5 Dariya News

1 ਜੂਨ ਵੋਟਾਂ ਨੂੰ ਲੈ ਕੇ ਡੀ.ਆਈ.ਜੀ ਰੂਪਨਗਰ ਰੇਂਜ ਦੀ ਅਗਵਾਈ ਵਿਚ ਫਲੈਗ ਮਾਰਚ ਕੱਢਿਆ

5 Dariya News

ਰੂਪਨਗਰ 31-May-2024

ਲੋਕ ਸਭਾ ਚੋਣਾਂ-2024 ਦੇ ਅੰਤਿਮ ਪੜਾਅ ਦੇ ਮੱਦੇਨਜ਼ਰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਨਿਰਪੱਖ ਚੋਣਾਂ ਦੇ ਮੰਤਵ ਨਾਲ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਸੂਬੇ ਵਿਚ ਫਲੈਗ ਮਾਰਚ ਕੱਢੇ ਜਾ ਰਹੇ ਹਨ, ਇਸੇ ਤਹਿਤ ਜ਼ਿਲ੍ਹਾ ਰੂਪਨਗਰ ਵਿਚ ਡੀ.ਆਈ.ਜੀ. ਰੂਪਨਗਰ ਰੇਂਜ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਰੂਪਨਗਰ ਪੁਲਿਸ, ਰਾਜਸਥਾਨ ਪੁਲਿਸ, ਹਰਿਆਣਾ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਨੇ ਸੰਯੁਕਤ ਰੂਪ ਵਿਚ ਸ਼ਹਿਰ ਵਿਚ ਬੇਲਾ ਚੌਂਕ ਤੋਂ ਫਲੈਗ ਮਾਰਚ ਕੱਢਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਰਾਮਿਲਟਰੀ ਫੋਰਸਜ਼, ਸਟੇਟ ਆਰਮ ਪੁਲਿਸ, ਹੋਮਗਾਰਡ ਪੁਲਿਸ ਅਤੇ ਸਥਾਨਕ ਪੁਲਿਸ ਫੋਰਸ ਨਾਲ ਸੰਯੁਕਤ ਰੂਪ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ ਅਤੇ 24 ਘੰਟੇ, 59 ਪੈਟਰੋਲਿੰਗ ਟੀਮਾਂ ਪੈਟਰੋਲਿੰਗ ਕਰ ਰਹੀਆਂ ਹਨ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਅਮਨ ਕਨੂੰਨ ਦੀ ਸਥਿਤੀ ਬਰਕਰਾਰ ਰੱਖਿਆ ਜਾਵੇ ਅਤੇ ਸ਼ਰਾਰਤੀ ਅਨਸਰਾਂ ਉਤੇ ਨਕੇਲ ਕੱਸਕੇ, ਚੋਣ ਪ੍ਰਕਿਰਿਆ ਨੂੰ ਸ਼ਾਂਤੀਮਈ ਢੰਗ ਨਾਲ ਨੇਪੜੇ ਚਾੜਿਆ ਜਾਵੇ।

 ਡੀ.ਆਈ.ਜੀ. ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਫਲਾਇਂਗ ਸੁਕਾਇਡ ਤੇ ਐਸ.ਐਸ.ਟੀ ਟੀਮਾਂ ਲਗਾਤਾਰ ਹਰ ਗਤੀਵਿਧੀਆਂ ਉਤੇ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੂਪਨਗਰ ਵਿਚ 18 ਅੰਤਰਰਾਜੀ ਨਾਕੇ ਲਗਾਏ ਗਏ ਹਨ। ਉਨ੍ਹਾਂ ਵਲੋਂ ਰੂਪਨਗਰ ਦੇ ਨਾਲ ਲਗਦੇ ਰਾਜਾਂ ਦੇ ਐਸ.ਐਸ.ਪੀ., ਡੀ.ਐਸ.ਪੀ., ਐਸ.ਐਚ.ਓ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਨ੍ਹਾਂ ਨਾਲ ਤਾਲਮੇਲ ਰੱਖਿਆ ਹੋਇਆ ਹੈ ਤਾਂ ਜੋ ਬਾਹਰੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਪਹਿਲਾਂ ਰੋਕਿਆ ਜਾ ਸਕੇ।

ਸੀਨੀਅਰ ਪੁਲੀਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਇਸ ਮੌਕੇ ਦੱਸਿਆ ਕਿ ਸੁਰੱਖਿਆ ਸਬੰਧੀ ਇੰਤਜਾਮ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੰਵੇਦਨਸ਼ੀਲ ਤੇ ਨਾਜ਼ੁਕ ਥਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 18001803469 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਐਨ ਵੀ ਐਸ ਪੀ (ਨੈਸ਼ਨਲ ਵੋਟਰ ਸਰਵਿਸ ਪੋਰਟਲ) ਸਮੇਤ ਟੋਲ ਫਰੀ ਹੈਲਪਲਾਈਨ ਨੰਬਰ 1950 ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨਵੇਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਲਾਲਚ ਅਤੇ ਡਰ ਤੋਂ ਉਪਰ ਉਠ ਕੇ ਆਪਣੇ ਸੋਚ ਦੇ ਆਧਾਰ ਉਤੇ ਵੋਟ ਪਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਵੋਟ ਦੇ ਸਹੀ ਅਧਿਕਾਰ ਵਰਤੋਂ ਕਰਨ ਲਈ ਕਹਿਣ।

ਇਸ ਮੌਕੇ ਹੇਠ ਐੱਸ.ਪੀ ਹੈੱਡਕੁਆਰਟਰ ਸ. ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ ਹਰਪਿੰਦਰ ਕੌਰ ਗਿੱਲ, ਡੀ.ਐਸ.ਪੀ ਮਨਵੀਰ ਸਿੰਘ ਬਾਜਵਾ ਅਤੇ ਪੁਲਿਸ ਵਿਭਾਗ ਦੇ ਹੋਰ ਉੱਚ ਅਧਿਕਾਰੀ ਤੇ ਪੈਰਾ ਮਿਲਟਰੀ ਦੀਆਂ ਟੁਕੜੀਆਂ ਹਾਜ਼ਰ ਸਨ।