਲਾ

ਕੂੜੇ ਦਾ ਪ੍ਰਬੰਧ ਨਾ ਹੋਇਆ ਤਾਂ ਆਉਂਦੇ ਦਿਨਾਂ ਵਿੱਚ ਭੁੱਖ ਹੜਤਾਲ ਤੇ ਬੈਠਾਂਗੇ : ਕੁਲਜੀਤ ਸਿੰਘ ਬੇਦੀ

5 Dariya News

ਮੋਹਾਲੀ 26-Jun-2024

ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਅੱਜ ਫੇਜ਼ 3-5 ਦੀਆਂ ਟਰੈਫਿਕ ਲਾਈਟਾਂ ਉੱਤੇ ਅਫਸਰ ਸ਼ਾਹੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਆਗੂ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕੂੜੇ ਦੇ ਪ੍ਰਬੰਧ ਦੇ ਮਾਮਲੇ ਵਿੱਚ ਅਫਸਰਸ਼ਾਹੀ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। 

ਉਹਨਾਂ ਕਿਹਾ ਕਿ ਹਾਲਾਤ ਇਹ ਹੋ ਗਏ ਹਨ ਕਿ ਕੂੜੇ ਨੂੰ ਡੰਪਿੰਗ ਗਰਾਊਂਡ ਵਿੱਚ ਸੁੱਟਣ ਤੋਂ ਰੋਕਣ ਨਾਲ ਪੂਰਾ ਮੋਹਾਲੀ ਕੂੜੇ ਦੇ ਢੇਰਾਂ ਨਾਲ ਭਰ ਗਿਆ ਹੈ। ਪੂਰੇ ਸ਼ਹਿਰ ਵਿੱਚ ਕੂੜੇ ਨਾਲ ਭਰੀਆਂ ਟਰਾਲੀਆਂ ਖੜੀਆਂ ਹਨ ਅਤੇ ਸਾਰੇ ਆਰਐਮਸੀ ਸੈਂਟਰਾਂ ਦੇ ਬਾਹਰ ਤੱਕ ਕੂੜਾ ਖਿਲਰਿਆ ਪਿਆ ਹੈ। ਉਹਨਾਂ ਕਿਹਾ ਕਿ ਇਹੀ ਹਾਲਾਤ ਰਹੇ ਤਾਂ ਇਹ ਕੂੜਾ ਰੋਡ ਗਲੀਆਂ ਨੂੰ ਵੀ ਜਾਮ ਕਰ ਦੇਵੇਗਾ ਅਤੇ ਅੱਗੇ ਬਰਸਾਤ ਦਾ ਮੌਸਮ ਹੈ। ਕੂੜਾ ਸੜਨ ਦੇ ਨਾਲ ਮੋਹਾਲੀ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਸਕਦੀਆਂ ਹਨ।

ਉਹਨਾਂ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਮੋਹਾਲੀ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਵੀ ਪੱਤਰ ਲਿਖੇ ਪਰ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਮਜਬੂਰ ਹੋ ਕੇ ਉਹਨਾਂ ਨੂੰ ਸੰਘਰਸ਼ ਦਾ ਇਹ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਿੱਚ ਕਿਸੇ ਦਾ ਕੋਈ ਸਿਆਸੀ ਮੁਫਾਦ ਨਹੀਂ ਸਗੋਂ ਸ਼ਹਿਰ ਵਾਸੀਆਂ ਦੀ ਸਿਹਤ ਦਾ ਮਾਮਲਾ ਸਭ ਤੋਂ ਉੱਪਰ ਹੈ ਜਿਸ ਦੀ ਅਣਦੇਖੀ ਤਮਾਮ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਉਹਨਾਂ ਨੂੰ ਕਹਿੰਦੇ ਹਨ ਕਿ ਸਥਾਨਕ ਸਰਕਾਰ ਵਿਭਾਗ ਦੇ ਇੱਕ ਉੱਚ ਅਧਿਕਾਰੀ ਵੱਲੋਂ ਜੁਬਾਨੀ ਹਦਾਇਤਾਂ ਤਹਿਤ ਕੂੜਾ ਡੰਪਿੰਗ ਗਰਾਊਂਡ ਵਿੱਚ ਸੁੱਟਣਾ ਬੰਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਦੇ ਲਿਖਤੀ ਆਰਡਰ ਮੰਗੇ ਤਾਂ ਨਿਗਮ ਅਧਿਕਾਰੀਆਂ ਕੋਲ ਇਸ ਤਰ੍ਹਾਂ ਦੇ ਕੋਈ ਲਿਖਤੀ ਆਰਡਰ ਨਹੀਂ ਹਨ ਤਾਂ ਫਿਰ ਕੂੜੇ ਦੇ ਪ੍ਰਬੰਧ ਦਾ ਕੋਈ ਬਦਲ ਲੱਭਣ ਤੋਂ ਪਹਿਲਾਂ ਇਸ ਤਰ੍ਹਾਂ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣਾ ਬੰਦ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।

ਉਹਨਾਂ ਕਿਹਾ ਕਿ ਅੱਜ ਉਹਨਾਂ ਨੇ ਜੋ ਅਫਸਰਸ਼ਾਹੀ ਦਾ ਪੁਤਲਾ ਸਾੜਿਆ ਹੈ ਇਹ ਸਿਰਫ ਟਰੇਲਰ ਹੈ ਤੇ ਜੇਕਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੌਰੀ ਤੌਰ ਤੇ ਮੋਹਾਲੀ ਦੇ ਕੂੜੇ ਦੇ ਪ੍ਰਬੰਧ ਲਈ ਕੋਈ ਕਦਮ ਨਾ ਚੁੱਕੇ ਤਾਂ ਉਹ ਰੋਸ ਪ੍ਰਦਰਸ਼ਨ, ਧਰਨਿਆਂ ਤੋਂ ਇਲਾਵਾ ਭੁੱਖ ਹੜਤਾਲ ਤੇ ਵੀ ਬੈਠਣਗੇ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਮੋਹਾਲੀ ਵਾਸੀਆਂ ਦੇ ਹੱਕਾਂ ਲਈ ਲੜਦੇ ਰਹੇ ਹਨ ਅਤੇ ਇਸੇ ਤਰ੍ਹਾਂ ਲੜਦੇ ਰਹਿਣਗੇ।

ਇਸ ਮੌਕੇ ਹਾਜ਼ਰ ਮੋਹਾਲੀ ਨਗਰ ਨਿਗਮ ਦੇ ਕੌਂਸਲਰ ਅਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਜਦੋਂ ਸਾਰੇ ਰਾਹ ਮੁੱਕ ਜਾਂਦੇ ਹਨ ਤਾਂ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਹੀ ਪੈਂਦਾ ਹੈ। ਉਹਨਾਂ ਕਿਹਾ ਕਿ ਅਫਸਰ ਸ਼ਾਹੀ ਨੂੰ ਫੌਰੀ ਤੌਰ ਤੇ ਕੁੰਭਕਰਨੀ ਨੀਂਦ ਤਿਆਗ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਨਹੀਂ ਤਾਂ ਸਾਰਾ ਸ਼ਹਿਰ ਸੜਕਾਂ ਤੇ ਆ ਜਾਵੇਗਾ।

ਮੋਹਾਲੀ ਨਗਰ ਨਿਗਮ ਦੇ ਕੌਂਸਲਰ ਪ੍ਰਮੋਦ ਮਿੱਤਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਧਿਕਾਰੀਆਂ ਨੇ ਸ਼ਹਿਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਥਾਂ ਥਾਂ ਕੂੜੇ ਦੇ ਢੇਰ ਲੱਗਣ ਨਾਲ ਵਾਤਾਵਰਣ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਪ੍ਰਦੂਸ਼ਣ ਫੈਲ ਰਿਹਾ ਹੈ ਇਸ ਲਈ ਅਧਿਕਾਰੀ ਤੁਰੰਤ ਕਾਰਵਾਈ ਕਰਨ ਤੇ ਇਸ ਮਸਲੇ ਦਾ ਹੱਲ ਕਰਵਾਉਣ। ਰਾਮਗੜੀਆ ਸਭਾ ਮੋਹਾਲੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਕਰਮ ਸਿੰਘ ਬਬਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੋਹਾਲੀ ਵਿੱਚ ਕੂੜੇ ਦੇ ਪ੍ਰਬੰਧ ਵਿੱਚ ਨਾਕਾਮ ਰਹਿਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਕੂੜੇ ਦੇ ਪ੍ਰਬੰਧ ਤੇ ਤੁਰੰਤ ਇੰਤਜ਼ਾਮ ਕਰਵਾਇਆ ਜਾਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਪੀ ਸੀਏ ਦੇ ਪ੍ਰਧਾਨ ਹਰਜਿੰਦਰ ਸਿੰਘ ਧਵਨ, ਸਾਬਕਾ ਐਮਸੀ ਮਨਮੋਹਨ ਸਿੰਘ ਲੰਗ, ਗੁਰਮੀਤ ਸਿੰਘ ਫੇਜ਼ ਪੰਜ, ਜਤਿੰਦਰ ਕੌਰ, ਸੀਮਾ ਸਿੰਗਲਾ, ਆਰ ਪੀ ਵਿੱਜ, ਪਿੰਕੀ ਔਲਖ ਸੁਰਿੰਦਰ ਧਾਲੀਵਾਲ ਜਗਜੀਤ ਕੌਰ ਰਾਜਵਿੰਦਰ ਕੌਰ ਗਿੱਲ ਕਮਲਜੀਤ ਕੌਰ ਰਮਨ ਕੁਲਦੀਪ ਕੌਰ ਦਪਿੰਦਰ ਸਿੰਘ ਜਤਿੰਦਰ ਸਿੰਘ ਭੱਟੀ ਸੁਖਬੀਰ ਸਿੰਘ, ਕਸ਼ਿਤਿਜ ਸ਼ਾਰਦਾ, ਅਮਨਦੀਪ ਗੁਲਾਟੀ, ਰਣਜੋਤ ਸਿੰਘ ਵੈਲਫੇਅਰ ਐਸੋਸੀਏਸ਼ਨ ਤੋਂ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਕਰਮਵੀਰ ਗਿੱਲ, ਆਰ ਐਸ ਔਲਖ, ਨਾਹਰ ਸਿੰਘ ਧਾਲੀਵਾਲ, ਕਮਲਪ੍ਰੀਤ ਸਿੰਘ ਬੈਣੀਪਾਲ, ਤਨਵੀਰ ਸਿੰਘ, ਗੁਰਦੇਵ ਸਿੰਘ ਚੌਹਾਨ, ਹਰਜੀਤ ਸਿੰਘ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਫੇਜ 3ਬੀ1, ਵਿਜ ਇੰਦਰ ਸਿੰਘ ਚਾਵਲਾ ਤੇ ਬਲਵਿੰਦਰ ਬੰਸਲ ਸਮੇਤ ਵੱਖ ਵੱਖ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।