5 Dariya News

ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ 54-ਬਸੀ ਪਠਾਣਾ ਹਲਕੇ ਦੇ ਸਟਰਾਂਗ ਰੂਮ ਦਾ ਲਿਆ ਜਾਇਜ਼ਾ

ਲੋਕ ਸਭਾ ਚੋਣਾ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸ਼ਨ ਵਚਨਬੱਧ

5 Dariya News

ਫ਼ਤਹਿਗੜ੍ਹ ਸਾਹਿਬ 23-May-2024

ਅਗਾਮੀ ਲੋਕ ਸਭਾ ਚੋਣਾ ਸਬੰਧੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਵਿਧਾਨ ਸਭਾ ਹਲਕਾ 054-ਬਸੀ ਪਠਾਣਾ ਦੀ ਆਈ.ਟੀ.ਆਈ. ਵਿੱਚ ਬਣੇ ਸਟਰਾਂਗ ਰੂਮ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਬੈੱਲ ਕੰਪਨੀ ਦੇ ਇੰਜਨੀਅਰਾਂ ਨਾਲ ਈ.ਵੀ.ਐਮਜ਼ ਮਸ਼ੀਨਾਂ ਦੀ ਇੰਸਟਾਲੇਸ਼ਨ ਵੀ ਕਰਵਾਈ ਅਤੇ ਹਲਕੇ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਜਰੀ ਵਿੱਚ ਈ.ਵੀ.ਐਮ. ਮਸ਼ੀਨਾਂ ਨੂੰ ਚਲਾ ਕੇ ਵੀ ਵੇਖਿਆ ਤਾਂ ਜੋ ਵੋਟਾਂ ਵਾਲੇ ਦਿਨ ਮਸ਼ੀਨਾਂ ਵਿੱਚ ਕਿਸੇ ਕਿਸਮ ਦੀ ਤਕਨੀਕੀ ਰੁਕਾਵਟ ਨਾ ਆਵੇ।

ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 054-ਬਸੀ ਪਠਾਣਾ ਦੀਆਂ ਈ.ਵੀ.ਐਮਜ਼ ਜਿਸ ਥਾਂ ਤੇ ਰੱਖੀਆਂ ਜਾਣੀਆਂ ਹਨ ਉਸ ਸਟਰਾਂਗ ਰੂਮ ਦਾ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਜਰੀ ਵਿੱਚ ਜਾਇਜ਼ਾ ਲਿਆ ਗਿਆ ਹੈ ਤਾਂ ਜੋ ਲੋਕ ਸਭਾ ਚੋਣਾ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 054-ਬਸੀ ਪਠਾਣਾ ਅੰਦਰ 178 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ 5 ਫੀਸਦੀ ਈ.ਵੀ.ਐਮਜ਼ ਮਸ਼ੀਨਾਂ ਅੰਦਰ ਵੋਟਾਂ ਪਾ ਕੇ ਵੇਖੀਆਂ ਗਈਆਂ ਹਨ। ਮਸ਼ੀਨਾਂ ਦੀ ਕਾਰਜ ਪ੍ਰਣਾਲੀ ਦੀ ਜਾਂਚ ਉਪਰੰਤ ਬੈੱਲ ਕੰਪਨੀ ਦੇ ਇੰਜਨੀਅਰ ਮਸ਼ੀਨਾਂ ਨੂੰ ਇੰਸਟਾਲ ਕਰਨਗੇ।

ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਲੋਕ ਸਭਾ ਚੋਣਾ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚੜਾਉਣ ਲਈ ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਹਲਕੇ ਅੰਦਰ ਚੋਣਾਂ ਦੌਰਾਨ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਪੁਲਿਸ ਟੀਮਾਂ ਵੱਲੋਂ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਅੰਦਰ ਕੋਈ ਵੀ ਸ਼ੱਕੀ ਵਸਤੂ ਦਾਖਲ ਨਾ ਹੋ ਸਕੇ।

ਇਸ ਮੌਕੇ ਸਹਾਇਕ ਚੋਣਕਾਰ ਅਫਸਰ-ਕਮ-ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਸੰਜੀਵ ਕੁਮਾਰ, ਤਹਿਸੀਲਦਾਰ ਖਮਾਣੋਂ ਸੰਦੀਪ ਕੁਮਾਰ ਚੁੱਘ, ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ, ਚੋਣ ਕਾਨੂੰਗੋ ਰਵਿੰਦਰ ਕੌਰ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਉਮੀਦਵਾਰ ਤੇ ਉਨ੍ਹਾਂ ਦੇ ਨੁਮਾਇੰਦੇ ਹਾਜਰ ਸਨ।