5 Dariya News

ਸਪੈਸ਼ਲ ਪੁਲਿਸ ਅਬਜ਼ਰਵਰ ਤੇ ਸਪੈਸ਼ਲ ਐਕਸਪੈਂਡੀਚਰ ਅਬਜ਼ਰਵਰ ਨੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ

5 Dariya News

ਰੂਪਨਗਰ 30-May-2024

1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫਤਰ ਵਿਖੇ ਸਪੈਸ਼ਲ ਪੁਲਿਸ ਅਬਜ਼ਰਵਰ ਸ਼੍ਰੀ ਦੀਪਕ ਮਿਸ਼ਰਾ ਸਾਬਕਾ ਆਈ.ਪੀ.ਐਸ. ਅਤੇ ਸਪੈਸ਼ਲ ਐਕਸਪੈਂਡੀਚਰ ਅਬਜ਼ਰਵਰ ਸ਼੍ਰੀ ਬੀ.ਆਰ. ਬਾਲਾ ਕ੍ਰਿਸ਼ਨਨ ਸਾਬਕਾ ਆਈ.ਆਰ.ਐੱਸ ਵਲੋਂ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਐਫ.ਐਸ.ਟੀ. ਤੇ ਐਸ.ਐਸ.ਟੀ. ਟੀਮਾਂ ਵਲੋਂ ਲਗਾਏ ਜਾਣ ਵਾਲੇ ਨਾਕਿਆਂ ਅਤੇ ਕੀਤੀ ਜਾ ਰਹੀ ਰਿਕਵਰੀ ਬਾਰੇ ਪੁੱਛਿਆ ਗਿਆ ਅਤੇ ਰਿਟਰਨਿੰਗ ਅਫਸਰ ਨੂੰ ਸਾਰੇ ਨਾਕਿਆਂ ਦੀ ਵੈੱਬ ਕਾਸਟਿੰਗ ਯਕੀਨੀ ਤੌਰ ਉਤੇ ਕਰਨ ਲਈ ਕਿਹਾ ਗਿਆ।

ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਵਿਖੇ ਤਿੰਨੋਂ ਬੋਟਲਿੰਗ ਪਲਾਂਟ ਉਤੇ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਨਿਗਰਾਨੀ ਰੱਖੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸ਼ਰਾਬ ਦੇ ਵੱਖ-ਵੱਖ ਸਟਾਕ ਵਾਲੀਆਂ ਥਾਵਾਂ ਉਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਮੈਰਿਜ ਪੈਲਸਾਂ, ਸ਼ੈਲਰਾਂ ਅਤੇ ਹੋਰ ਖਾਲੀ ਗੁਦਾਮਾਂ ਦੀ ਚੈਕਿੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸੀ-ਵਿਜਲ ਅਤੇ ਹੋਰ ਟੋਲ ਫਰੀ ਨੰਬਰਾਂ ਉਤੇ ਮਿਲੀਆਂ ਸ਼ਿਕਾਇਤਾਂ ਦਾ 100 ਫੀਸਦ ਨਿਪਟਾਰਾ ਕੀਤਾ ਜਾ ਚੁੱਕਾ ਹੈ। ਜ਼ਿਲ੍ਹੇ ਵਿਚ 98 ਫੀਸਦ ਹਥਿਆਰਾਂ ਨੂੰ ਜਮ੍ਹਾ ਕਰਵਾਇਆ ਜਾ ਚੁੱਕਾ ਹੈ। ਇਸ ਮੀਟਿੰਗ ਵਿਚ ਸਪੈਸ਼ਲ ਪੁਲਿਸ ਅਬਜ਼ਰਵਰ ਤੇ ਐਕਸਪੈਂਡੀਚਰ ਅਬਜ਼ਰਵਰ ਵਲੋਂ ਨਾਕਿਆਂ ਉਤੇ ਵਾਹਨਾਂ ਦੀ ਚੈਕਿੰਗ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਅਤੇ ਸ਼ਰਾਰਤੀ ਤੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਉਤੇ ਖਾਸ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਗਈ।

ਅਬਜ਼ਰਵਰਾਂ ਵਲੋਂ ਕਿਹਾ ਗਿਆ ਕਿ ਲੋਕ ਸਭਾ ਚੋਣਾਂ ਨੂੰ ਅਮਨ-ਸ਼ਾਂਤੀ, ਨਿਰਪੱਖਤਾ ਅਤੇ ਪਾਰਦਰਸ਼ਤਾ ਢੰਗ ਨਾਲ ਕਰਵਾਉਣ ਵਿਚ ਕੋਈ ਕਮੀ ਨਾ ਛੱਡੀ ਜਾਵੇ ਅਤੇ ਹਰ ਵੋਟਰ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਾਫ-ਸੁੱਥਰਾ ਤੇ ਸਮਾਨਤਾ ਦੇ ਅਧਿਕਾਰ ਵਾਲੀ ਲੋਕਤੰਤਰਿਕ ਪ੍ਰਣਾਲੀ ਮੁਹੱਈਆ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ਦੌਰਾਨ ਜੇਕਰ ਕਿਸੇ ਅਧਿਕਾਰੀ ਵਲੋਂ ਕਿਸੇ ਪੱਧਰ ਉਤੇ ਅਣਗਿਹਲੀ ਵਰਤੀ ਜਾਂਦੀ ਹੈ ਜਿਸ ਨਾਲ ਚੋਣ ਪ੍ਰਕੀਰਿਆ ਪ੍ਰਭਾਵਿਤ ਹੁੰਦੀ ਹੈ ਤਾਂ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। 

ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਤਨਦੇਹੀ ਨਾਲ ਡਿਊਟੀ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਕਰਨ ਦੇ ਬਰਾਬਰ ਹੈ ਅਤੇ ਇਸ ਟੀਚੇ ਨੂੰ ਹਾਸਿਲ ਕਰਨ ਲਈ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ 1 ਜੂਨ ਨੂੰ ਉਨ੍ਹਾਂ ਵਲੋਂ ਕੰਟਰੋਲ ਰੂਮ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਰੇ ਪੋਲਿੰਗ ਬੂਥਾਂ ਦਾ ਨਿਰੀਖਣ ਵੈੱਬ ਕਾਸਟਿੰਗ ਰਾਹੀਂ ਕੀਤਾ ਜਾਵੇਗਾ ਅਤੇ ਚੋਣਾਂ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਡੂੰਘਾਈ ਨਾਲ ਕੀਤਾ ਜਾਵੇਗਾ।

ਇਸ ਮੀਟਿੰਗ ਵਿਚ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨਾਲ ਸਬੰਧਿਤ ਸਮੂਹ ਜ਼ਿਲ੍ਹਾ ਚੋਣ ਅਫਸਰ, ਐਸ.ਐਸ.ਪੀ., ਏ.ਆਰ.ਓ, ਐਕਸਾਈਜ਼ ਵਿਭਾਗ, ਨਾਰਕੋਟਿਕਸ ਕੰਟਰੋਲ ਬਿਊਰੋ, ਡਰੱਗ ਕੰਟਰੋਲ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।