5 Dariya News

ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ, ਅੰਮ੍ਰਿਤਪਾਲ ਸਿੰਘ 4,04,430 ਵੋਟਾਂ ਹਾਸਿਲ ਕਰਕੇ ਜੇਤੂ ਰਹੇ-ਰਿਟਰਨਿੰਗ ਅਫਸਰ

5 Dariya News

ਤਰਨ ਤਾਰਨ 04-Jun-2024

ਲੋਕ ਸਭਾ ਹਲਕਾ-03 ਖਡੂਰ ਸਾਹਿਬ ਲਈ ਵੋਟਾਂ ਦੀ ਗਿਣਤੀ ਅੱਜ ਵੱਖ-ਵੱਖ ਸਥਾਨਾਂ ‘ਤੇ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ‘ਤੇ ਹੋਈ।ਜ਼ਿਲਾ੍ਹ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਅਤੇ ਮਾਈ ਭਾਗੋ ਕਾਲਜ ਆਫ ਨਰਸਿੰਗ ਪਿੱਦੀ ਵਿਖੇ ਹੋਈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੇ ਜੰਡਿਆਲਾ ਗੁਰੂ ਦੀ ਗਿਣਤੀ ਅੰਮ੍ਰਿਤਸਰ ਵਿਖੇ, ਵਿਧਾਨਾ ਸਭਾ ਹਲਕਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੀ ਗਣਤੀ ਵਿਰਸਾ ਵਿਹਾਰ ਕਪੂਰਥਲਾ ਵਿਖੇ ਅਤੇ ਵਿਧਾਨ ਸਭਾ ਹਲਕਾ ਜ਼ੀਰਾ ਦੀ ਗਿਣਤੀ ਫਿਰੋਜ਼ਪੁਰ ਵਿਖੇ ਸਥਾਪਿਤ ਕੀਤੇ ਗਿਣਤੀ ਕੇਂਦਰਾਂ ‘ਤੇ ਹੋਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕੇ ਦੇ ਰਿਟਰਨਿੰਗ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ, ਸ੍ਰ. ਅੰਮ੍ਰਿਤਪਾਲ ਸਿੰਘ 4,04,430 ਵੋਟਾਂ ਹਾਸਿਲ ਕਰਕੇ ਜੇਤੂ ਰਹੇ।ਉਨਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਉਮੀਦਵਾਰ, ਸ਼੍ਰੀ ਕੁਲਬੀਰ ਸਿੰਘ ਜ਼ੀਰਾ ਤੋਂ 1,97,120 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ।

ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਕਾਂਗਰਸੀ ਉਮੀਦਵਾਰ ਸ਼੍ਰੀ ਜ਼ੀਰਾ ਨੂੰ ਕੁੱਲ 2,07,310 ਵੋਟਾਂ ਪ੍ਰਾਪਤ ਹੋਈਆਂ। ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ, ਸ੍ਰ. ਲਾਲਜੀਤ ਸਿੰਘ ਭੁੱਲਰ ਵੱਲੋਂ 1,94,836 ਵੋਟਾਂ ਹਾਸਿਲ ਕੀਤੀਆਂ ।ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਸ਼੍ਰੀ ਵਿਰਸਾ ਸਿੰਘ ਵਲਟੋਹਾ 86416 ਵੋੋਟਾਂ ਪ੍ਰਾਪਤ ਕੀਤੀਆਂ ਅਤੇ ਭਾਜਪਾ ਉਮੀਦਵਾਰ ਸ਼੍ਰੀ ਮਨਜੀਤ ਸਿੰਘ ਮੰਨਾ ਨੇ 86,373 ਵੋਟਾਂ ਹਾਸਿਲ ਕੀਤੀਆਂ। ਇਸ ਤੋਂ ਇਲਾਵਾ ਨੋਟਾ ਨੂੰ 3452 ਵੋਟਾਂ ਪਾਈਆਂ ਗਈਆਂ।

ਉਨ੍ਹਾ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਰੈਜ਼ੀਡੇਂਟਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਅੰਮ੍ਰਿਤਸਰ, ਸ਼੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ, ਵਿਰਸਾ ਵਿਹਾਰ ਕਪੂਰਥਲਾ ਅਤੇ ਪੰਜਾਬ ਯੂਨੀਵਰਸਿਟੀ ਕਾਲਜ, ਮੋਹਕਮ ਸਿੰਘ ਵਾਲਾ, ਜ਼ੀਰਾ ਰੋਡ, ਫਿਰੋਜ਼ਪੁਰ ਵਿਖੇ ਹਲਕਾ ਖਡੂਰ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਸਬੰਧਤ ਜ਼ਿਲਾ੍ਹ ਚੋਣ ਅਧਿਕਾਰੀਆਂ ਵੱਲੋਂ ਕਰਵਾਈ ਗਈ।ਰਿਟਰਨਿੰਗ ਅਫਸਰ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ ਠੀਕ 8 ਵਜੇ ਨਾਲ ਗਿਣਤੀ ਕੇਂਦਰਾਂ ‘ਤੇ ਸ਼ੁਰੂ ਹੋਈ।ਗਿਣਤੀ ਦਾ ਕਾਰਜ ਚੋਣ ਕਮਿਸ਼ਨ ਦੇ ਗਿਣਤੀ ਆਬਜਰਵਰਾਂ ਦੀ ਦੇਖਰੇਖ ਵਿਚ ਹੋਇਆ ਅਤੇ ਬੜੇ ਹੀ ਸ਼ਾਂਤਮਈ ਢੰਗ ਨਾਲ ਸਮਾਪਤ ਹੋਇਆ।

ਇਸ ਮੌਕੇ ਸ੍ਰੀ ਸੰਦੀਪ ਕੁਮਾਰ ਨੇ ਖਾਸ ਤੌਰ ‘ਤੇ ਚੋਣ ਪ੍ਰਕਰਿਆ ਦੌਰਾਨ ਸਹਿਯੋਗ ਕਰਨ ਲਈ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਯੋਗਦਾਨ ਦੇਣ ਵਾਲੇ ਹਰ ਇੱਕ ਵਿਭਾਗ ਅਤੇ ਕਰਮਚਾਰੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਕੇ ਇਸ ਲੋਕਤੰਤਰ ਦੇ ਤਿਉਹਾਰ ਵਿੱਚ ਯੋਗਦਾਨ ਪਾਇਆ ਹੈ। ਉਹਨਾਂ ਨੇ ਇਸ ਸਮੁੱਚੀ ਪ੍ਰਕਿਰਿਆ ਦੌਰਾਨ ਚੋਣ ਗਤੀਵਿਧੀਆਂ ਨੂੰ ਲੋਕਾਂ ਤੱਕ ਪ੍ਰਚਾਰਿਤ ਕਰਨ ਅਤੇ ਸਵੀਪ ਪ੍ਰੋਜੈਕਟ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਮੀਡੀਆ ਦਾ ਵੀ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ।