5 Dariya News

ਵੋਟਾਂ ਦੀ ਗਿਣਤੀ ਅੱਜ, ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਵੱਲੋਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਾ ਜਾਇਜ਼ਾ

ਵੋਟਾਂ ਦੀ ਗਿਣਤੀ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਇੰਤਜ਼ਾਮ ਮੁਕੰਮਲ-ਪਰੇ

5 Dariya News

ਪਟਿਆਲਾ 03-Jun-2024

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਇੰਤਜ਼ਾਮ ਮੁਕੰਮਲ ਹਨ। ਰਿਟਰਨਿੰਗ ਅਫ਼ਸਰ ਨੇ ਅੱਜ ਇੱਥੇ ਥਾਪਰ ਯੂਨੀਵਰਸਿਟੀ ਵਿਖੇ ਸਟਰੌਂਗ ਰੂਮ ਤੇ ਗਿਣਤੀ ਕੇਂਦਰ ਦਾ ਦੌਰਾ ਕਰਕੇ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਦਾ ਜਾਇਜ਼ਾ ਲਿਆ। 

ਉਨ੍ਹਾਂ ਨੇ ਇਸ ਮੌਕੇ ਗਿਣਤੀਕਾਰਾਂ ਨੂੰ ਹਦਾਇਤ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕਰਨੀ ਯਕੀਨੀ ਬਣਾਈ ਜਾਵੇ। ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਬੰਧਤ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੋਟਾਂ ਦੀ ਗਿਣਤੀ ਭਾਰਤ ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰਾਂ, ਮਾਈਕਰੋ ਆਬਜ਼ਰਵਰਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਦੀ ਨਜ਼ਰ ਹੇਠ ਪੂਰੇ ਸੁਤੰਤਰ ਢੰਗ ਨਾਲ ਸਵੇਰੇ 8 ਵਜੇ ਸ਼ੁਰੂ ਕਰਵਾਈ ਜਾਵੇਗੀ। 

ਜਿਸ ਲਈ ਗਿਣਤੀ ਅਮਲਾ ਤੇ ਹੋਰ ਸਬੰਧਤ ਗਿਣਤੀ ਕੇਂਦਰਾਂ ਵਿਖੇ ਸਵੇਰੇ 6.30 ਵਜੇ ਪੁੱਜ ਜਾਣਗੇ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਹਰ ਇੱਕ ਵੋਟਰ ਦੀ ਵੋਟ ਪੁਆਉਣ ਲਈ ਕੀਤੇ ਵਿਸ਼ੇਸ਼ ਪੁਖ਼ਤਾ ਪ੍ਰਬੰਧਾਂ ਦੇ ਚਲਦਿਆਂ 85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਤੇ ਦਿਵਿਆਂਗਜਨਾਂ ਸਮੇਤ ਦੂਰ-ਦੁਰਾਡੇ ਡਿਊਟੀ ਕਰਦੇ ਮੁਲਾਜਮਾਂ ਦੀਆਂ ਵੋਟਾਂ ਲਾਜਮੀ ਪੁਆਉਣ ਲਈ ਉਨ੍ਹਾਂ ਨੂੰ ਪੋਸਟਲ ਬੈਲੇਟ ਪੇਪਰਜ਼ ਅਤੇ ਈ.ਟੀ.ਬੀ.ਪੀਜ਼ ਮੁਹੱਈਆ ਕਰਵਾਏ ਗਏ ਸਨ। 

ਉਨ੍ਹਾਂ ਦੱਸਿਆ ਕਿ 2500 ਪੋਸਟਲ ਬੈਲੇਟ ਤੇ ਈ.ਟੀ.ਬੀ.ਪੀਜ਼ ਪ੍ਰਾਪਤ ਹੋ ਚੁੱਕੇ ਹਨ, ਇਨ੍ਹਾਂ ਦੀ ਗਿਣਤੀ ਵੱਖਰੇ ਤੌਰ 'ਤੇ ਕਰਵਾਈ ਜਾਵੇਗੀ, ਜਿਸ ਲਈ ਪੋਸਟਲ ਬੈਲੇਟ ਪੇਪਰਾਂ ਅਤੇ ਈ.ਟੀ.ਬੀ.ਪੀਜ਼ ਦੀ ਗਿਣਤੀ ਲਈ ਅਲੱਗ-ਅਲੱਗ ਮੇਜ਼ ਲਗਾਏ ਗਏ ਹਨ। ਵੋਟਾਂ ਦੀ ਗਿਣਤੀ ਦੇ ਹਰ ਰਾਊਂਡ ਦੇ ਨਤੀਜੇ ਮੁਹੱਈਆ ਕਰਵਾਏ ਜਾਣਗੇ ਅਤੇ ਇਹ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਉਪਰ ਵੀ ਉਪਲਬੱਧ ਹੋਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਵਿਖੇ ਮੀਡੀਆ ਦਾ ਦਾਖਲਾ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਅਥਾਰਟੀ ਲੈਟਰ ਨਾਲ ਹੋਵੇਗਾ ਅਤੇ ਇਨ੍ਹਾਂ ਅਧਿਕਾਰਤ ਪੱਤਰਕਾਰ ਸਾਹਿਬਾਨ ਦੀ ਸਹੂਲਤ ਲਈ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਆਡੀਟੋਰੀਅਮ ਵਿਖੇ ਮੁੱਖ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿੱਥੇ ਮੀਡੀਆ ਨੂੰ ਹਰ ਰਾਊਂਡ ਦੇ ਨਤੀਜਿਆਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਦੀਆਂ ਸਪੱਸ਼ਟ ਹਦਾਇਤਾਂ ਮੁਤਾਬਕ ਕਿਸੇ ਵੀ ਗਿਣਤੀ ਕੇਂਦਰ ਦੇ ਅੰਦਰ ਵੀਡੀਓ ਜਾਂ ਫੋਟੋ ਖਿਚਣ ਲਈ ਮੋਬਾਇਲ ਦੀ ਵਰਤੋਂ ਦੀ ਮਨਾਹੀ ਹੈ ਅਤੇ ਫੋਟੋ ਤੇ ਵੀਡੀਓ ਕੇਵਲ ਕੈਮਰੇ ਨਾਲ ਹੀ ਕੀਤੀ ਜਾ ਸਕਦੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 109-ਨਾਭਾ ਹਲਕੇ ਦੀਆਂ ਈ.ਵੀ.ਐਮਜ ਸਰਕਾਰੀ ਆਈ.ਟੀ.ਆਈ. ਲੜਕੇ ਪਟਿਆਲਾ ਦੇ ਇਮਤਿਹਾਨ ਹਾਲ 'ਚ ਏ.ਆਰ.ਓ. ਤਰਸੇਮ ਚੰਦ ਦੀ ਦੇਖ ਰੇਖ ਹੇਠ ਹੋਵੇਗੀ। 110-ਪਟਿਆਲਾ ਦਿਹਾਤੀ ਦੀਆਂ ਵੋਟਾਂ ਦੀ ਗਿਣਤੀ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਅਤੇ 115-ਪਟਿਆਲਾ ਸ਼ਹਿਰੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ ਵਿਖੇ ਏ.ਆਰ.ਓ. ਅਰਵਿੰਦ ਕੁਮਾਰ ਦੀ ਨਿਗਰਾਨੀ ਹੇਠ ਹੋਵੇਗੀ।

ਹਲਕਾ 114-ਸਨੌਰ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਐਸ.ਐਸ.ਟੀ. ਨਗਰ ਵਿਖੇ ਏ.ਆਰ.ਓ. ਬਬਨਦੀਪ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਹੋਵੇਗੀ। 111-ਰਾਜਪੁਰਾ, 112-ਡੇਰਾਬਸੀ ਤੇ 113-ਘਨੌਰ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਕੇਂਦਰ ਪੰਜਾਬੀ ਯੂਨੀਵਰਸਿਟੀ ਵਿਖੇ ਬਣਾਏ ਗਏ ਹਨ। ਇੱਥੇ ਏ.ਆਰ.ਓ. ਜਸਲੀਨ ਕੌਰ ਭੁੱਲਰ, ਹਿਮਾਂਸ਼ੂ ਗਰਗ ਤੇ ਕੰਨੂ ਗਰਗ ਨਿਗਰਾਨੀ ਕਰਨਗੇ। 

ਜਦੋਂਕਿ 116-ਸਮਾਣਾ ਅਤੇ 117-ਸ਼ੁਤਰਾਣਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਪੋਲੋ ਗਰਾਊਂਡ ਦੇ ਸਪੋਰਟਸ ਕੰਪਲੈਕਸ ਵਿਖੇ ਜਿਮਨੇਜ਼ੀਅਮ ਹਾਲ 'ਚ ਐਸ.ਡੀ.ਐਮ. ਰਿਚਾ ਗੋਇਲ ਤੇ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਵੇਗੀ। ਇਸੇ ਦੌਰਾਨ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਨਾਕਾਬੰਦੀ ਗਿਣਤੀ ਕੇਂਦਰਾਂ ਦੁਆਲੇ ਤਿੰਨ ਪਰਤੀ ਸਖ਼ਤ ਸੁਰੱਖਿਆ ਪ੍ਰਬੰਧ ਹਨ ਜਿਸ ਤਹਿਤ ਬਾਹਰ ਕੇਂਦਰੀ ਸੁਰੱਖਿਆ ਬਲ, ਪੰਜਾਬ ਆਰਮਡ ਪੁਲਿਸ ਤੇ ਜ਼ਿਲ੍ਹਾ ਪੁਲਿਸ ਤਾਇਨਾਤ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਕਿਸੇ ਵੀ ਗ਼ੈਰਸਮਾਜੀ ਅਨਸਰ ਨੂੰ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ ਕਿਉਂਕਿ ਸਾਰੀ ਗਿਣਤੀ ਪ੍ਰਕ੍ਰਿਆ ਪੂਰੀ ਤਰ੍ਹਾਂ ਨਿਰਵਿਘਨ ਤੇ ਸ਼ਾਂਤਮਈ ਨੇਪਰੇ ਚਾੜ੍ਹਨ ਲਈ ਪੁਲਿਸ ਨੇ ਪੂਰੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਸਮੇਤ ਉਨ੍ਹਾਂ ਦੇ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਵੋਟਾਂ ਦੀ ਗਿਣਤੀ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ, ਲੋਕਤੰਤਰੀ ਪ੍ਰਕ੍ਰਿਆ ਦਾ ਆਖਰੀ ਅਤੇ ਅਹਿਮ ਪੜਾਅ ਹੈ, ਇਸ ਲਈ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਕਿਸੇ ਵੀ ਤਰ੍ਹਾਂ ਦੀ ਤਣਾਅ ਪੂਰਨ ਅਤੇ ਘਬਰਾਹਟ ਵਾਲੀ ਸਥਿਤੀ ਨਾ ਪੈਦਾ ਹੋਣ ਦੇਣ।

ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਏ.ਡੀ.ਸੀ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਏ.ਆਰ.ਓ ਤੇ ਏ.ਡੀ.ਸੀ. (ਯੂ.ਡੀ.) ਨਵਰੀਤ ਕੌਰ ਸੇਖੋਂ, ਪੀਡੀਏ ਦੇ ਏ.ਸੀ.ਏ. ਜਸ਼ਨਪ੍ਰੀਤ ਕੌਰ ਤੇ ਈ.ਓ. ਪੀਡੀਏ ਦੀਪਜੋਤ ਕੌਰ, ਡੀ.ਡੀ.ਪੀ.ਓ. ਅਮਨਦੀਪ ਕੌਰ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸੰਜੀਵ ਕੁਮਾਰ ਸ਼ਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ।