5 Dariya News

ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਕੀਤੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ

ਵੋਟਾਂ ਵਾਲੇ ਦਿਨ ਅਤੇ ਵੋਟਾਂ ਦੀ ਗਿਣਤੀ ਮੌਕੇ ਕੀਤੇ ਪ੍ਰਬੰਧਾਂ ਬਾਰੇ ਕੀਤੀ ਸਮੀਖਿਆ

5 Dariya News

ਸੰਗਰੂਰ 30-May-2024

ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਸਬੰਧੀ ਕੀਤੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਨੇ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਅਤੇ 4 ਜੂਨ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਵੱਖ-ਵੱਖ ਨੁਕਤਿਆਂ ਅਤੇ ਸਮੁੱਚੇ ਚੋਣ ਅਮਲੇ ਦੇ ਯੋਗ ਪ੍ਰਬੰਧਨ ਲਈ ਕੀਤੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਬੂਥਾਂ ’ਤੇ ਲੂ ਤੇ ਗਰਮੀ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਵੋਟਾਂ ਵਾਲੇ ਦਿਨ ਵੋਟਰਾਂ ਦੀ ਸੁਵਿਧਾ ਲਈ ਕੀਤੇ ਪ੍ਰਬੰਧਾਂ, ਭਲਕੇ 31 ਮਈ ਨੂੰ ਰਵਾਨਾ ਹੋਣ ਵਾਲੀਆਂ ਪੋਲਿੰਗ ਪਾਰਟੀਆਂ ਲਈ ਕੀਤੇ ਪ੍ਰਬੰਧਾਂ, ਪੋਲਿੰਗ ਲੋਕੇਸ਼ਨਾਂ ’ਤੇ ਦਿਵਿਆਂਗ ਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਕੀਤੇ ਪ੍ਰਬੰਧਾਂ, ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਦੇ ਪ੍ਰਬੰਧਾਂ, ਸੈਕਟਰ ਅਫ਼ਸਰਾਂ ਦੀ ਸਿਖਲਾਈ, ਸਵੀਪ ਗਤੀਵਿਧੀਆਂ ਤਹਿਤ ਇਸ ਵਾਰ 70 ਤੋਂ ਪਾਰ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੀਤੇ ਜਾ ਰਹੇ ਕਾਰਜਾਂ, ਵੋਟਾਂ ਦੀ ਗਿਣਤੀ ਲਈ ਤਾਇਨਾਤ ਅਮਲੇ ਦੀ ਟਰੇਨਿੰਗ, ਵੈਬ ਕਾਸਟਿੰਗ ਪ੍ਰਬੰਧਾਂ, ਟਰਾਂਸਪੋਰਟ ਪ੍ਰਬੰਧਾਂ ਆਦਿ ਸਮੇਤ ਹੋਰ ਨੁਕਤਿਆਂ ਬਾਰੇ ਜਾਣੂ ਕਰਵਾਇਆ।

ਇਸ ਦੌਰਾਨ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਪੁਲਿਸ, ਪੰਜਾਬ ਹੋਮਗਾਰਡਜ਼, ਸਪੈਸ਼ਲ ਆਰਮਡ ਪੁਲਿਸ, ਸੈਂਟਰਲ ਆਰਮਡ ਪੁਲਿਸ ਫੋਰਸ ਵੱਲੋਂ ਅਮਨ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਫਲੈਗ ਮਾਰਚਾਂ, ਗਸ਼ਤ ਤੇ ਚੌਕਸੀ ਕਾਰਜਾਂ ਬਾਰੇ ਦੱਸਿਆ। ਇਸ ਦੌਰਾਨ ਪੋਲ ਡੇਅ ਡਿਊਟੀ ਲਈ ਸੁਰੱਖਿਆ ਵਿਵਸਥਾਵਾਂ, ਫਲਾਇੰਗ ਸਕੂਐਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਖਰਚਿਆਂ ਦੀ ਨਿਗਰਾਨੀ ਲਈ ਕਾਰਜਸ਼ੀਲ ਟੀਮਾਂ, ਅੰਤਰ ਰਾਜੀ ਨਾਕਿਆਂ ਸਮੇਤ ਹੋਰ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ।

ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਕਿਹਾ ਕਿ ਜ਼ਿਲ੍ਹੇ ’ਚ ਚੋਣ ਪ੍ਰਕਿਰਿਆ ਨੂੰ ਅਮਨ-ਸ਼ਾਂਤੀ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ ਪਰ ਜੇਕਰ ਕੋਈ ਵੀ ਵਿਅਕਤੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੇ ਵਿਅਕਤੀਆਂ ਖਿਲਾਫ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੋਟ ਲਈ ਧਨ ਦੇਣਾ ਜਾਂ ਡਰਾਉਣਾ ਧਮਕਾਉਣਾ ਅਪਰਾਧ ਹੈ। 

ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਕੋਈ ਉਮੀਦਵਾਰ ਜਾਂ ਰਾਜਸੀ ਪਾਰਟੀ ਨਕਦੀ, ਸ਼ਰਾਬ ਜਾਂ ਹੋਰ ਕੋਈ ਚੀਜ਼ ਆਦਿ ਵੰਡ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ ’ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ-ਭੈਅ ਤੋਂ ਆਪਣੀ ਇੱਛਾ ਅਨੁਸਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਅਤੇ ਤਹਿਸੀਲਦਾਰ ਚੋਣਾਂ ਪਰਮਜੀਤ ਕੌਰ ਵੀ ਹਾਜ਼ਰ ਸਨ।