5 Dariya News

ਲੋਕ ਸਭਾ ਚੋਣ 2024: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਚੋਣ ਤਿਆਰੀਆਂ ਦੀ ਸਮੀਖਿਆ ਲਈ ਕੀਤੀ ਵੀਡਿਓ ਕਾਨਫ਼ਰੰਸ

ਅਮਨ-ਸ਼ਾਂਤੀ ਤੇ ਪਾਰਦਰਸ਼ੀ ਢੰਗ ਨਾਲ ਪੂਰਾ ਚੋਣ ਅਮਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ: ਆਰ.ਓ. ਸੰਗਰੂਰ ਜਤਿੰਦਰ ਜੋਰਵਾਲ

5 Dariya News

ਸੰਗਰੂਰ 22-May-2024

ਆਗਾਮੀ 1 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਲਈ ਹੋਣ ਵਾਲੀਆਂ ਆਮ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਵੀਡਿਓ ਕਾਨਫਰੰਸਿੰਗ ਜ਼ਰੀਏ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਚੋਣਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸਮੁੱਚੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਅਮਨ-ਸ਼ਾਂਤੀ ਤੇ ਪਾਰਦਰਸ਼ੀ ਢੰਗ ਨਾਲ ਪੂਰਾ ਚੋਣ ਅਮਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ, ਗਿਣਤੀ ਕੇਂਦਰਾਂ, ਸਿਖਲਾਈ ਕੇਂਦਰਾਂ ਆਦਿ ਥਾਵਾਂ ਤੇ ਚੋਣ ਡਿਊਟੀ ਤੇ ਸਟਾਫ਼ ਦੀ ਤੈਨਾਤੀ ਅਤੇ ਤੈਨਾਤ ਸਟਾਫ਼ ਤੇ ਵੋਟਰਾਂ ਲਈ ਲੋੜੀਂਦੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ ਉੱਪਰ ਸਬੰਧਤ ਉਪ ਚੋਣਕਾਰ ਅਫ਼ਸਰ ਠੰਡੇ ਮਿੱਠੇ ਪਾਣੀ ਦੀ ਛਬੀਲ ਦਾ ਪ੍ਰਬੰਧ ਅਤੇ ਪੋਲਿੰਗ ਸਟਾਫ਼ ਲਈ ਖਾਣੇ ਦਾ ਪ੍ਰਬੰਧ ਕਰਵਾਉਣਾ ਯਕੀਨੀ ਬਣਾਉਣਗੇ। 

ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਲਈ ਸਮਾਂ ਰਹਿੰਦੇ ਕੈਮਰੇ ਲਗਵਾਉਣੇ ਵੀ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੋਲਿੰਗ ਪਾਰਟੀਆਂ, ਸੈਕਟਰ ਅਫ਼ਸਰਾਂ ਅਤੇ ਵੋਟਿੰਗ ਮਸ਼ੀਨਾਂ ਦੀ ਢੋਆ-ਢੁਆਈ ਲਈ ਆਵਾਜਾਈ ਦੇ ਸਾਧਨਾਂ ਤੇ ਜੀ.ਪੀ.ਐਸ. ਲਗਵਾਉਣਾ ਵੀ ਯਕੀਨੀ ਬਣਾਇਆ ਜਾਵੇ ਅਤੇ ਸਮਾਂ ਰਹਿੰਦੇ ਲੋੜ ਮੁਤਾਬਕ ਬੱਸਾਂ, ਟਰੱਕ ਤੇ ਹੋਰਨਾਂ ਗੱਡੀਆਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ।

ਆਰ.ਓ. ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੋਸਟਲ ਬੈਲੇਟ, ਇਲੈਕਸ਼ਨ ਡਿਊਟੀ ਕਾਰਡ, ਵੋਟਰ ਸੁਵਿਧਾ ਕੇਂਦਰ ਤੇ ਵੋਟਰਾਂ ਨੂੰ ਘਰਾਂ ਵਿੱਚ ਨਿਸ਼ਚਤ ਸੁਵਿਧਾਵਾਂ ਦੀ ਪਹੁੰਚ ਹਰ ਹੀਲੇ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੋਟਿੰਗ ਲਈ ਲੋੜੀਂਦੀਆਂ ਵੋਟਿੰਗ ਮਸ਼ੀਨਾਂ ਦੀ ਪੋਲਿੰਗ ਸਟੇਸ਼ਨਾਂ ਤੱਕ ਪਹੁੰਚ ਅਤੇ ਪੋਲਿੰਗ ਸਟੇਸ਼ਨਾਂ ਤੋਂ ਗਿਣਤੀ ਕੇਂਦਰਾਂ ਤੱਕ ਪਹੁੰਚ ਲਈ ਲੋੜੀਂਦਾ ਹਰ ਪ੍ਰਬੰਧ ਸਮਾਂ ਰਹਿੰਦੇ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪੋਲਿੰਗ ਸਟੇਸ਼ਨਾਂ ਤੱਕ ਵੋਟਰ ਸੂਚੀਆਂ ਦੀ ਪਹੁੰਚ ਅਤੇ ਹਰ ਵੋਟਰ ਨੂੰ ਵੋਟਰ ਸੂਚਨਾ ਪਰਚੀਆਂ ਪਹੁੰਚਾਉਣੀਆਂ ਯਕੀਨੀ ਬਣਾਈਆਂ ਜਾਣ।