5 Dariya News

ਮੋਹਾਲੀ ਦੇ ਉਦਯੋਗਪਤੀਆਂ ਨੇ ਦਿੱਤਾ ਵਿਜੇਇੰਦਰ ਸਿੰਗਲਾ ਨੂੰ ਭਰਪੂਰ ਸਮਰਥਨ

ਬਿੱਲਾ ਤੇ ਗੁਪਤਾ ਦੀ ਅਗਵਾਈ ਹੇਠ ਹੋਈ ਭਰਵੀਂ ਤੇ ਪ੍ਰਭਾਵਸ਼ਾਲੀ ਮੀਟਿੰਗ

5 Dariya News

ਮੋਹਾਲੀ 29-May-2024

ਮੋਹਾਲੀ ਦੇ ਸਨਅਤਕਾਰਾਂ ਦੀ ਇੱਕ ਮੀਟਿੰਗ ਅੱਜ ਹਰਿੰਦਰ ਪਾਲ ਸਿੰਘ ਬਿੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਹਾਲੀ ਅਤੇ ਅਸ਼ੋਕ ਗੁਪਤਾ (ਡਿਪਲਾਸਟ) ਦੀ ਅਗਵਾਈ ਹੇਠ ਹੋਈ ਜਿਸ ਵਿੱਚ ਉਹ ਸਨਤਕਾਰਾਂ ਵੱਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਆਪਣਾ ਭਰਪੂਰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਡਿਪਟੀ ਮੇਅਰ ਨਗਰ ਨਿਗਮ ਮੋਹਾਲੀ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੀਟਿੰਗ ਵਿੱਚ ਬੋਲਦਿਆਂ ਵਿਜੇ ਇੰਦਰ ਸਿੰਘਲਾ ਨੇ ਕਿਹਾ ਕਿ ਮੋਹਾਲੀ ਉਦਯੋਗ ਦਾ ਹੱਬ ਹੈ ਅਤੇ ਸਨਅਤਾਂ ਨੂੰ ਹੋਰ ਬੜਾਵਾ ਦੇਣ ਲਈ ਕੰਮ ਕਰਨ ਦੀ ਲੋੜ ਹੈ ਜਿਸ ਨਾਲ ਇੱਥੇ ਵੱਡੇ ਪੱਧਰ ਤੇ ਨਿਵੇਸ਼ ਆ ਸਕਦਾ ਹੈ। ਉਹਨਾਂ ਕਿਹਾ ਕਿ ਮੋਹਾਲੀ ਪੰਜਾਬ ਦਾ ਅਤਿ ਮਹੱਤਵਪੂਰਨ ਸ਼ਹਿਰ ਹੈ ਜਿੱਥੇ ਆਈਟੀ ਸੈਕਟਰ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਖਾਸ ਤੌਰ ਤੇ ਇੱਥੇ ਏਅਰਪੋਰਟ ਹੈ ਜਿਸ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਅਤੇ ਇਸ ਦੇ ਨਾਲ ਨਾਲ ਰੇਲਵੇ ਨੈਟਵਰਕ ਨੂੰ ਵੀ ਤਕੜਾ ਬਣਾਉਣ, ਸਿਹਤ ਸਿਸਟਮ ਨੂੰ ਤਕੜਾ ਕਰਨ, ਸੋਲਰ ਸਿਸਟਮ ਜੇ ਖੇਤਰ ਵਿੱਚ ਕੰਮ ਕਰਨ ਦੀ ਲੋੜ ਹੈ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੋਹਾਲੀ ਦੇ ਸਨਅਤਕਾਰਾਂ ਦੀਆਂ ਮੁੱਖ ਲੋੜਾਂ ਵਿੱਚ ਸਮੰਦਰੀ ਬੰਦਰਗਾਹਾਂ ਤੱਕ ਸਮਾਨ ਪਹੁੰਚਾਉਣ ਵਿੱਚ ਲੱਗਦੇ ਭਾਰੀ ਰੇਟਾਂ ਨੂੰ ਘੱਟ ਕਰਾਉਣਾ ਵੀ ਪ੍ਰਮੁੱਖ ਹੈ ਕਿਉਂਕਿ ਪੰਜਾਬ ਦੇ ਨਾਲ ਕੋਈ ਸਮੰਦਰ ਨਹੀਂ ਲੱਗਦਾ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਗੱਲ ਕਰਕੇ ਸਬਸਿਡੀ ਦਿੱਤੀ ਜਾ ਸਕਦੀ ਹੈ ਜਾਂ ਕਿਰਾਏ ਵਿੱਚ ਰਬੇਟ ਦਿੱਤਾ ਜਾ ਸਕਦਾ ਹੈ ਤਾਂ ਜੋ ਸਨਅਤਕਾਰਾਂ ਨੂੰ ਰਾਹਤ ਮਿਲ ਸਕੇ।

ਉਹਨਾਂ ਕਿਹਾ ਕਿ ਇਸ ਤੋਂ ਬਿਨਾਂ ਮੋਹਾਲੀ ਦੇ ਉਦਯੋਗਾਂ ਵਾਸਤੇ ਸਕਿਲਡ ਲੇਬਰ ਵੀ ਵੱਡੀ ਸਮੱਸਿਆ ਹੈ ਜਿਸ ਵਾਸਤੇ ਹੁਨਰ ਮੰਦ ਕਾਮੇ ਤਿਆਰ ਕਰਨ ਦੀ ਲੋੜ ਹੈ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਕੰਮ ਮਿਲੇਗਾ ਤੇ ਉਦਯੋਗਾਂ ਦੀ ਕਾਮਿਆਂ ਦੀ ਲੋੜ ਵੀ ਪੂਰੀ ਹੋਵੇਗੀ ਤੇ ਨੌਜਵਾਨਾਂ ਨੂੰ ਵੀ ਵਿਦੇਸ਼ਾਂ ਵੱਲ ਭੱਜਣ ਦੀ ਲੋੜ ਨਹੀਂ ਪਏਗੀ। ਉਹਨਾਂ ਇਸ ਮੌਕੇ ਅਪੀਲ ਕੀਤੀ ਕਿ ਸਾਰੇ ਉਦਯੋਗਪਤੀ ਡੱਟ ਕੇ ਉਹਨਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਅਤੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਣ ਤਾਂ ਜੋ ਉਹ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਇਲਾਕੇ ਦੇ ਸਮੁੱਚੇ ਵਿਕਾਸ ਲਈ ਗੱਲ ਕਰ ਸਕਣ।

ਇਸ ਤੋਂ ਪਹਿਲਾਂ ਹਰਿੰਦਰ ਪਾਲ ਸਿੰਘ ਬਿੱਲਾ ਅਤੇ ਅਸ਼ੋਕ ਗੁਪਤਾ ਵੱਲੋਂ ਇੱਥੇ ਆਉਣ ਤੇ ਵਿਜੇ ਇੰਦਰ ਸਿੰਗਲਾ ਦਾ ਸਵਾਗਤ ਕੀਤਾ ਗਿਆ ਅਤੇ ਸਨਅਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਿਜੇ ਇੰਦਰ ਸਿੰਗਲਾ ਬੇਹਦ ਤਜਰਬੇਕਾਰ ਅਤੇ ਦੂਰਦਰਸ਼ੀ ਆਗੂ ਹਨ ਜਿਨ੍ਹਾਂ ਨੇ ਪਹਿਲਾਂ ਆਪਣੇ ਹਲਕੇ ਸੰਗਰੂਰ ਵਿੱਚ ਵੱਡੇ ਪ੍ਰੋਜੈਕਟ ਲਿਆ ਕੇ ਅਤੇ ਬੁਨਿਆਦੀ ਢਾਂਚੇ ਨੂੰ ਤਕੜਾ ਬਣਾ ਕੇ ਆਪਣੇ ਆਪ ਨੂੰ ਸਾਬਿਤ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਵਿਜੇਇੰਦਰ ਸਿੰਘਲਾ ਦੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣਨ ਨਾਲ ਖਾਸ ਤੌਰ ਤੇ ਮੋਹਾਲੀ ਹਲਕੇ ਨੂੰ ਵੱਡਾ ਫਾਇਦਾ ਮਿਲੇਗਾ।

ਇਸ ਮੌਕੇ ਐਡਵੋਕੇਟ ਸੁਨੀਲ ਅਤਰੀ, ਰਜਿੰਦਰ ਸਿੰਘ ਆਈਪੀਐਸ (ਰਿਟਾ.), ਜਗਦੀਸ਼ ਮਿੱਤਲ ਆਈਪੀਐਸ (ਰਿਟਾ), ਓਮ ਪ੍ਰਕਾਸ਼, ਕੁਲਵੰਤ ਸਿੰਘ, ਸੁਰਿੰਦਰ ਸਿੰਘ ਸਭਰਵਾਲ, ਗੁਰਚਰਨ ਸਿੰਘ ਠੇਕੇਦਾਰ, ਪੀਜੇ ਸਿੰਘ ਟਾਈਨੋਰ ਵਾਲੇ, ਆਰਐਸ ਸਚਦੇਵਾ, ਕੇਐਸ ਮਾਹਲ, ਗੁਰਮੀਤ ਸਿੰਘ ਭਾਟੀਆ, ਏਐਸਸੀ ਚੀਮਾ, ਪੀਐਸ ਸਾਹਨੀ, ਰਣਜੀਤ ਸਿੰਘ ਆਨੰਦ, ਬਲਬੀਰ ਸਿੰਘ, ਲਲਿਤ ਬਾਂਸਲ ਜਮੁਨਾ ਅਪਾਰਟਮੈਂਟ ਵਾਲੇ, ਸੰਜੀਵ ਸੇਠੀ, ਬੀਐਸ ਆਨੰਦ,  ਗੁਰਪਾਲ ਸਿੰਘ ਮਨੋਚਾ, ਮਨਪ੍ਰੀਤ ਸਿੰਘ ਢੱਠ, ਮੈਡਮ ਪੱਪੀ ਸਮੇਤ ਮੋਹਾਲੀ ਦੇ ਵੱਡੇ ਉਦਯੋਗਪਤੀ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਮੌਕੇ ਨਰਪਿੰਦਰ ਸਿੰਘ ਰੰਗੀ, ਜਸਵੀਰ ਮਣਕੂ, ਹਰਜਿੰਦਰ ਸਿੰਘ ਭੋਲੂ, ਪਰਮਜੀਤ ਸਿੰਘ ਹੈਪੀ (ਸਾਰੇ ਕੌਂਸਲਰ) ਵੀ ਹਾਜ਼ਰ ਸਨ।