5 Dariya News

ਮੋਹਾਲੀ ਦੀਆਂ ਮਾਰਕੀਟਾਂ ਵਿੱਚ ਸਫਾਈ ਲਈ ਵੱਖਰੇ ਤੌਰ ਤੇ ਆਵੇਗਾ ਟੈਂਡਰ

ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਦੀ ਅਗਵਾਈ ਹੇਠ ਲਿਆ ਫੈਸਲਾ

5 Dariya News

ਮੋਹਾਲੀ 11-Jun-2024

ਮੋਹਾਲੀ ਵਿੱਚ ਸਾਫ ਸਫਾਈ ਦੀ ਬਦਹਾਲ ਹਾਲਤ ਨੂੰ ਵੇਖਦਿਆਂ ਅਤੇ ਬੀਤੇ ਕੱਲ ਕਮਿਸ਼ਨਰ ਨੂੰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਲਿਖੀ ਗਈ ਚਿੱਠੀ ਤੋਂ ਬਾਅਦ ਅੱਜ ਕਾਰਜਕਾਰੀ ਮਿਹਰ ਅਮਰੀਕ ਸਿੰਘ ਸੋਮਲ ਨੇ ਨਗਰ ਨਿਗਮ ਮੋਹਾਲੀ ਵਿਖੇ ਅਧਿਕਾਰੀਆਂ ਦੀ ਮੀਟਿੰਗ ਸੱਦੀ। ਇਸ ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਕਮਿਸ਼ਨਰ ਨਵਜੋਤ ਕੌਰ ਸਮੇਤ ਸਫਾਈ ਵਿਭਾਗ ਦੇ ਅਧਿਕਾਰੀ ਹਾਜ਼ਰ ਰਹੇ। 

ਇੱਥੇ ਜ਼ਿਕਰਯੋਗ ਹੈ ਕਿ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜ ਸਿੱਧੂ ਵਿਦੇਸ਼ ਗਏ ਹਨ ਅਤੇ ਉਹਨਾਂ ਦੀ ਥਾਂ ਉੱਤੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੂੰ ਕਾਰਜਕਾਰੀ ਮੇਅਰ ਦਾ ਚਾਰਜ ਦਿੱਤਾ ਗਿਆ ਹੈ। ਮੋਹਾਲੀ ਵਿੱਚ ਸਫਾਈ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਡਿਪਟੀ ਮੇਅਰ ਬੇਦੀ ਨੇ ਮੁੜ ਕਿਹਾ ਕਿ ਸ਼ਹਿਰ ਦੀਆਂ ਇਹ ਅਤੇ ਬੀ ਸੜਕਾਂ ਦੀ ਸਫਾਈ ਦਾ ਤੁਰੰਤ ਪ੍ਰਬੰਧ ਕਰਵਾਇਆ ਜਾਵੇ ਅਤੇ ਮਕੈਨਿਕਲ ਸਵੀਪਿੰਗ ਨੂੰ ਵੀ ਫੌਰੀ ਤੌਰ ਤੇ ਆਰੰਭ ਕਰਵਾਇਆ ਜਾਵੇ।

ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਮਿਸ਼ਨਰ ਨਵਜੋਤ ਕੌਰ ਨੂੰ ਫੌਰੀ ਤੌਰ ਤੇ ਸਫਾਈ ਵਿਵਸਥਾ ਠੀਕ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਗੰਦਗੀ ਦੇ ਢੇਰ ਚਿੰਤਾ ਦਾ ਵਿਸ਼ਾ ਹਨ। ਉਹਨਾਂ ਕਿਹਾ ਕਿ ਖਾਸ ਤੌਰ ਤੇ ਮਾਰਕੀਟਾਂ ਵਿੱਚ ਸਫਾਈ ਨਹੀਂ ਹੋ ਰਹੀ ਅਤੇ ਇਸ ਕਰਕੇ ਤੁਰੰਤ ਮਾਰਕੀਟਾਂ ਵਿੱਚ ਸਾਫ ਸਫਾਈ ਦਾ ਵੱਖਰਾ ਪ੍ਰਬੰਧ ਕਰਨ ਲਈ ਟੈਂਡਰ ਕੱਢਿਆ ਜਾਵੇ। 

ਇਸ ਦੇ ਤਹਿਤ ਫੈਸਲਾ ਕੀਤਾ ਗਿਆ ਕਿ ਮਹਾਲੀ ਦੀਆਂ ਪ੍ਰਮੁੱਖ ਮਾਰਕੀਟਾਂ ਵਿੱਚ ਸਫਾਈ ਕਰਮਚਾਰੀ ਮਾਰਕੀਟਾਂ ਦਾ ਕੂੜਾ ਚੁੱਕਣ ਦੇ ਨਾਲ ਨਾਲ ਦੁਕਾਨਾਂ ਤੋਂ ਕੂੜੇ ਦੀ ਕਲੈਕਸ਼ਨ ਵੀ ਕਰਨਗੇ।ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਨੇ ਇਹ ਵੀ ਹਦਾਇਤਾਂ ਕੀਤੀਆਂ ਕਿ ਸ਼ਹਿਰ ਵਿੱਚ ਲੋੜ ਅਨੁਸਾਰ ਹੋਰ ਸਫਾਈ ਸੇਵਕ ਲਏ ਜਾਣ ਅਤੇ ਠੇਕੇਦਾਰ ਨੂੰ ਕਹਿ ਕੇ ਫੌਰੀ ਤੌਰ ਤੇ ਸਫਾਈ ਕਰਮਚਾਰੀ ਪੂਰੇ ਕੀਤੇ ਜਾਣ ਅਤੇ ਠੇਕੇਦਾਰ ਨੂੰ ਨੋਟਿਸ ਕੱਢਿਆ ਜਾਵੇ।  

ਕਾਰਜਕਾਰੀ ਮੇਅਰ ਨੇ ਇਹ ਵੀ ਕਿਹਾ ਕਿ ਮਕੈਨਿਕਲ ਸਵੀਪਿੰਗ ਵਾਲੇ ਠੇਕੇਦਾਰ ਦਾ ਮਸ਼ੀਨਾਂ ਲਿਆਉਣ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਪਰ ਹਾਲੇ ਤੱਕ ਉਸਨੇ ਮਸ਼ੀਨਾਂ ਨਹੀਂ ਲਿਆਂਦੀਆਂ ਇਸ ਕਰਕੇ ਉਸ ਨੂੰ ਵੀ ਨੋਟਿਸ ਕੱਢਿਆ ਜਾਵੇ। ਉਹਨਾਂ ਕਿਹਾ ਕਿ ਹਾਲਾਂਕਿ ਮਕੈਨਿਕਲ ਠੇਕੇਦਾਰ ਦੀ ਇੱਕ ਚਿੱਠੀ ਵੀ ਨਜ਼ਰ ਨੂੰ ਹਾਸਿਲ ਹੋਈ ਹੈ ਜਿਸ ਵਿੱਚ ਹੋਰ ਸਮਾਂ ਦੇਣ ਲਈ ਕਿਹਾ ਗਿਆ ਹੈ। 

ਕਾਰਜਕਾਰੀ ਮੇਅਰ ਨੇ ਕਿਹਾ ਕਿ ਉਕਤ ਠੇਕੇਦਾਰ ਨੂੰ ਦਫਤਰ ਵਿੱਚ ਸੱਦਿਆ ਜਾਵੇ ਅਤੇ ਮੇਅਰ ਦਫਤਰ ਦੀ ਸਹਿਮਤੀ ਬਗੈਰ ਇਸ ਉੱਤੇ ਕੋਈ ਫੈਸਲਾ ਨਾ ਲਿਆ ਜਾਵੇ ਅਤੇ ਉਸ ਤੋਂ ਲਿਖਤੀ ਤੌਰ ਤੇ ਲਿਆ ਜਾਵੇ। ਮੀਟਿੰਗ ਵਿੱਚ ਸਮਾਜ ਸੇਵੀ ਗੁਰਚਰਨ ਸਿੰਘ ਭਮਰਾ, ਕੌਂਸਲਰ ਕਮਲਪ੍ਰੀਤ ਸਿੰਘ ਬੰਨੀ, ਕੌਂਸਲਰ ਬਲਜੀਤ ਕੌਰ, ਕੌਂਸਲਰ ਕਲੇਰ ਸਮੇਤ ਅਸਿਸਟੈਂਟ ਕਮਿਸ਼ਨਰ ਰੰਜੀਵ ਕੁਮਾਰ ਨਗਰ ਨਿਗਮ ਅਤੇ ਸਫਾਈ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।