5 Dariya News

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤਾ ਨਿਵੇਕਲਾ ਉਪਰਾਲਾ

ਵੋਟਰਾਂ ਵਾਸਤੇ ਕੀਤਾ ਠੰਡੇ ਮਿੱਠੇ ਜਲ ਦੀ ਛਬੀਲ ਦਾ ਇੰਤਜਾਮ, ਹਰੇਕ ਵੋਟਰ ਨੂੰ ਦਿੱਤਾ ਛਾਂਦਾਰ ਅਤੇ ਫਲਦਾਰ ਬੂਟਾ

5 Dariya News

ਮੋਹਾਲੀ 01-Jun-2024

ਮੋਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਜੋ ਕਿ ਹਮੇਸ਼ਾ ਹੀ ਕੁਝ ਨਵਾਂ ਕਰਨ ਲਈ ਜਾਣੇ ਜਾਂਦੇ ਹਨ, ਨੇ ਅੱਜ ਵੋਟਾਂ ਦੇ ਇਸ ਮਹਾਂ ਪੁਰਬ ਵਿੱਚ ਕਾਂਗਰਸ ਪਾਰਟੀ ਵੱਲੋਂ ਹਿੱਸਾ ਲੈਂਦਿਆਂ ਫੇਜ਼ 3ਬੀ2 ਵਿਖੇ ਅੰਬੇਦਕਰ ਇੰਸਟੀਚਿਊਟ ਦੇ ਨਾਲ ਬਣੇ ਕਾਂਗਰਸ ਦੇ ਚੋਣ ਬੂਥ ਵਿੱਚ ਨਾ ਸਿਰਫ ਇਸ ਗਰਮੀ ਦੇ ਮੌਸਮ ਵਿੱਚ ਲੋਕਾਂ ਲਈ ਛਬੀਲ ਦਾ ਇੰਤਜ਼ਾਮ ਕੀਤਾ ਸਗੋਂ ਹਰੇਕ ਵੋਟਰ ਨੂੰ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ। 

ਇਸ ਮੌਕੇ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਲਗਾਤਾਰ ਵੱਧਦੀ ਜਾ ਰਹੀ ਗਰਮੀ ਅਤੇ ਗਲੋਬਲ ਵਾਰਮਿੰਗ ਉੱਤੇ ਕਾਬੂ ਪਾਉਣ ਲਈ ਰੁੱਖ ਲਗਾਉਣੇ ਬਹੁਤ ਜਰੂਰੀ ਹਨ ਅਤੇ ਇਸ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਵੋਟਾਂ ਵਾਲੇ ਦਿਨ ਨੂੰ ਚੁਣਿਆ ਅਤੇ ਹਰੇਕ ਵੋਟਰ ਉਹ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾ ਕੇ ਆਇਆ ਹੋਵੇ, ਨੂੰ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਹਨ। ਉਹਨਾਂ ਕਿਹਾ ਕਿ ਸਖਤ ਪੈ ਰਹੀ ਗਰਮੀ ਵਿੱਚ ਵੋਟਾਂ ਪਾਉਣ ਆਉਣ ਵਾਲੇ ਵੋਟਰਾਂ ਦੀ ਸਹੂਲਤ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ। 

ਉਹਨਾਂ ਕਿਹਾ ਕਿ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਰਾਹਤ ਦੇਣ ਲਈ ਉਹਨਾਂ ਨੇ ਕੂਲਰ ਤੇ ਪੱਖੇ ਵੀ ਲਗਾਏ ਹਨ। ਉਹਨਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਦੇ ਨਾਂ ਉੱਤੇ ਬੂਟਾ ਲਗਾਓ ਅਤੇ ਇਸ ਬੂਟੇ ਦੀ ਰਾਖੀ ਵੀ ਜਰੂਰ ਕਰੋ। ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਸਪੁੱਤਰ ਮੋਹਿਤ ਸਿੰਗਲਾ ਵੀ ਇੱਥੇ ਪੁੱਜੇ ਅਤੇ ਡਿਪਟੀ ਮੇਅਰ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।

ਡਿਪਟੀ ਮੇਅਰ ਬੇਦੀ ਨੇ ਆਪਣੇ ਤਮਾਮ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਇਹਨਾਂ ਚੋਣਾਂ ਵਿੱਚ ਲਗਾਤਾਰ ਕਾਂਗਰਸ ਪਾਰਟੀ ਦਾ ਸਮਰਥਨ ਕੀਤਾ ਅਤੇ ਇੰਨੀ ਗਰਮੀ ਵਿੱਚ ਚੋਣ ਪ੍ਰਚਾਰ ਜਾਰੀ ਰੱਖਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜੋ ਸਮਰਥਨ ਮਿਲਿਆ ਹੈ ਉਸ ਦੇ ਅੰਦਾਜ਼ੇ ਨਾਲ ਵਿਜੇ ਇੰਦਰ ਸਿੰਗਲਾ ਵੱਡੇ ਮਾਰਜਿਨ ਨਾਲ ਇਸ ਚੋਣ ਨੂੰ ਜਿੱਤਣਗੇ। 

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਇਸ ਉਪਰਾਲੇ ਦੀ ਇੱਥੇ ਆਉਣ ਵਾਲੇ ਵੋਟਰਾਂ ਨੇ ਵੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਦਵਾਇਆ ਕਿ ਲੋਕਤੰਤਰ ਦੇ ਇਸ ਮਹਾਂਪੁਰਬ ਉੱਤੇ ਜੋ ਬੂਟੇ ਉਹਨਾਂ ਨੂੰ ਦਿੱਤੇ ਗਏ ਹਨ ਉਹ ਉਹਨਾਂ ਨੂੰ ਆਪਣੇ ਘਰਾਂ ਵਿੱਚ ਲਗਾਉਣਗੇ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ ਅਤੇ ਵਾਤਾਵਰਨ ਵਿੱਚ ਵੱਧਦੀ ਜਾ ਰਹੀ ਗਰਮੀ ਤੇ ਗਲੋਬਲ ਵਾਰਮਿੰਗ ਨੂੰ ਕਾਬੂ ਵਿੱਚ ਕਰਨ ਲਈ ਆਪਣਾ ਯੋਗਦਾਨ ਪਾਉਣਗੇ।