5 Dariya News

ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੁੱਦਿਆਂ: ਦਰਿਆਈ ਪਾਣੀ, ਚੰਡੀਗੜ੍ਹ, ਐਮਐਸਪੀ ਅਤੇ ਬੰਦੀ ਸਿੰਘਾਂ ਬਾਰੇ ਕੌਮੀ ਪਾਰਟੀਆਂ ਦੇ ਸਟੈਂਡ ਦੀ ਮੰਗ ਕੀਤੀ

5 Dariya News

ਗੁਰਦਾਸਪੁਰ 26-May-2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਚੋਣ ਪ੍ਰਚਾਰ ਲਈ ਨਿੱਤਰੀ ਕੌਮੀ ਪਾਰਟੀਆਂ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਆਖਿਆ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ, ਸੂਬੇ ਦੇ ਰਾਜਧਾਨੀ ਸ਼ਹਿਰ ਚੰਡੀਗੜ੍ਹ ’ਤੇ ਇਸਦੇ ਹੱਕ, ਕਿਸਾਨਾਂ ਲਈ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰਨ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਕਾਦੀਆਂ, ਕਲਾਨੌਰ (ਡੇਰਾ ਬਾਬਾ ਨਾਨਕ) ਅਤੇ ਬਟਾਲਾ ਵਿਚ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਵਿਸ਼ਾਲ ਤੇ ਉਤਸ਼ਾਹਜਨਕ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ), ਕਾਂਗਰਸ ਤੇ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਹੱਕ ਵਿਚ ਖੜ੍ਹੇ ਹੋਣਗੇ ਅਤੇ ਸੂਬੇ ਦਾ ਅੱਧਾ ਪਾਣੀ ਰਾਜਸਥਾਨ ਨੂੰ ਦੇਣ ਦੇ ਧੱਕੇ ਨਾਲ ਕੀਤੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਨਗੇ।

ਉਹਨਾਂ ਕਿਹਾ ਕਿ ਇਹ ਲੀਡਰ ਇਹ ਵੀ ਦੱਸਣ ਕਿ ਕੀ ਉਹ ਚਾਹੁੰਦੇ ਹਨ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਅਤੇ ਐਲਾਨ ਕਰਨ ਕਿ ਉਹ ਹਰਿਆਣਾ ਜਾਂ ਦਿੱਲੀ ਪਹੁੰਚ ਕੇ ਆਪਣੇ ਬਿਆਨ ਨਹੀਂ ਬਦਲਣਗੇ। ਉਹਨਾਂ ਕਿਹਾ ਕਿ ਇਸੇ ਤਰੀਕੇ ਉਹ ਕਿਸਾਨਾਂ ਲਈ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦੀ ਹਮਾਇਤ ਕਰਨਗੇ ਅਤੇ ਐਲਾਨ ਕਰਨਗੇ ਕਿ ਉਹ ਉਮਰ ਕੈਦਾਂ ਪੂਰੀਆਂ ਕਰਨ ਮਗਰੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿਚ ਹਨ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਕੌਮੀ ਪਾਰਟੀਆਂ ਦੇ ਆਗੂ ਇਹਨਾਂ ਮੁੱਦਿਆਂ ’ਤੇ ਸਟੈਂਡ ਲੈਣ ਅਤੇ ਪੰਜਾਬ ਦੇ ਹੱਕ ਵਿਚ ਖੜ੍ਹੇ ਹੋਣ ਤੋਂ ਅਸਮਰਥ ਤਾਂ ਉਹਨਾਂ ਨੂੰ ਸੂਬੇ ਦੇ ਲੋਕਾਂ ਦੇ ਵੋਟ ਮੰਗਣ ਦਾ ਅਧਿਕਾਰ ਨਹੀਂ ਹੈ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਾ ਰਹੇਗਾ ਅਤੇ ਇਹ ਸਾਰੇ ਲਟਕਦੇ ਮਸਲਿਆਂ ਦਾ ਵਾਜਬ ਹੱਲ ਲੈ ਕੇ ਦੇਣ ਵਾਸਤੇ ਵਚਨਬੱਧ ਹੈ।

ਕਾਂਗਰਸ ਪਾਰਟੀ ਅਤੇ ਇਸਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਤੁਸੀਂ ਵੋਟਾਂ ਪਾਉਣ ਜਾਓ ਤਾਂ 1 ਜੂਨ 1984 ਦੀ ਤਾਰੀਕ ਜ਼ਰੂਰ ਯਾਦ ਰੱਖਿਓ ਜਿਸ ਦਿਨ ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। 

ਉਹਨਾਂ ਕਿਹਾ ਕਿ ਤੁਹਾਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ ਕਿ ਕਾਂਗਰਸ ਦੇ ਉਮੀਦਵਾਰ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਸਾਕਾ ਨੀਲਾ ਤਾਰਾ ਵਰਗੇ ਘਿਨੌਣੇ ਕਾਰੇ ਲਈ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਤੇ ਇਹ ਵੀ ਕਿਹਾ ਕਿ ਇਹ ਕੰਮ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਸਿੱਖ ਵਿਰੋਧੀ ਕਾਰਵਾਈਆਂ ਲਈ ਰੰਧਾਵਾ ਪਰਿਵਾਰ ਤੋਂ ਹਿਸਾਬ ਲਿਆ ਜਾਵੇ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ  ਤੇ ਸ੍ਰੀ ਪਟਨਾ ਸਾਹਿਬ ਦਾ ਕੰਟਰੋਲ ਆਰ ਐਸ ਐਸ ਦੇ ਹਵਾਲੇ ਕੀਤਾ। ਉਹਨਾਂ ਕਿਹਾ ਕਿ ਜੋ ਅੰਗਰੇਜ਼ਾਂ ਨੇ ਨਹੀਂ ਕੀਤਾ ਉਹ ਕੇਂਦਰੀ ਸਰਕਾਰ ਨੇ ਕਰ ਵਿਖਾਇਆ ਤੇ ਸ਼੍ਰੋਮਣੀ ਕਮੇਟੀ ਤੋੜ ਕੇ ਹਰਿਆਣਾ ਲਈ ਵੱਖਰੀ ਕਮੇਟੀ ਬਣਾ ਦਿੱਤੀ।

ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਪਾਰਟੀ (ਆਪ) ਨੇ ਕਿਸਾਨਾਂ ਤੇ ਗਰੀਬ ਵਰਗ ਨੂੰ ਅਣਗਿਣਤ ਤਸੀਹੇ ਦਿੱਤੇ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਵੀ ਸ਼ਗਨ, ਐਸ ਸੀ ਸਕਾਲਰਸ਼ਿਪਸਕੀਮ  ਤੇ ਲੜਕੀਆਂ ਲਈ ਮੁਫਤ ਸਾਈਕਲ ਸਕੀਮ ਵਰਗੀ ਯੋਜਨਾ ਨੂੰ ਬੰਦ ਕਰ ਕੇ ਧੱਕਾ ਕੀਤਾ।

ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਵੇਂ ਕੌਮੀ ਪਾਰਟੀਆਂ ਨੇ ਸੰਸਦੀ ਚੋਣਾਂ ਦੌਰਾਨ ਬਿਆਨਬਾਜ਼ੀ ਦਾ ਪੱਧਰ ਇੰਨਾ ਨੀਵਾਂ ਕਰ ਦਿੱਤਾ ਕਿ ਚੋਣ ਕਮਿਸ਼ਨ ਨੂੰ ਉਹਨਾਂ ਨੂੰ ਚੇਤਾਵਨੀ ਦੇਣੀ ਪਈ। ਉਹਨਾ ਕਿਹਾ ਕਿ ਅਕਾਲੀ ਦਲ ਵਿਕਾਸ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਮਾਮਲੇ ’ਤੇ ਚੋਣਾਂ ਲੜ ਰਿਹਾ ਹੈ ਅਤੇ ਉਹ ਇਹਨਾਂ ਸਿਧਾਂਤਾਂ ’ਤੇ ਡਟਿਆ ਰਹੇਗਾ।

ਇਸ ਮੌਕੇ ਸੀਨੀਅਰ ਆਗੂ ਗੁਰਇਕਬਾਲ ਸਿੰਘ ਮਾਹਲ, ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਰਮਨਦੀਪ ਸਿੰਘ ਸੰਧੂ ਤੇ ਨਰੇਸ਼ ਮਹਾਜਨ ਵੀ ਹਾਜ਼ਰ ਸਨ।