5 Dariya News

ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਪਾਲਦਾ ਹੈ, ਪਰ ਉਸ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਦਾ: ਵਿਜੇ ਇੰਦਰ ਸਿੰਗਲਾ

ਕੇਂਦਰ ਅਤੇ ਸੂਬਾ ਸਰਕਾਰਾਂ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ

5 Dariya News

ਖਰੜ 26-May-2024

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਪਾਲਦਾ ਹੈ, ਪਰ ਦੁੱਖ ਦੀ ਗੱਲ ਹੈ ਕਿ ਜਦੋਂ ਉਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਤਾਂ ਮੋਦੀ ਅਤੇ ਖੱਟਰ ਸਰਕਾਰ ਨੇ ਉਨ੍ਹਾਂ ਦੇ ਸੀਨੇ ਤੇ ਗੋਲੀਆਂ ਚਲਾ ਦਿੱਤੀਆਂ, ਕੇਂਦਰ ਅਤੇ ਸੂਬਾ ਸਰਕਾਰਾਂ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। 

ਕਾਂਗਰਸ ਪਾਰਟੀ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਾਰੰਟੀ ਦਿੰਦੀ ਹੈ, ਕਿਸਾਨਾਂ ਦਾ ਨਿਰਾਦਰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਵਿਜੇ ਇੰਦਰ ਸਿੰਗਲਾ ਸ਼ਨੀਵਾਰ ਨੂੰ ਇਸ ਲੋਕ ਸਭਾ ਹਲਕੇ ਅਧੀਨ ਆਉਂਦੇ ਪਿੰਡ ਮੱਛਲੀ ਕਲਾਂ, ਜੰਡਪੁਰ, ਸਹੌੜਾਂ, ਬਡਾਲੀ, ਤਿਉੜ, ਢਾਕੋਰਾਂ ਕਲਾਂ, ਮੁੱਲਾਂਪੁਰ ਗਰੀਬਦਾਸ, ਮਿਲਖ, ਨਵਾਂਗਾਓਂ, ਕੁਰਾਲੀ, ਖਾਨਪੁਰ, ਖਰੜ ਅਤੇ ਸੰਨੀ ਇਨਕਲੇਵ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। 

ਉਨ੍ਹਾਂ ਕਿਹਾ ਕਿ ਖੇਤੀ ਖੇਤਰ ਨੂੰ ਸੁਧਾਰਨ ਲਈ ਉਨ੍ਹਾਂ ਦੀਆਂ ਵਿਸ਼ੇਸ਼ ਯੋਜਨਾਵਾਂ ਹਨ, ਅਸੀਂ ਕਿਸਾਨਾਂ ਨੂੰ ਸਸ਼ਕਤ ਬਣਾਵਾਂਗੇ, ਉਨ੍ਹਾਂ ਨੂੰ ਫਸਲਾਂ ਦੀ ਵਿਭਿੰਨਤਾ ਵੱਲ ਲੈ ਕੇ ਜਾਵਾਂਗੇ, ਇਸ ਨਾਲ ਉਨ੍ਹਾਂ ਦੀ ਆਮਦਨ ਵਧੇਗੀ। ਅਸੀਂ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਵਾਂਗੇ ਤਾਂ ਜੋ ਕਿਸਾਨ ਬਿਨਾਂ ਕਿਸੇ ਪਰੇਸ਼ਾਨੀ ਦੇ ਸਮੇਂ ਸਿਰ ਆਪਣੀ ਫ਼ਸਲ ਨੂੰ ਪਾਣੀ ਦੇ ਸਕਣ, ਹੁਣ ਉਨ੍ਹਾਂ ਨੂੰ ਆਪਣੀ ਫ਼ਸਲ ਨੂੰ ਪਾਣੀ ਦੇਣ ਲਈ ਰਾਤ ਨੂੰ ਜਾਗਣਾ ਪੈਂਦਾ ਹੈ। 

ਇਸ ਨਾਲ ਅਸੀਂ ਕਿਸਾਨਾਂ ਨੂੰ ਕਰਜ਼ੇ ਦੇ ਜਾਲ 'ਚੋਂ ਬਾਹਰ ਲਿਆਵਾਂਗੇ, ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਅਨਾਜ ਭੰਡਾਰ ਵਿੱਚ ਕੌਮੀ ਪੂਲ ਵਿੱਚ ਯੋਗਦਾਨ ਪਾਉਣ ਵਿੱਚ ਪਹਿਲੇ ਸਥਾਨ ’ਤੇ ਹੈ, 24 ਮਈ ਤੱਕ ਪੰਜਾਬ ਵਿੱਚੋਂ 124.2 ਲੱਖ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਕਿ ਦੇਸ਼ ਭਰ ਵਿੱਚੋਂ ਖਰੀਦੀ ਗਈ ਕਣਕ ਦਾ 47.29 ਫੀਸਦੀ ਹਿੱਸਾ ਪੰਜਾਬ ਦਾ ਹੈ  ਹੈ। 

ਇਸ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਬਜਾਏ ਉਨ੍ਹਾਂ ਦਾ ਅਪਮਾਨ ਕੀਤਾ ਹੈ, ਉਨ੍ਹਾਂ ਨੂੰ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਸੜਕਾਂ 'ਤੇ ਕਿਲੇ ਵਿਛਾ ਦਿੱਤੇ ਗਏ ਤਾਂ ਜੋ ਇੱਥੋਂ ਦੇ ਕਿਸਾਨ ਆਪਣਾ ਰੋਸ ਪ੍ਰਦਰਸ਼ਨ ਨਾ ਕਰ ਸਕਣ। ਹੁਣ ਇਨ੍ਹਾਂ ਚੋਣਾਂ ਵਿੱਚ ਕਿਸਾਨ ਇਨ੍ਹਾਂ ਕਿਸਾਨ ਵਿਰੋਧੀ ਸਿਆਸੀ ਪਾਰਟੀਆਂ ਨੂੰ ਆਪਣੀਆਂ ਵੋਟਾਂ ਦੀ ਚੋਟ ਨਾਲ ਸਬਕ ਸਿਖਾਉਣਗੇ।

ਵਿਜੇ ਇੰਦਰ ਸਿੰਗਲਾ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਅਸੀਂ ਕਿਸਾਨਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਦੇ ਰਹੇ, ਅੱਜ ਕਿਸਾਨਾਂ ਨੂੰ ਸਮੇਂ ਸਿਰ ਉੱਨਤ ਬੀਜ, ਖਾਦਾਂ ਅਤੇ ਪਾਣੀ ਦੀ ਲੋੜ ਹੈ, ਪਰ ਇਨ੍ਹਾਂ ਚੀਜ਼ਾਂ ਲਈ ਵੀ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਕੇਂਦਰ ਦੀ ਮੋਦੀ ਸਰਕਾਰ ਸ਼ਾਹੂਕਾਰਾਂ ਦੇ ਕਰਜ਼ੇ ਤਾਂ ਮੁਆਫ਼ ਕਰ ਦਿੰਦੇ ਹਨ ਪਰ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕਰ ਸਕਦੇ। 

ਸੂਬੇ ਦੀ ਭਗਵੰਤ ਮਾਨ ਸਰਕਾਰ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖਰਚ ਕਰਦੀ ਹੈ, ਪਰ ਕਿਸਾਨਾਂ ਨੂੰ ਕੋਈ ਰਿਆਇਤ ਨਹੀਂ ਦੇ ਸਕਦੀ। ਪਿੱਛੇ ਜਿਹੇ ਮੈਂ ਇੱਕ ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਪੜ੍ਹ ਰਿਹਾ ਸੀ, ਉਸ ਰਿਪੋਰਟ ਅਨੁਸਾਰ ਕਿਸਾਨ ਦੀਆਂ ਆਪਣੀਆਂ ਫ਼ਸਲਾਂ ਦੀ ਪੈਦਾਵਾਰ 'ਤੇ ਜਿੰਨੀ ਕੀਮਤ ਅਸੀਂ ਦਿੰਦੇ ਹਾਂ, ਉਸ ਤੋਂ ਕਿਤੇ ਜ਼ਿਆਦਾ  ਉਸਦਾ ਪੈਸਾ ਆਪਣੀ ਫ਼ਸਲ 'ਤੇ ਖਰਚ ਹੋ ਰਿਹਾ ਹੈ। ਇਸ ਕਾਰਨ ਕਿਸਾਨਾਂ ਦਾ ਇੱਥੋਂ ਹੀ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ।

ਕਿਸਾਨਾਂ ਦੇ ਨਾਂ 'ਤੇ ਸਿਰਫ ਰਾਜਨੀਤੀ ਕੀਤੀ ਜਾਂਦੀ ਹੈ ਪਰ ਸਾਡੀ ਪਾਰਟੀ ਨੇ ਲਿਖਤੀ ਰੂਪ 'ਚ ਦਿੱਤਾ ਹੈ ਕਿ ਅਸੀਂ ਸਰਕਾਰ 'ਚ ਆਉਂਦੇ ਹੀ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਵਾਂਗੇ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ, ਸਾਡੇ ਕੌਮੀ ਆਗੂ ਰਾਹੁਲ ਗਾਂਧੀ ਦਾ ਕਿਸਾਨਾਂ ਨਾਲ ਵਿਸ਼ੇਸ਼ ਪਿਆਰ ਹੈ, ਉਹ ਕਿਸਾਨਾਂ ਦੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਕਈ ਵਾਰ ਉਹ ਖੁਦ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਅਸੀਂ ਕਿਸਾਨਾਂ ਦੀ ਕਿਸਮਤ ਬਦਲ ਦੇਵਾਂਗੇ, ਇਸ ਲਈ ਕਿਸਾਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। 

ਇਸ ਮੌਕੇ ਉਨ੍ਹਾਂ ਦੇ ਪ੍ਰੋਗਰਾਮਾਂ 'ਚ ਵੱਡੀ ਗਿਣਤੀ 'ਚ ਕਿਸਾਨ ਵੀ ਪਹੁੰਚੇ, ਸਾਰਿਆਂ ਨੇ ਵਿਜੇ ਇੰਦਰ ਸਿੰਗਲਾ ਨੂੰ ਕਿਹਾ ਕਿ ਉਹ ਪਹਿਲੇ ਵਿਅਕਤੀ ਹਨ ਜੋ ਕਿਸਾਨਾਂ ਨਾਲ ਇੰਨੇ ਦਿਲੋਂ ਗੱਲ ਕਰ ਰਹੇ ਹਨ, ਇਸ ਲਈ ਤੁਸੀਂ ਭਰੋਸਾ ਰੱਖੋ ਕਿ ਤੁਸੀਂ ਵੱਡੀ ਗਿਣਤੀ 'ਚ ਇੱਥੋਂ ਜਿੱਤੋਗੇ | ਇਸਦੇ ਨਾਲ ਹੀ, ਇਸ ਮੌਕੇ ਉਨ੍ਹਾਂ ਨਾਲ ਸਥਾਨਕ ਕਾਂਗਰਸੀ ਆਗੂ, ਪਿੰਡਾਂ ਦੇ ਸਰਪੰਚ ਅਤੇ ਪੰਚ ਵੀ ਹਾਜ਼ਰ ਸਨ।