5 Dariya News

ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਪਟਵਾਰਖਾਨੇ ਦਾ ਅਚਾਨਕ ਦੌਰਾ

ਜੇਕਰ ਕੋਈ ਕੁਤਾਹੀ ਪਾਈ ਗਈ ਤਾਂ ਹੋਵੇਗੀ ਸਖਤ ਕਾਰਵਾਈ -ਡਾ ਸੇਨੂ ਦੁੱਗਲ

5 Dariya News

ਫਾਜ਼ਿਲਕਾ 20-Jun-2024

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਕੀਤੀਆਂ ਹਦਾਇਤਾਂ ਦੇ ਮੱਦੇਨਜਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਅੱਜ ਅਚਾਨਕ ਜ਼ਿਲ੍ਹਾ ਸਦਰ ਮੁਕਾਮ ਤੇ ਸਥਿਤ ਪਟਵਾਰਖਾਨੇ ਦਾ ਦੌਰਾ ਕੀਤਾ ਅਤੇ ਪਟਵਾਰੀਆਂ ਦੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨੇ ਇੱਥੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਪਟਵਾਰੀ 10 ਤੋਂ 12 ਵਜੇ ਤੱਕ ਹਰ ਹਾਲਤ ਵਿੱਚ ਆਪਣੇ ਦਫਤਰ ਵਿੱਚ ਹਾਜ਼ਰ ਰਹਿਣਗੇ ਅਤੇ ਇਸ ਸਮੇਂ ਦੌਰਾਨ ਕੋਈ ਵੀ ਫੀਲਡ ਵਿਜਿਟ ਤੇ ਨਹੀਂ ਜਾਵੇਗਾ। ਉਹਨਾਂ ਨੇ ਇਹ ਵੀ ਹਦਾਇਤ ਕੀਤੀ ਕਿ ਸਾਰੇ  ਪਟਵਾਰੀ ਅਤੇ ਕਾਨੂੰਗੋ ਸਰਕਾਰ ਵੱਲੋਂ ਨਿਰਮਿਤ ਪਟਵਾਰਖਾਨੇ ਵਿੱਚ ਹੀ ਆਪਣਾ ਦਫਤਰ ਲਗਾਉਣਗੇ ਅਤੇ ਕਿਸੇ ਪ੍ਰਾਈਵੇਟ ਇਮਾਰਤ ਵਿੱਚ ਆਪਣਾ ਦਫ਼ਤਰ ਨਹੀਂ ਲਗਾਉਣਗੇ। 

ਉਹਨਾਂ ਨੇ ਹਦਾਇਤ ਕੀਤੀ ਕਿ ਜੇਕਰ ਕੋਈ ਪਟਵਾਰੀ ਸਰਕਾਰੀ ਕੰਮ ਕਰਨ ਵਿੱਚ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਵਿਭਾਗੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਪਟਵਾਰੀ ਆਪਣੇ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਦਾ ਰਿਕਾਰਡ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਦਫ਼ਤਰ ਵਿਚ ਲੋਕਾਂ ਦੀ ਖੱਜਲ ਖੁਆਰੀ ਬਰਦਾਸਤ ਨਹੀਂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਕੋਈ ਵੀ ਜਨ ਸੇਵਾ ਵਿੱਚ ਕੁਤਾਹੀ ਕਰਦਾ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨਾਂ ਦੇ ਨਾਲ ਜ਼ਿਲ੍ਹਾ ਮਾਲ ਅਫਸਰ ਸੰਦੀਪ ਕੁਮਾਰ ਵੀ ਹਾਜ਼ਰ ਸਨ।