5 Dariya News

ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਭੱਜਿਆ, ਹੁਣ ਬਠਿੰਡੇ ਤੋਂ ਵੀ ਮਾਂਝਿਆ ਜਾਣਾ ਏ- ਭਗਵੰਤ ਮਾਨ

ਫ਼ਿਰੋਜ਼ਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ

5 Dariya News

ਫ਼ਿਰੋਜ਼ਪੁਰ 26-May-2024

ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ‘ਆਪ’ਉਮੀਦਵਾਰਾਂ ਲਈ ਜ਼ੋਰਦਾਰ ਪ੍ਰਚਾਰ ਕੀਤਾ। ਉਨ੍ਹਾਂ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਤਿੰਨ ਵਿਸ਼ਾਲ ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਫਿਰ ਸ਼ਾਮ ਨੂੰ ਫ਼ਿਰੋਜ਼ਪੁਰ 'ਚ ‘ਆਪ’ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਲਈ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਸੱਤਾ ਬਦਲਣ ਲਈ ਤਿਆਰ ਹੋ ਜਾਓ। 

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਇਸ ਲਈ ਭੱਜ ਗਏ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਬੁਰੀ ਤਰ੍ਹਾਂ ਹਾਰ ਹੋਣੀ ਹੈ। ਪਰ ਮੇਰੀ ਗੱਲ ਨੂੰ ਯਾਦ ਰੱਖਿਓ, ਹਰਸਿਮਰਤ ਕੌਰ ਬਾਦਲ ਵੀ ਬਠਿੰਡਾ ਤੋਂ ਹਾਰ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਬਾਦਲ ਪਰਿਵਾਰ ਦਾ ਅੰਤ ਹੋਣ ਜਾ ਰਿਹਾ ਹੈ।  ਮਾਨ ਨੇ ਕਿਹਾ ਕਿ ਉਹ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। 

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵੀ ਉਹ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਕੇਂਦਰ ਪੱਧਰ ’ਤੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਜਗਦੀਪ ਸਿੰਘ ਕਾਕਾ ਬਰਾੜ ਨੂੰ ਆਪਣਾ ਐਮ.ਪੀ ਚੁਣੋ, ਉਹ ਤੁਹਾਡੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ, ਉਹ ਖ਼ੁਦ ਕਿਸਾਨ ਹਨ, ਹੋਰ ਕੋਈ ਤੁਹਾਡੇ ਦਰਦਾਂ ਨੂੰ ਨਹੀਂ ਸਮਝ ਸਕਦਾ। ਮਾਨ ਨੇ ਕਿਹਾ ਕਿ ਕਾਕਾ ਬਰਾੜ ਕੋਲ ਤਜਰਬਾ ਹੈ, ਉਹ ਤੁਹਾਡੇ ਫੰਡ ਲੈ ਕੇ ਆਉਣਗੇ ਅਤੇ ਤੁਹਾਡੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ।

ਭਗਵੰਤ ਮਾਨ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਬਿਕਰਮ ਮਜੀਠੀਆ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ 'ਤੇ ਚੁਟਕੀ ਲੈਂਦਿਆਂ ਆਪਣੀ ਮਸ਼ਹੂਰ ਕਿੱਕਲੀ 2.0 ਸੁਣਾਈ। ਮਾਨ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਵਿੱਚੋਂ ਕੱਢੇ ਜਾਣ ਬਾਰੇ ਕਿੱਕਲੀ ਵਿੱਚ ਨਵੀਆਂ ਲਾਈਨਾਂ ਜੋੜੀਆਂ - "ਹੈਗੇ ਅਸੀਂ ਰੱਜੇ ਪੂੱਜੇ, ਪਰ ਲੋਕ ਕਹਿੰਦੇ ਭੁੱਖੜ ਵੇ...ਕੱਲ੍ਹ ਪਾਰਟੀ 'ਚੋਂ ਕੱਢਣਾ ਪੈ ਗਿਆ, ਜੁਆਕਾਂ ਦਾ ਫੁੱਫੜ ਵੇ...।"

ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ, ਅਸੀਂ 13-0 ਨਾਲ ਜਿੱਤ ਯਕੀਨੀ ਬਣਾਉਣ ਜਾ ਰਹੇ ਹਾਂ, ਤੁਹਾਡੀ ਵੋਟ ਅਤੇ ਸਮਰਥਨ ਬਹੁਤ ਜ਼ਰੂਰੀ 

ਲੋਕਾਂ ਨੂੰ ਸੰਬੋਧਨ ਕਰਦਿਆਂ 'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਫ਼ਿਰੋਜ਼ਪੁਰ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ, ਉਹ ਪੰਜਾਬ 'ਚ ਆਪ ਦੀ 13-0 ਨਾਲ ਜਿੱਤ ਯਕੀਨੀ ਬਣਾਉਣਗੇ | ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਵੋਟ ਅਤੇ ਸਮਰਥਨ ਹੀ ਉਨ੍ਹਾਂ ਦੀ ਤਾਕਤ ਹੈ।  ਉਨ੍ਹਾਂ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸਮਰਥਨ ਬਹੁਤ ਜ਼ਰੂਰੀ ਹੈ।