5 Dariya News

ਪ੍ਰਧਾਨ ਮੰਤਰੀ ਮੋਦੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਾਸੀਆਂ ਵਿਚਾਲੇ ਸੇਤੂ ਦਾ ਕੰਮ ਕਰਾਂਗਾ : ਡਾ ਸੁਭਾਸ਼ ਸ਼ਰਮਾ

ਹਲਕੇ ਦੇ ਵਿਕਾਸ ਲਈ ਹਮੇਸ਼ਾ ਰਹਾਂਗਾ ਯਤਨਸ਼ੀਲ - ਸ਼ਰਮਾ

5 Dariya News

ਮੋਹਾਲੀ 26-May-2024

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੂਬੇ ਦੀਆਂ ਸਰਹੱਦਾਂ ਦੀ ਰਾਖੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜ਼ਰੂਰੀ ਹੈ। ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਬਡਾਲੀ, ਭਾਗੋ ਮਾਜਰਾ, ਅੰਬਿਕਾ ਗ੍ਰੀਨ ਐਵਨਿਊ, ਸੋਢੀ ਸਵੀਟਸ, ਸ਼ਿਵਾਲਿਕ ਐਨਕਲੇਵ, ਆਰਿਆ ਕੰਨਿਆ ਮਹਾਂ ਵਿਦਿਆਲਿਆ, ਸੰਨੀ ਕਲੱਬ, ਕੁਰਾਲੀ ਧਰਮਸ਼ਾਲਾ, ਖਿਜਰਾਬਾਦ, ਤੀੜਾ, ਮੁੱਲਾਂਪੁਰ, ਜਨਤਾ ਕਾਲੋਨੀ, ਕਾਂਸਲ, ਆਰ ਏ ਫਾਰਮਾਂ ਅਤੇ ਨਯਾ ਗਾਂਓ ਬਜ਼ਾਰ ਵਿੱਚ ਕੀਤੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਉਹ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਬਹੁਪੱਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ। 

ਉਨ੍ਹਾਂ ਕਿਹਾ ਕਿ ਭਾਜਪਾ ਦੀ ਜਿੱਤ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਚਿੱਟੇ ਦਾ ਨਸ਼ਾ ਇਸ ਸਮੇਂ ਪੰਜਾਬ ਲਈ ਚੁਣੌਤੀ ਬਣਿਆ ਹੋਇਆ ਹੈ, ਜਿਸ ਨੂੰ ਰੋਕਣ ਲਈ ਸੂਬਾ ਸਰਕਾਰ ਅਸਮਰੱਥ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਤਣ ਉਪਰੰਤ ਉਹ ਇਸ ਮਾਮਲੇ ਨੂੰ ਸੰਸਦ ਵਿੱਚ ਉਭਾਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਨਗੇ ਕਿ ਜਿਵੇਂ ਉਨ੍ਹਾਂ ਨੇ ਦ੍ਰਿੜ ਸੰਕਲਪ ਨਾਲ ਪਾਕਿਸਤਾਨੀ ਅੱਤਵਾਦੀ ਗਤੀਵਿਧੀਆਂ ਨੂੰ ਨਕੇਲ ਪਾਈ ਹੈ ਉਸ ਤਰ੍ਹਾਂ ਹੀ ਪਾਕਿਸਤਾਨ ਤੋਂ ਆਉਂਦੇ ਚਿੱਟੇ ਨੂੰ ਰੋਕਣ ਲਈ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਰਗੇ ਸੁੰਦਰ ਸ਼ਹਿਰ ਦੇ ਨਾਲ ਲੱਗਦੇ ਇੰਨ੍ਹਾਂ ਇਲਾਕਿਆਂ ਦੇ ਵਿਕਾਸ ਲਈ ਵਿਆਪਕ ਯੋਜਨਾ ਉਲੀਕੀ ਜਾਵੇਗੀ।