5 Dariya News

ਲੋਕ ਸਭਾ ਚੋਣਾਂ 2024: 3000 ਵਲੰਟੀਅਰ ਨਿਭਾਉਣਗੇ 1 ਜੂਨ ਨੂੰ ਜਿੰਮੇਵਾਰੀ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ

ਨੌਵੀਂ ਤੋਂ +2 ਜਮਾਤ ਦੇ ਵਿਦਿਆਰਥੀ ਪੋਲਿੰਗ ਸਟੇਸ਼ਨਾਂ ਉੱਤੇ ਕਰਨਗੇ ਵੋਟਰਾਂ ਦੀ ਮਦਦ

5 Dariya News

ਬਰਨਾਲਾ 23-May-2024

1 ਜੂਨ 2024 ਲੋਕ ਸਭਾ ਚੋਣਾਂ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਵੋਟਰਾਂ ਅਤੇ ਚੋਣ ਅਮਲੇ ਦੀ ਮਦਦ ਲਈ ਜ਼ਿਲ੍ਹਾ ਬਰਨਾਲਾ 'ਚ 3000 ਵਲੰਟੀਅਰ ਤਾਇਨਾਤ ਕੀਤੇ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਚੋਣਾਂ ਦੀਆਂ ਤਿਆਰੀਆਂ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। 

ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 9 ਵੀਂ ਤੋਂ ਲੈ ਕੇ +2 ਤਕ ਦੇ ਵਿਦਿਆਰਥੀ ਵਲੰਟੀਅਰ ਵਜੋਂ ਲਗਾਏ ਜਾ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ੇਸ਼ ਟੀ ਸ਼ਰਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਪੋਲਿੰਗ ਸਟੇਸ਼ਨਾਂ ਉੱਤੇ ਇਨ੍ਹਾਂ ਦੀ ਵੱਖਰੀ ਪਛਾਣ ਹੋਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਲੰਟੀਅਰ ਨੂੰ ਚੋਣ ਦਾ ਹਿੱਸਾ ਬਣਾਉਣ ਨਾਲ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਬਾਰੀਕੀਆਂ ਪਤਾ ਚੱਲਣਗੀਆਂ। 

"ਬੱਚੇ ਹੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਵੋਟਰ ਬਣਨ ਦੀ ਉਮਰ ਤੋਂ ਪਹਿਲਾਂ ਹੀ ਲੋਕਤੰਤਰ ਦੇ ਇਸ ਤਿਓਹਾਰ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਤਾਂ ਜੋ ਇਹ ਦੇਸ਼ ਦੇ ਇਸ ਅਹਿਮ ਤਿਓਹਾਰ (ਵੋਟਾਂ) ਨਾਲ ਜੁੜੇ ਰਹਿਣ," ਉਨ੍ਹਾਂ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵਲੰਟੀਅਰ ਵੋਟਰਾਂ ਅਤੇ ਚੋਣ ਅਮਲੇ ਦੀ ਸਹਾਇਤਾ ਕਰਨਗੇ। 

ਇਨ੍ਹਾਂ ਵਿਦਿਆਰਥੀਆਂ ਦਾ ਵੋਟਰਾਂ ਨਾਲ ਤਾਲਮੇਲ ਕਰਵਾਕੇ ਇਨ੍ਹਾਂ ਨੂੰ ਬਜ਼ੁਰਗ, ਦਿਵਿਆਂਗ, ਛੋਟੇ ਬੱਚਿਆਂ ਵਾਲੀਆਂ ਮਾਂਵਾਂ, ਗਰਭਵਤੀ ਵੋਟਰ ਆਦਿ ਨਾਲ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਇਨ੍ਹਾਂ ਵਲੰਟਰੀਆਂ ਦੀ ਬੂਥਾਂ ਮੁਤਾਬਿਕ ਮੈਪਿੰਗ ਕੀਤੀ ਗਈ ਹੈ । ਜਿਹੜਾ ਵਿਦਿਆਰਥੀ ਜਿੱਥੇ ਪੜ੍ਹਦਾ ਹੈ ਉਸਨੂੰ ਉੱਥੇ ਹੀ ਵਲੰਟੀਅਰ ਲਗਾਇਆ ਗਿਆ ਹੈ।

ਬੈਠਕ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ, ਸਹਾਇਕ ਰਿਟਰਨਿੰਗ ਅਫ਼ਸਰ ਮਹਿਲ ਕਲਾਂ ਸਤਵੰਤ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਭਦੌੜ ਡਾ. ਪੂਨਮਪ੍ਰੀਤ ਕੌਰ, ਸਹਾਇਕ ਰਿਟਰਨਿੰਗ ਅਫ਼ਸਰ ਬਰਨਾਲਾ ਵਰਿੰਦਰ ਸਿੰਘ, ਐਕਸੀਅਨ ਪੀ.ਡਬਲਿਊ.ਡੀ. ਦਵਿੰਦਰਪਾਲ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰ ਪਾਲ ਸਿੰਘ  ਅਤੇ ਹੋਰ ਅਫ਼ਸਰ ਹਾਜ਼ਰ ਸਨ।