5 Dariya News

ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ, ਗਿਣਤੀ 04 ਜੂਨ ਨੂੰ - ਸੰਦੀਪ ਕੁਮਾਰ

5 Dariya News

ਤਰਨ ਤਾਰਨ 03-Jun-2024

ਲੋਕ ਸਭਾ ਚੋਣਾਂ-2024 ਤਹਿਤ ਹਲਕਾ 03-ਖਡੂਰ ਸਾਹਿਬ ਅਧੀਨ ਪੈਂਦੇ 09 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਮਿਤੀ 04 ਜੂਨ ਦਿਨ ਮੰਗਲਵਾਰ ਨੂੰ ਵੱਖ-ਵੱਖ  ਗਿਣਤੀ ਕੇਂਦਰਾਂ ਵਿਖੇ ਕੀਤੀ ਜਾਣੀ ਹੈ। ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਸੰਦੀਪ ਕੁਮਾਰ ਨੇ ਦੱਸਿਆ ਕਿ ਗਿਣਤੀ ਸਵੇਰੇ 8:00 ਵਜੇ ਸੁਰੂ ਹੋਵੇਗੀ। 

ਇਸ ਤੋਂ ਪਹਿਲਾਂ ਸਵੇਰੇ ਸਮੂਹ ਉਮੀਦਵਾਰਾਂ ਜਾਂ ਉਹਨਾਂ ਦੇ ਅਧਿਕਾਰਿਤ ਚੋਣ ਏਜੰਟਾਂ ਦੀ ਹਾਜਰੀ ਵਿੱਚ ਸਟਰਾਂਗ ਰੂਮ ਖੋਲੇ ਜਾਣਗੇ। ਸਭ ਤੋਂ ਪਹਿਲਾਂ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਹੋਵੇਗੀ। ਉਸ ਤੋਂ ਬਾਅਦ ਬਿਜਲਈ ਵੋਟਿੰਗ ਮਸੀਨਾਂ ਦੀ ਗਿਣਤੀ ਹੋਵੇਗੀ। ਉਹਨਾਂ ਕਿਹਾ ਕਿ ਸਾਰੇ ਨਤੀਜੇ ਦੁਪਹਿਰ ਤੱਕ ਸਪੱਸ਼ਟ ਹੋ ਜਾਣ ਦੀ ਸੰਭਾਵਨਾ ਹੈ।

ਉਹਨਾਂ ਦੱਸਿਆ ਕਿ ਹਰੇਕ ਹਲਕੇ ਵਿੱਚ 14-14 ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦਕਿ 3-3 ਵਾਧੂ ਰਿਜ਼ਰਵ ਟੀਮਾਂ ਦਿੱਤੀਆਂ ਗਈਆਂ ਹਨ। ਇੱਕ ਟੀਮ ਵਿੱਚ ਇੱਕ ਮਾਈਕਰੋ ਆਬਜ਼ਰਵਰ, ਇੱਕ ਕਾਊਂਟਿੰਗ ਸੁਪਰਵਾਈਜ਼ਰ, ਇੱਕ ਸਹਾਇਕ ਕਾਊਂਟਿੰਗ ਸੁਪਰਵਾਈਜ਼ਰ ਲਗਾਏ ਗਏ ਹਨ। ਮੀਡੀਆ ਕਰਮੀਆਂ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ। 

ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਆਮ ਵਿਅਕਤੀ ਦੀ ਐਂਟਰੀ ਨਹੀਂ ਹੋ ਸਕਦੀ। ਉਥੇ ਸਿਰਫ਼ ਗਿਣਤੀ ਕਰਨ ਵਾਲਾ ਸਟਾਫ਼, ਸੁਰੱਖਿਆ ਕਰਮੀ, ਚੋਣ ਅਫ਼ਸਰ, ਆਬਜ਼ਰਵਰ, ਮੀਡੀਆ ਕਰਮੀ, ਉਮੀਦਵਾਰ, ਪੋਲਿੰਗ ਏਜੰਟ ਹੀ ਜਾ ਸਕਦੇ ਹਨ, ਜਿਹਨਾਂ ਲਈ ਵੀ ਆਪਣਾ ਐਂਟਰੀ ਪਾਸ ਦਿਖਾਉਣਾ ਬਹੁਤ ਜ਼ਰੂਰੀ ਹੋਵੇਗਾ। ਇਸ ਤੋਂ ਪਹਿਲਾਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ੍  ਸੰਦੀਪ ਕੁਮਾਰ ਨੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ।