5 Dariya News

ਕਾਂਗਰਸ ਨੇ ਬੁਢਲਾਡਾ ਹਲਕੇ ਵਿਚ ਕੱਢਿਆ ਪ੍ਰਭਾਵਸ਼ਾਲੀ ਰੋਡ ਸੋਅ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ ਵੀ ਰਹੇ ਹਾਜ਼ਰ

5 Dariya News

ਬੁਢਲਾਡਾ 23-May-2024

ਕਾਂਗਰਸ ਪਾਰਟੀ ਦੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਵੀਰਵਾਰ ਨੂੰ ਬੁਢਲਾਡਾ ਹਲਕੇ ਦੇ ਪਿੰਡਾਂ ਵਿਚ ਇੱਕ ਵੱਡਾ ਤੇ ਪ੍ਰਭਾਵਸ਼ਾਲੀ ਰੋਡ ਸੋਅ ਕੱਢਿਆ ਗਿਆ। ਇਸ ਰੋਡ ਸ਼ੋਅ ਨੂੰ ਵੋਟਰਾਂ ਦੇ ਮਿਲੇ ਭਰਮੇ ਹੁੰਗਾਰੇ ਨੇ ਵਿਰੋਧੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਰੋਡ ਸੋਅ ਦੇ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਰਹੇ। 

ਇਸ ਤੋਂ ਇਲਾਵਾ ਹਲਕੇ ਦੀ ਮੁੱਖ ਸੇਵਾਦਾਰ ਡਾ ਰਣਵੀਰ ਕੌਰ ਮੀਆਂ ਸਹਿਤ ਹਲਕੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਵੀ ਹਾਜ਼ਿਰ ਰਹੀ। ਇਹ ਰੋਡ ਸਵੇਰੇ ਬੁਢਲਾਡਾ ਸ਼ਹਿਰ ਤੋਂ ਸ਼ੁਰੂ ਹੋਇਆ ਅਤੇ ਕਰੀਬ ਢਾਈ ਦਰਜ਼ਨ ਪਿੰਡਾਂ ਵਿਚੋਂ ਹੁੰਦਾ ਹੋਇਆ ਮੁੜ ਸ਼ਾਮ ਨੂੰ ਬੁਢਲਾਡਾ ਵਿਚ ਹੀ ਆ ਕੇ ਸਮਾਪਤ ਹੋਇਆ। 

ਇਸ ਰੋਡ ਸੋਅ ਦੌਰਾਨ ਕਾਂਗਰਸੀ ਵਰਕਰਾਂ ਤੇ ਵੋਟਰਾਂ ਵੱਲੋਂ ਥਾਂ ਥਾਂ ਕਾਂਗਰਸੀ ਉਮੀਦਵਾਰ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਕਾਂਗਰਸ ਪਾਰਟੀ ਜਿੰਦਾਬਾਦ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਦੌਰਾਨ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਬਲਕੌਰ ਸਿੰਘ ਸਿੱਧੂ ਦੇ ਵੱਲੋਂ ਥਾਂ-ਥਾਂ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ ਗਿਆ। 

ਇਸ ਮੌਕੇ ਉਹਨਾਂ ਹਲਕੇ ਦੇ ਵਿਕਾਸ ਅਤੇ ਦੇਸ਼ ਦੀ ਭਲਾਈ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਅਕਾਲੀ ਭਾਜਪਾ ਅਤੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਿਆਸੀ ਰਗੜੇ ਲਾਏ। ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਦੇ ਵਿੱਚ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਦੇਸ਼ ਅੱਜ ਇੱਕ ਚੁਰਾਹੇ 'ਤੇ ਖੜਾ ਹੋਇਆ ਹੈ ਜਿੱਥੇ ਨਾ ਸਿਰਫ ਲੋਕਤੰਤਰ ਬਲਕਿ ਸੰਵਿਧਾਨ ਨੂੰ ਵੀ ਖਤਰਾ ਬਣਿਆ ਹੋਇਆ ਹੈ ਅਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਅੱਗੇ ਹੋ ਕੇ ਲੜਾਈ ਲੜੀ ਹੈ। 

ਉਹਨਾਂ ਕਿਹਾ ਕਿ ਅੱਜ ਭਾਜਪਾ ਦੀ ਪੰਜਾਬ ਵਿਰੋਧੀ ਨੀਤੀ ਜਨਤਾ ਦੇ ਸਾਹਮਣੇ ਆ ਚੁੱਕੀ ਹੈ। ਤਿੰਨ ਕਾਲੇ ਕਾਨੂੰਨਾਂ ਨੂੰ ਲਿਆ ਕੇ ਪੰਜਾਬੀਆਂ ਦਾ ਆਰਥਿਕ ਤੌਰ 'ਤੇ ਲੱਕ ਤੋੜਨ ਵਾਲੀ ਇਸ ਪਾਰਟੀ ਵੱਲੋਂ ਕਿਸਾਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਨਹੀਂ ਜਾਣ ਦਿੱਤਾ ਗਿਆ। ਜਿਸ ਕਾਰਨ ਅੱਜ ਭਾਜਪਾ ਉਮੀਦਵਾਰਾਂ ਦਾ ਥਾਂ ਥਾਂ ਘਿਰਾਓ ਹੋ ਰਿਹਾ ਹੈ। 

ਉਹਨਾਂ ਕਿਹਾ ਕਿ ਜੇਕਰ ਦੇਸ਼ ਦੇ ਵਿੱਚ ਮੁੜ ਮੋਦੀ ਦਾ ਰਾਜ ਆਉਂਦਾ ਹੈ ਤਾਂ ਨਾ ਸਿਰਫ ਲੋਕਤੰਤਰ ਖਤਰੇ ਵਿੱਚ ਆ ਜਾਵੇਗਾ ਬਲਕਿ ਦੇਸ਼ ਤਾਨਾਸ਼ਾਹੀ ਵਾਲੇ ਪਾਸੇ ਵਧ ਜਾਵੇਗਾ। ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਕਦੇ ਵੀ ਇਹ ਨਹੀਂ ਭੁੱਲ ਸਕਦੇ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਅਕਾਲੀ ਉਮੀਦਵਾਰ ਜੋ ਉਸ ਸਮੇਂ ਮੋਦੀ ਸਰਕਾਰ ਵਿੱਚ ਮੰਤਰੀ ਸਨ, ਦਾ ਵੀ ਵੱਡਾ ਹੱਥ ਸੀ। 

ਇਸ ਤੋਂ ਇਲਾਵਾ ਬਾਦਲ ਪਰਿਵਾਰ ਵੱਲੋਂ ਲਗਾਤਾਰ ਇਹਨਾਂ ਬਿੱਲਾਂ ਦੇ ਹੱਕ ਵਿੱਚ ਡਟ ਕੇ ਬਿਆਨਬਾਜ਼ੀ ਕੀਤੀ ਜਾਂਦੀ ਰਹੀ। ਕਾਂਗਰਸ ਉਮੀਦਵਾਰ ਨੇ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਇਹ ਧਿਆਨ ਰੱਖਣਾ ਜਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗਿਆ ਇੱਕ ਵੋਟ ਵੀ ਸਿੱਧਾ ਮੋਦੀ ਦੇ ਖਾਤੇ ਵਿੱਚ ਜਾਵੇਗਾ। ਜਿਸ ਦੇ ਚੱਲਦੇ ਇਸ ਗਠਜੋੜ ਨੂੰ ਸਿਆਸੀ ਤੌਰ 'ਤੇ ਹਾਸ਼ੀਏ 'ਤੇ ਧੱਕਣਾ ਬਹੁਤ ਜਰੂਰੀ ਹੈ। ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦਿਆਂ ਜੀਤ ਮਹਿਦਰ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਢਲਾਡਾ, ਮਾਨਸਾ ਤੇ ਹੋਰਨਾ ਹਲਕਿਆਂ ਦੇ ਵਿੱਚ ਰੋਡ ਸ਼ੋਅ ਕਰਕੇ ਗਏ ਹਨ। 

ਪ੍ਰੰਤੂ ਲੋਕਾਂ ਦੇ ਵਿੱਚ ਇੰਨੀ ਨਰਾਜ਼ਗੀ ਸਰਕਾਰ ਪ੍ਰਤੀ ਪਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਨੂੰ ਰੋਡ ਸ਼ੋਅ ਦੌਰਾਨ ਵੀ ਲੋਕਾਂ ਦੇ ਰੋਹ ਤੋਂ ਬਚਣ ਲਈ ਲੁੱਕ ਕੇ ਜਾਣਾ ਪਿਆ। ਉਹਨਾਂ ਕਿਹਾ ਕਿ ਅੱਜ ਇਸ ਪਾਰਟੀ ਦੇ ਰਾਜ ਵਿੱਚ ਭਰਿਸ਼ਟਾਚਾਰ ਚ ਵਾਧਾ ਹੋਇਆ ਹੈ ਅਤੇ ਨਾਲ ਹੀ ਆਮ ਆਦਮੀ ਦੇ ਉੱਪਰ ਅੱਤਿਆਚਾਰ ਹੋਰ ਵਧੇ ਹਨ। ਉਹਨਾਂ ਆਪ ਉਮੀਦਵਾਰ ਤੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਜਿਸਨੇ ਸੂਬੇ ਦਾ ਖੇਤੀਬਾੜੀ ਮੰਤਰੀ ਹੁੰਦਿਆਂ ਆਪਣੇ ਹਲਕੇ ਦੇ ਕਿਸਾਨਾਂ ਦੀ ਬਾਂਹ ਨਹੀਂ ਫੜੀ, ਹੁਣ ਲੋਕ ਸਭਾ ਦੇ ਵਿੱਚ ਜਾ ਕੇ ਉਹ ਕੀ ਕਰੇਗਾ ? 

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕੋ ਇੱਕ ਅਜਿਹੀ ਸਿਆਸੀ ਜਮਾਤ ਹੈ, ਜੋ ਹਰ ਵਰਗ ਨੂੰ ਆਪਣੇ ਨਾਲ ਲੈ ਕੇ ਚੱਲ ਸਕਦੀ ਹੈ। ਇਹ ਕਿਸਾਨਾਂ,ਦੁਕਾਨਦਾਰਾਂ, ਛੋਟੇ ਵਪਾਰੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਦੀ ਹਿਤੈਸ਼ੀ ਪਾਰਟੀ ਹੈ। ਇਸ ਮੌਕੇ ਕਾਂਗਰਸੀ ਉਮੀਦਵਾਰ ਨੇ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੱਖ ਵੱਖ ਪ੍ਰਕਾਰ ਲਈ ਗਰੰਟੀਆਂ ਦੀ ਵੀ ਚਰਚਾ ਕਰਦੇ ਹੋਏ ਕਿਹਾ ਕਿ ਕਿਸਾਨ ਇਸ ਗੱਲ ਨੂੰ ਲੈ ਕੇ ਨਿਸ਼ਚਿੰਤ ਹੋ ਜਾਣ ਜਦ ਹੀ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾ ਕੰਮ ਐਮਐਸਪੀ ਉੱਪਰ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਦੇ ਕਾਨੂੰਨ ਨੂੰ ਮਨਜ਼ੂਰੀ ਦੇਣਾ ਹੋਵੇਗਾ। 

ਇਸੇ ਤਰ੍ਹਾਂ ਜਵਾਨਾਂ ਦੀ ਭਲਾਈ ਦੇ ਲਈ ਅਗਨੀਵੀਰ ਸਕੀਮ ਨੂੰ ਖਤਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਇਲਾਜ ਇਨਾਂ ਮਹਿੰਗਾ ਹੋ ਗਿਆ ਕਿ ਹਰੇਕ ਬੰਦੇ ਦੇ ਵੱਸ ਦਾ ਰੋਗ ਨਹੀਂ ਰਿਹਾ। ਜਿਸ ਦੇ ਚਲਦੇ ਕਾਂਗਰਸ ਦੀ ਸਰਕਾਰ ਬਣਨ 'ਤੇ 25 ਲੱਖ ਦਾ ਇੱਕ ਕਾਰਡ ਹਰੇਕ ਪਰਿਵਾਰ ਨੂੰ ਬਣਾ ਕੇ ਦਿੱਤਾ ਜਾਵੇਗਾ। ਇਸ ਮੌਕੇ ਆਪਣੇ ਭਾਸ਼ਣ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦੇਖ ਚੁੱਕੇ ਹਾਂ ਜਿਹੜੀਆਂ ਅੰਦਰ ਖਾਤੇ ਆਪਸ ਵਿੱਚ ਮਿਲੀਆਂ ਹੋਈਆਂ ਹਨ ਅਤੇ ਇਹਨਾਂ ਦੀ ਨੀਤੀ ਪੰਜਾਬ ਵਿਰੋਧੀ ਹੈ। 

ਉਹਨਾਂ ਆਪਣੇ ਪੁੱਤਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਇਕ ਬਾਪ ਨੂੰ ਦੋ ਸਾਲ ਬੀਤਣ ਦੇ ਬਾਅਦ ਵੀ ਆਪਣੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਦਹਾਲ ਹੈ ਅਤੇ ਗੈਂਗਸਟਰਾਂ ਦਾ ਰਾਜ ਹੈ ਜਿਸ ਦੇ ਚਲਦੇ ਸੂਬੇ ਦੇ ਵਿੱਚ ਆਰਥਿਕ ਵਿਕਾਸ ਰੁਕ ਗਿਆ ਹੈ। 

ਉਹਨਾਂ ਕਿਹਾ ਕਿ ਪੰਜਾਬ ਦੇ ਸਰਬ ਪੱਖੀ ਵਿਕਾਸ ਦੇ ਲਈ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਉਣਾ ਬਹੁਤ ਜਰੂਰੀ ਹੈ‌। ਬਲਕੌਰ ਸਿੰਘ ਸਿੱਧੂ ਨੇ ਬੁਢਲਾਡਾ ਹਲਕੇ ਦੇ ਵੋਟਰਾਂ ਨੂੰ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਹੋਏ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।