5 Dariya News

ਜ਼ਿਲ੍ਹਾ ਬਰਨਾਲਾ 'ਚ 7 ਤੋਂ 8 ਲੱਖ ਬੂਟੇ ਇਸ ਸਾਲ ਲਗਾਏ ਜਾਣਗੇ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ

ਸਾਰੇ ਵਿਭਾਗਾਂ ਨੂੰ ਇਸ ਸਬੰਧੀ ਵਿਓਂਤਬੰਦੀ ਜਮ੍ਹਾਂ ਕਰਵਾਉਣ ਦੀ ਨਿਰਦੇਸ਼, ਹਰ ਇੱਕ ਬੂਟੇ ਦੀ ਕੀਤੀ ਜਾਵੇਗੀ ਜੀਓ ਟੈਗਿੰਗ

5 Dariya News

ਬਰਨਾਲਾ 19-Jun-2024

ਧਰਤੀ ਹੇਠਲੇ ਡਿੱਗਦੇ ਪਾਣੀ ਪੱਧਰ ਅਤੇ ਵੱਧਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਬਰਨਾਲਾ 'ਚ 7 ਤੋਂ 8 ਲੱਖ ਬੂਟੇ ਇਸ ਸਾਲ 'ਚ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਇਸ ਸਬੰਧੀ ਬੁਲਾਈ ਗਈ ਵਿਭਾਗਾਂ ਦੀ ਬੈਠਕ ਕਰਦਿਆਂ ਦਿੱਤੀ। 

ਉਨ੍ਹਾਂ ਕਿਹਾ ਕਿ ਸਾਰੇ ਸਬੰਧਿਤ ਵਿਭਾਗ ਜਿਵੇਂ ਕਿ ਜੰਗਲਾਤ ਵਿਭਾਗ, ਜਲ ਸਰੋਤ ਵਿਭਾਗ, ਸਕੂਲ ਸਿੱਖਿਆ ਵਿਭਾਗ, ਬੀ ਐਂਡ ਆਰ, ਸਿੰਚਾਈ ਵਿਭਾਗ, ਪੰਚਾਇਤ ਵਿਭਾਗ ਆਦਿ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਵਿਓਂਤਬੰਦੀ ਅਗਲੇ ਹਫਤੇ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਅਤੇ ਉਨ੍ਹਾਂ ਕਿਹਾ ਕਿ ਹਰ ਇੱਕ ਬੂਟੇ ਦੀ ਜੀਓ ਟੈਗਿੰਗ ਕੀਤੀ ਜਾਵੇ। ਕੋਈ ਵੀ ਸਰਕਾਰੀ ਥਾਂ ਖਾਲੀ ਨਾ ਰੱਖੀ ਜਾਵੇ ਅਤੇ ਹਰ ਇੱਕ ਯੋਗ ਥਾਂ ਉੱਤੇ ਬੂਟੇ ਲਗਾਏ ਜਾਣ ਅਤੇ ਇਨ੍ਹਾਂ ਦੇ ਦੇਖ ਭਾਲ ਕੀਤੀ ਜਾਵੇ।

ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਹੜ੍ਹ ਰੋਕੂ ਸਬੰਧੀ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਹਦਾਇਤ ਕੀਤੀ ਕਿ ਛੱਪੜ, ਸੀਵਰ, ਨਾਲਿਆਂ ਆਦਿ ਦੀ ਸਫਾਈ ਸਮੇਂ ਸਰ ਨੇਪਰੇ ਚਾੜ੍ਹੀ ਜਾਵੇ ਤਾਂ ਜੋ ਸੰਭਾਵਿਤ ਹੜ੍ਹਾਂ ਦੀ ਸਥਿਤੀ 'ਚ ਇਨ੍ਹਾਂ ਥਾਵਾਂ ਉੱਤੇ ਪਾਣੀ ਨਾ ਭਰੇ ਅਤੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ। 

ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਕੰਟਰੋਲ ਰੂਮ ਸਥਾਪਿਤ ਕਰਨਾ, ਕਿਸਤੀਆਂ, ਗੋਤਾਖੋਰਾਂ ਦਾ ਪ੍ਰਬੰਧ ਕਰਨਾਂ ਅਤੇ ਸਾਰੇ ਸੁਰੱਖਿਆ ਦੇ ਮਾਪਦੰਡ ਅਪਨਾਉਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਮੋਬਾਇਲ/ਟੈਲੀਫੋਨ 24/7 ਚਾਲੂ ਰੱਖਣ ਅਤੇ ਉਪਲੱਬਧਤਾ ਨੂੰ ਯਕੀਨੀ ਬਣਾਉਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਮਨਜੀਤ ਸਿੰਘ ਚੀਮਾ, ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਰਿੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਅਤੇ ਹੋਰ ਅਧਿਕਾਰੀ ਸਨ।