5 Dariya News

ਮਾਨਸੂਨ ਤੋਂ ਪਹਿਲਾਂ ਹੜਾਂ ਤੋਂ ਬਚਾਅ ਲਈ ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪ੍ਰਬੰਧ ਮੁਕੰਮਲ ਕਰਨ ਦੀ ਕੀਤੀ ਹਦਾਇਤ

ਅਧਿਕਾਰੀ ਸੰਭਾਵੀ ਹੜ੍ਹਾਂ ਦੇ ਸਮੇਂ ਤੋਂ ਪਹਿਲਾਂ ਪੁਖਤਾ ਪ੍ਰਬੰਧ ਯਕੀਨੀ ਕਰਨ

5 Dariya News

ਰੂਪਨਗਰ 06-Jun-2024

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਉਣ ਵਾਲੇ ਫਲੱਡ ਸੀਜ਼ਨ 2024 ਦੀਆਂ ਤਿਆਰੀਆਂ ਸੰਬੰਧੀ, ਹੜਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ਼ ਮੀਟਿੰਗ ਕੀਤੀ ਅਤੇ ਹਦਾਇਤ ਕਰਦਿਆਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਹੜ੍ਹਾਂ ਤੋਂ ਬਚਾਅ ਲਈ ਪੁੱਖਤਾ ਪ੍ਰਬੰਧ ਕੀਤੇ ਜਾਣ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸੰਭਾਵੀ ਹੜਾਂ ਤੋਂ ਬਚਾਅ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੀਆਂ ਸਾਰੀਆਂ ਡਰੇਨਾਂ, ਨਾਲਿਆਂ ਦੀ ਸਫ਼ਾਈ, ਟੁੱਟੀਆਂ ਪੁਲੀਆਂ ਤੇ ਸੜਕਾਂ ਨੂੰ ਠੀਕ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਆਦੇਸ਼ ਦਿੱਤੇ। 

ਉਨ੍ਹਾਂ ਹਦਾਇਤ ਕੀਤੀ ਕਿ ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਵਿਭਾਗ ਅਤੇ ਡਰੇਨੇਜ ਵਿਭਾਗ ਆਪਸ ਵਿੱਚ ਵਿਚਾਰ ਵਟਾਂਦਰੇ ਕਰਦੇ ਹੋਏ, ਆਉਣ ਵਾਲੀ ਸਮੱਸਿਆ ਦਾ ਹੱਲ ਯਕੀਨੀ ਕਰਨ ਲਈ ਮਿਲ ਕੇ ਕੰਮ ਕਰਨ। ਡਾ. ਪ੍ਰੀਤੀ ਯਾਦਵ ਨੇ ਫੂਡ ਸਪਲਾਈ ਵਿਭਾਗ ਨੂੰ ਲੋੜ ਪੈਣ ਤੇ ਫੂਡ ਪੈਕਿੰਗ, ਜਲ ਸਪਲਾਈ ਵਿਭਾਗ ਨੂੰ ਪੀਣ ਵਾਲੇ ਸ਼ੁੱਧ ਪਾਣੀ, ਸਿਹਤ ਵਿਭਾਗ ਨੂੰ ਦਵਾਈਆਂ, ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ।

ਉਨ੍ਹਾਂ ਨਿਰਦੇਸ਼ ਦਿੱਤੇ ਕਿ ਨਾਜ਼ੁਕ ਖੇਤਰਾਂ ਵਿੱਚ ਪਹਿਲ ਦੇ ਆਧਾਰ ’ਤੇ ਹੜ ਰੱਖਿਆ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਜੇਕਰ ਲਗਾਤਾਰ ਮੀਂਹ ਪੈਂਦਾ ਹੈ ਤਾਂ ਹੋਣ ਵਾਲੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਰਾਹਤ ਅਤੇ ਮੁੜ ਵਸੇਬਾ ਦੀਆਂ ਟੀਮਾਂ ਨੂੰ ਭਾਰੀ ਮੀਂਹ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਐਸ.ਪੀ. ਹੈਡਕਵਾਟਰ ਰਾਜਪਾਲ ਸਿੰਘ ਹੁੰਦਲ, ਆਰ.ਟੀ.ਏ. ਗੁਰਵਿੰਦਰ ਸਿੰਘ ਜੌਹਲ, ਜ਼ਿਲ੍ਹਾ ਮਾਲ ਅਫਸਰ ਕਰੁਣ ਗੁਪਤਾ, ਐਸ.ਡੀ.ਐਮ. ਨੰਗਲ ਅਨਮਜੋਤ ਕੌਰ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਰਾਜਪਾਲ ਸਿੰਘ ਸੇਖੋਂ, ਐਸ.ਡੀ.ਐਮ. ਮੋਰਿੰਡਾ ਸੁਖਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰਪਾਲ ਸਿੰਘ ਚੌਹਾਨ, ਜ਼ਿਲ੍ਹਾ ਜੰਗਲਾਤ ਅਫ਼ਸਰ ਹਰਜਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ ਅਤੇ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।