5 Dariya News

ਬਠਿੰਡਾ ਵਿਚ ਗਰਜੇ ਅਰਵਿੰਦ ਕੇਜਰੀਵਾਲ- “ਇਕ ਪਰਿਵਾਰ ਦੇ ਰਾਜੇ ਨੂੰ ਹੁਣ ਖ਼ਤਮ ਕਰਨਾ ਹੋਵੇਗਾ”

ਗੁਰਮੀਤ ਸਿੰਘ ਖੁੱਡੀਆਂ ਤੁਹਾਡੇ ਆਪਣੇ ਹਨ, 24 ਘੰਟੇ ਤੁਹਾਡੇ ਵਿਚਕਾਰ ਰਹਿਣਗੇ ਅਤੇ ਤੁਹਾਡੇ ਕੰਮ ਕਰਨਗੇ- ਅਰਵਿੰਦ ਕੇਜਰੀਵਾਲ

5 Dariya News

ਬਠਿੰਡਾ 26-May-2024

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ‘ਆਪ’ਉਮੀਦਵਾਰ ਨਾਲ ਬਠਿੰਡਾ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ ਕਿਹਾ ਕਿ ਪਿਛਲੀ ਵਾਰ ਦੀ ਗ਼ਲਤੀ ਇਸ ਵਾਰ ਨਾ ਦੁਹਰਾਇਓ। ਪਿਛਲੀ ਵਾਰ ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਇਆ ਸੀ, ਪਰ ਉਹ ਕਦੇ ਹਲਕੇ ਵਿੱਚ ਨਜ਼ਰ ਨਹੀਂ ਆਈ। ਜਦਕਿ ਗੁਰਮੀਤ ਖੁੱਡੀਆਂ ਤੁਹਾਡਾ ਆਪਣਾ ਹੈ। 24 ਘੰਟੇ ਤੁਹਾਡੇ ਨਾਲ ਰਹੇਗਾ ਅਤੇ ਤੁਹਾਡਾ ਕੰਮ ਕਰੇਗਾ।

ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ। ਇਹ ਤਾਨਾਸ਼ਾਹੀ ਨੂੰ ਖ਼ਤਮ ਕਰਨ ਦੀ ਚੋਣ ਹੈ। ਉਨ੍ਹਾਂ ਕਿਹਾ ਕਿ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ। ਇਸ ਵਾਰ ਅਜਿਹਾ ਬਟਨ ਦਬਾਓ ਕਿ ਮੋਦੀ ਦਿੱਲੀ ਦੀ ਸੱਤਾ ਤੋਂ ਹੀ ਬਾਹਰ ਹੋ ਜਾਣ। ਇਸ ਚੋਣ ਵਿੱਚ ਤੁਸੀਂ ਨਰਿੰਦਰ ਮੋਦੀ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣਾ ਹੈ।

ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਇਕੱਲਿਆਂ ਹੀ ਲੜਨਾ ਪੈ ਰਿਹਾ ਹੈ। ਇਸ ਲਈ 13 ਸੰਸਦ ਮੈਂਬਰ ਜਿੱਤਾ ਕੇ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰੋ। ਫਿਰ ਪੰਜਾਬ ਦੇ ਫੰਡਾਂ ਨੂੰ ਕੋਈ ਨਹੀਂ ਰੋਕ ਸਕੇਗਾ ਅਤੇ ਰਾਜਪਾਲ ਵੀ ਪੰਜਾਬ ਦਾ ਕੋਈ ਬਿੱਲ ਨਹੀਂ ਰੋਕ ਸਕੇਗਾ। ਇਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 8.5 ਹਜ਼ਾਰ ਕਰੋੜ ਰੁਪਏ ਰੋਕ ਲਏ ਹਨ। ਉਹ ਪੈਸਾ ਪੰਜਾਬ ਦੇ ਪਿੰਡਾਂ ਵਿੱਚ ਸੜਕਾਂ ਬਣਾਉਣ ਅਤੇ ਹੋਰ ਵਿਕਾਸ ਕਾਰਜਾਂ ਲਈ ਵਰਤਣਾ ਸੀ। ਜੇਕਰ ਸਾਡੇ 13 ਸੰਸਦ ਮੈਂਬਰ ਹੋਣਗੇ ਤਾਂ ਉਹ ਕੇਂਦਰ ਸਰਕਾਰ ਨਾਲ ਲੜ ਕੇ ਪੰਜਾਬ ਲਈ ਫੰਡ ਲੈ ਕੇ ਆਉਣਗੇ।

ਕੇਜਰੀਵਾਲ ਨੇ ਕਿਹਾ ਕਿ 2022 ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਚੁਣੀ ਸੀ। ਇਸੇ ਦਾ ਨਤੀਜਾ ਹੈ ਕਿ ਅੱਜ ਪੰਜਾਬ ਵਿੱਚ ਮੁਫ਼ਤ ਅਤੇ 24 ਘੰਟੇ ਬਿਜਲੀ ਮਿਲਦੀ ਹੈ। ਅੱਜ ਪੰਜਾਬ ਦੇ 83 ਫ਼ੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ। ਚੰਗੀ ਸਿੱਖਿਆ ਲਈ ਸਕੂਲ ਆਫ਼ ਐਮਿਨੈਂਸ ਬਣਾਏ ਜਾ ਰਹੇ ਹਨ। 50 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਅਤੇ ਹਜ਼ਾਰਾਂ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ।

ਕੇਜਰੀਵਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਅਸੀਂ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਬਿਜਲੀ ਦੇ ਬਿੱਲਾਂ ਨੂੰ ਘਟਾ ਕੇ ਜ਼ੀਰੋ ਕਰ ਦੇਵਾਂਗੇ ਤਾਂ ਲੋਕਾਂ ਨੇ ਇਸ 'ਤੇ ਵਿਸ਼ਵਾਸ ਨਹੀਂ ਕੀਤਾ, ਪਰ ਅਸੀਂ ਇਸ ਨੂੰ ਸੰਭਵ ਬਣਾਇਆ। ਅਜਿਹਾ ਦੇਸ਼ ਦੇ ਦੋ ਰਾਜਾਂ ਦਿੱਲੀ ਅਤੇ ਪੰਜਾਬ ਵਿੱਚ ਹੀ ਹੋ ਰਿਹਾ ਹੈ ਅਤੇ ਦੋਵਾਂ ਥਾਵਾਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹ ਸਭ ਇਸ ਲਈ ਹੋ ਰਿਹਾ ਹੈ, ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਾਲੇ ਕਹਿ ਰਹੇ ਹਨ ਕਿ 400 ਸੀਟਾਂ ਦਿਓ ਮੋਦੀ ਜੀ ਕੁਝ ਵੱਡਾ ਕਰਨ ਜਾ ਰਹੇ ਹਨ। ਜਦੋਂ ਮੈਂ ਡੁੰਘਾਈ ਪੁੱਛਗਿੱਛ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਉਹ 400 ਸੀਟਾਂ ਇਸ ਲਈ ਮੰਗ ਕਰ ਰਹੇ ਹਨ ਤਾਂ ਜੋ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲ ਸਕਣ ਅਤੇ ਸੰਵਿਧਾਨ ਰਾਹੀਂ ਪਛੜੀਆਂ ਅਤੇ ਅਨੁਸੂਚਿਤ ਜਾਤੀਆਂ ਨੂੰ ਦਿੱਤੇ ਗਏ ਰਾਖਵੇਂਕਰਨ ਨੂੰ ਖ਼ਤਮ ਕਰ ਸਕਣ। ਉਨ੍ਹਾਂ ਕਿਹਾ ਕਿ ਆਰਐਸਐਸ ਅਤੇ ਇਸ ਨਾਲ ਸਬੰਧਿਤ ਜਥੇਬੰਦੀਆਂ ਦਾ ਸ਼ੁਰੂ ਤੋਂ ਹੀ ਇਹੀ ਉਦੇਸ਼ ਰਿਹਾ ਹੈ। ਇਸ ਲਈ ਇਸ ਵਾਰ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਪਾਉਣੀ ਹੈ।