5 Dariya News

ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਬੂਥ ਪੱਧਰ ਤੇ "ਵੋਟਰ ਜਗਾਓ, ਬੂਥ ਪਹੁੰਚਾਓ" ਕਮੇਟੀ ਗਠਿਤ ਕੀਤੀ ਜਾਵੇ - ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ

ਚੋਣ ਜ਼ਾਬਤੇ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਨਿਯੁਕਤ ਕੀਤੇ ਸਮੂਹ ਨੋਡਲ ਅਧਿਕਾਰੀਆਂ ਨਾਲ ਕੀਤੀ ਮੀਟਿੰਗ

5 Dariya News

ਰੂਪਨਗਰ 25-May-2024

ਲੋਕ ਸਭਾ ਚੋਣਾਂ 2024, ਜੋ ਕਿ 1 ਜੂਨ 2024 ਨੂੰ ਹੋਣ ਜਾ ਰਹੀਆਂ ਹਨ, ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ "ਵੋਟਰ ਜਗਾਓ, ਬੂਥ ਪਹੁੰਚਾਓ" ਨਾਅਰੇ ਹੇਠ ਬੂਥ ਪੱਧਰ ਤੇ ਕਮੇਟੀ ਗਠਿਤ ਕਰਕੇ ਕੰਮ ਕੀਤਾ ਜਾਵੇਗਾ, ਅਤੇ ਸਾਰੇ ਹੀ ਵੋਟਰਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਇਹ ਕਮੇਟੀ ਜਾਗਰੂਕ ਕਰੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਚੋਣ ਜ਼ਾਬਤੇ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਨਿਯੁਕਤ ਸਮੂਹ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਪੋਲਿੰਗ ਸਟੇਸ਼ਨਾਂ ਉੱਤੇ ਕੀਤੇ ਜਾਣ ਵਾਲੇ ਪ੍ਰਬੰਧਾਂ, ਹੀਟ ਵੇਵ ਤੋਂ ਬਚਾਅ ਦੇ ਉਪਰਾਲਿਆਂ, ਪੋਲਿੰਗ ਸਟਾਫ਼ ਦੀ ਤਾਇਨਾਤੀ, ਸੰਵੇਦਨਸ਼ੀਲ ਬੂਥਾਂ ਦੀ ਮੈਪਿੰਗ, ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ, ਵੈੱਬ ਕਾਸਟਿੰਗ, ਸੀਆਰਪੀਐਫ ਦੀ ਤਾਇਨਾਤੀ, ਸੰਚਾਰ ਯੋਜਨਾ, ਅੰਤਰਰਾਜੀ ਸਰਹੱਦਾਂ ਉੱਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ।

ਡਾ. ਹੀਰਾ ਲਾਲ ਨੇ ਕਿਹਾ ਕਿ "ਵੋਟਰ ਜਗਾਓ, ਬੂਥ ਪਹੁੰਚਾਓ" ਨਾਅਰੇ ਹੇਠ ਵੋਟਿੰਗ ਵਧਾਉਣ ਲਈ ਬੀ.ਐਲ.ਓਜ਼. ਤੇ ਹੋਰ ਮੈਂਬਰਾਂ ਦੀ ਇੱਕ ਕਮੇਟੀ ਗਠਿਤ ਕੀਤੀ ਜਾਵੇ, ਜਿਸ ਤਹਿਤ ਬੂਥ ਪੱਧਰ ਤੇ ਕੰਮ ਕਰਦੇ ਹੋਏ ਵੋਟਾਂ ਤੋਂ 1 ਦਿਨ ਪਹਿਲਾਂ 31 ਮਈ ਵਾਲੇ ਦਿਨ ਵੀ ਘਰੋਂ ਘਰ ਜਾ ਕੇ, ਜਾ ਧਾਰਮਿਕ ਸਥਾਨਾਂ ਤੋਂ ਅਨਾਊਸਮੇਂਟ ਕਰਵਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਵੋਟਿੰਗ ਵਾਲੇ ਦਿਨ ਵੀ ਜਿਨ੍ਹਾਂ ਵੋਟਰਾਂ ਨੇ ਵੋਟ ਨਹੀਂ ਪਾਈ, ਉਨ੍ਹਾਂ ਨੂੰ ਇਹ ਕਮੇਟੀ ਨਿਮਰਤਾ ਸਹਿਤ ਵੋਟ ਪਾਉਣ ਲਈ ਅਪੀਲ ਵੀ ਕਰੇਗੀ।

ਚੋਣ ਆਬਜ਼ਰਵਰ ਨੇ ਨੋਡਲ ਅਫਸਰ ਪੀ.ਡਬਲਿਊ.ਡੀ. ਨੂੰ ਹਦਾਇਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਦੀ ਡੋਰ ਟੂ ਡੋਰ ਜਾ ਕੇ ਵੋਟ ਪਵਾਉਣ ਦੇ ਕੰਮ ਨੂੰ ਨਿਯਮਾਂ ਅਨੁਸਾਰ ਤੇ ਸਮੇਂ ਸਿਰ ਕਰਵਾਉਣ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਮੁਹੱਈਆਂ ਕਰਵਾਉਣਾ ਯਕੀਨੀ ਬਣਾਉਣ।

ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਮਾਹੌਲ ਵਿਚ ਚੋਣਾਂ ਦੇ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਸਮੂਹ ਅਧਿਕਾਰੀ ਆਪਸੀ ਤਾਲਮੇਲ ਅਤੇ ਸਮਰਪਿਤ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ। ਸਵੀਪ ਗਤੀਵਿਧੀਆਂ ਨੂੰ ਹੋਰ ਜਿਆਦਾ ਤੇਜ ਕਰਨ ਦੀ ਹਦਾਇਤ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਵੋਟ ਦੀ ਸਹੀ ਵਰਤੋਂ ਅਤੇ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਸਵੀਪ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇ ਤਾਂ ਜੋ ਹਰੇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਤੋਂ ਕਰ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਫਲਾਇੰਗ ਸੂਕੈਅਡ,  ਫਲਾਇੰਗ ਸੂਕੈਅਡ (ਸੀ-ਵਿਜ਼ਲ), ਵੀਡੀਓ ਸਰਵੀਲੈਂਸ ਟੀਮਾਂ, ਸਟੈਟਿਕ ਸਰਵੀਲੈਂਸ ਟੀਮਾਂ ਅਤੇ ਲੀਕਰ ਮੋਨੀਟਰਿੰਗ ਟੀਮਾਂ ਪੂਰੀ ਮੁਸਤੈਦੀ ਨਾਲ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਚੋਣਾਂ ਦੌਰਾਨ ਨਸ਼ੇ ਅਤੇ ਨਕਦੀ ਦੀ ਵੰਡ ਨੂੰ ਰੋਕਿਆ ਜਾ ਸਕੇ।  

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫ਼ਸਰ ਸ. ਸੁਖਪਾਲ ਸਿੰਘ, ਆਰ.ਟੀ.ਓ. ਸ. ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਨੰਗਲ ਸ਼੍ਰੀਮਤੀ ਅਨਮਜੋਤ ਕੌਰ, ਜ਼ਿਲ੍ਹਾ ਸੂਚਨਾ ਅਫ਼ਸਰ ਸ਼੍ਰੀ ਯੋਗੇਸ਼ ਕੁਮਾਰ, ਨੋਡਲ ਅਫ਼ਸਰ ਪੀ.ਡਬਲਿਊ.ਡੀ. ਸ. ਰਵਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।