5 Dariya News

ਅਮਿਤ ਸ਼ਾਹ ਬਿੱਟੂ ਦੀ ਜ਼ਮਾਨਤ ਬਚਾਉਣ 'ਚ ਮਦਦ ਨਹੀਂ ਕਰ ਸਕਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ

ਕਿਹਾ: ਕਾਂਗਰਸ 'ਚ ਹੋਣ ਦੇ ਬਾਵਜੂਦ ਬਿੱਟੂ ਨੇ ਸ਼ਾਹ ਤੋਂ ਹਮੇਸ਼ਾ 'ਸਿਆਸੀ ਸ਼ਰਨ' ਮੰਗੀ ਹੈ

5 Dariya News

ਲੁਧਿਆਣਾ 26-May-2024

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸਿਆਸੀ ਵਿਰੋਧੀ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਿਆਸੀ ਸ਼ਰਨ ਮੰਗਣ ਵਾਲਾ ਕਹਿੰਦਿਆਂ ਕਿਹਾ ਹੈ ਕਿ ਇੱਥੋਂ ਤੱਕ ਕਿ ਉਨ੍ਹਾਂ (ਸ਼ਾਹ) ਦੀ ਹਿਮਾਇਤ ਵੀ ਭਾਜਪਾ ਉਮੀਦਵਾਰ ਦੀ ਆਪਣੀ 10 ਸਾਲਾਂ ਦੀ ਸੱਤਾ-ਵਿਰੋਧੀ ਲਹਿਰ ਅਤੇ ਲੋਕਾਂ ਦੇ ਮੋਹ ਭੰਗ ਨੂੰ ਦੂਰ ਕਰਨ ਵਿਚ ਮਦਦ ਨਹੀਂ ਕਰੇਗੀ, ਕਿਉਂਕਿ 4 ਜੂਨ ਨੂੰ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਣੀ ਤੈਅ ਹੈ।

ਇੱਥੇ ਗੁਰਦੇਵ ਨਗਰ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਬੋਲਦਿਆਂ, ਵੜਿੰਗ ਨੇ ਸ਼ਾਹ ਵੱਲੋਂ ਬਿੱਟੂ ਦੇ ਚੋਣ ਪ੍ਰਚਾਰ ਲਈ ਸ਼ਹਿਰ ਵਿੱਚ ਕੀਤੇ ਗਏ ਦੌਰੇ ਦਾ ਜ਼ਿਕਰ ਕਰਦਿਆਂ ਟਿੱਪਣੀ ਕੀਤੀ ਕਿ ਲੋਕ ਭਲੀਭਾਂਤ ਜਾਣਦੇ ਹਨ ਕਿ ਬਿੱਟੂ ਨੇ ਇਨ੍ਹਾਂ ਸਾਲਾਂ ਦੌਰਾਨ ਕਾਂਗਰਸ ਦੇ ਨਾਲ ਰਹਿੰਦਿਆਂ ਹੋਇਆਂ ਵੀ ਅਮਿਤ ਸ਼ਾਹ ਤੋਂ "ਸਿਆਸੀ ਸ਼ਰਨ" ਦੀ ਮੰਗ ਕੀਤੀ ਸੀ। ਪਰ ਇੱਥੇ ਉਨ੍ਹਾਂ ਨੂੰ ਆਉਣ ਵਾਲੀ ਹਾਰ ਤੋਂ ਕੋਈ ਨਹੀਂ ਬਚਾ ਸਕਦਾ, ਜੋ ਸਪੱਸ਼ਟ ਤੌਰ 'ਤੇ ਉਨ੍ਹਾਂ ਦੇ ਸਾਹਮਣੇ ਖੜੀ ਹੈ। 

ਉਨ੍ਹਾਂ ਸਵਾਲ ਕੀਤਾ ਕਿ "ਕੀ ਅਮਿਤ ਸ਼ਾਹ ਸਾਂਸਦ ਹੋਣ ਦੇ ਬਾਵਜੂਦ ਬਿੱਟੂ ਦੀ ਲੁਧਿਆਣਾ ਤੋਂ ਗੈਰਹਾਜ਼ਰੀ ਕਾਰਨ ਬਰਬਾਦ ਹੋਏ ਦਸ ਸਾਲਾਂ ਦੀ ਭਰਪਾਈ ਕਰਨਗੇ ?  ਸ਼ਾਹ ਨੂੰ ਵੀ ਅੱਜ ਇਹ ਅਹਿਸਾਸ ਹੋਇਆ ਹੋਵੇਗਾ ਕਿ ਉਹ ਇੱਕ ਗਲਤ ਘੋੜੇ 'ਤੇ ਸੱਟਾ ਲਗਾ ਰਹੇ ਸਨ, ਜੋ ਉਸ ਦੇ ਰਸਤੇ ਤੋਂ ਬਾਹਰ ਹੋ ਗਿਆ ਸੀ ਅਤੇ ਇਸ ਵਾਰ ਦੌੜ ਹਾਰਨਾ ਤੈਅ ਸੀ।" ਇਸ ਦੌਰਾਨ ਵੜਿੰਗ ਨੇ ਆਪਣੀ ਜਿੱਤ ਬਾਰੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਲੁਧਿਆਣਾ ਦੇ ਲੋਕ ਦਸ ਸਾਲਾਂ ਬਾਅਦ ਇਹ ਫਰਕ ਜਾਣ ਸਕਣਗੇ ਕਿ ਹਲਕੇ ਅਤੇ ਇਸਦੇ ਲੋਕਾਂ ਲਈ ਇੱਕ ਸਰਗਰਮ ਅਤੇ ਦਿਖਣ ਵਾਲੇ ਸੰਸਦ ਮੈਂਬਰ ਦਾ ਕੀ ਅਰਥ ਹੁੰਦਾ ਹੈ। 

ਉਨ੍ਹਾਂ ਕਿਹਾ ਕਿ ਬਿੱਟੂ ਦੇ ਚੁਣੇ ਜਾਣ ਤੋਂ ਬਾਅਦ ਗਾਇਬ ਹੋਣ ਕਾਰਨ ਲੁਧਿਆਣਾ ਦੇ ਲੋਕ ਇਹ ਭੁੱਲ ਗਏ ਹਨ ਕਿ ਐਮ.ਪੀ ਨਾਮ ਦੀ ਕੋਈ ਚੀਜ਼ ਵੀ ਹੁੰਦੀ ਹੈ।  ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਫਿਰ ਵੀ ਉਹ ਬਿੱਟੂ ਵੱਲੋਂ ਗੁਆਏ 10 ਸਾਲ ਦੇ ਕੀਮਤੀ ਸਮੇਂ ਨੂੰ ਵਾਪਸ ਨਹੀਂ ਲਿਆ ਸਕਦੇ , ਪਰ ਉਨ੍ਹਾਂ ਵਾਅਦਾ ਕੀਤਾ ਕਿ ਆਉਣ ਵਾਲੇ ਪੰਜ ਸਾਲਾਂ ਦੌਰਾਨ ਉਹ ਜਿਸ ਵੀ ਤਰੀਕੇ ਨਾਲ ਅਤੇ ਜਿੰਨਾ ਸੰਭਵ ਹੋ ਸਕੇ, ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਨਗੇ। 

ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇ 4 ਜੂਨ ਨੂੰ ਸੱਤਾ ਸੰਭਾਲਣ ਨਾਲ ਲੁਧਿਆਣਾ ਦੇ ਲੋਕਾਂ ਨੂੰ ਦੁੱਗਣੀ ਖੁਸ਼ੀ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਦਾ ਇੱਕ ਐਮ.ਪੀ. ਮਿਲੇਗਾ। ਉਨ੍ਹਾਂ ਕਿਹਾ, “ਮੈਂ ਜਾਣਦਾ ਹਾਂ ਕਿ ਲੋਕਾਂ ਦੀ ਸੇਵਾ ਕਿਵੇਂ ਕਰਨੀ ਹੈ ਅਤੇ ਕੰਮ ਕਿਵੇਂ ਕਰਵਾਉਣੇ ਹਨ।” ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ, "ਸਭ ਕੁਝ ਸੰਭਵ ਹੈ, ਤੁਹਾਡੇ ਕੋਲ ਕੰਮ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਦੀ ਜ਼ਰੂਰਤ ਹੈ, ਜੋ ਕਿ ਸੱਤਾ ਤੋਂ ਬਾਹਰ ਜਾਣ ਵਾਲੇ ਸੰਸਦ ਮੈਂਬਰ ਕੋਲ ਨਹੀਂ ਹੈ।”