5 Dariya News

ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਪਿੰਡ ਚੁੰਘਾ ਵਿਖੇ ਸਰਫੇਸ ਫੀਡਰ ਨਾਲ ਲੱਗੀ ਕਣਕ ਵਾਲੇ ਖੇਤਾਂ ਦਾ ਕੀਤਾ ਦੌਰਾ

5 Dariya News

ਚੁੰਘਾ (ਸਹਿਣਾ) 18-Apr-2024

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਪਿੰਡ ਚੁੰਘਾ ਵਿਖੇ ਕਿਸਾਨ ਜਸਪ੍ਰੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਜਿੱਥੇ ਸਰਫੇਸ ਫੀਡਰ ਨਾਂ ਦੀ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੇ ਗਏ ਸਰਫੇਸ ਫੀਡਰ ਦੇ ਇਸਤਮਾਲ ਬਾਰੇ ਪੁੱਛਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਰਫੇਸ ਫੀਡਰ ਕਿਸਾਨਾਂ ਨੂੰ ਸਹਿਕਾਰਤਾ ਸਭਾਵਾਂ ਰਾਹੀਂ ਦਿੱਤੇ ਗਏ ਸਨ। ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਲਈ ਸਰਫੇਸ ਸੀਡਰ (ਮਲਚਿੰਗ) ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨਾਲ 15 ਤੋਂ 20 ਏਕੜ ਪ੍ਰਤੀਦਿਨ ਰਕਬੇ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ। 

ਇਸ ਵਿਧੀ ਰਾਹੀਂ ਕਣਕ ਦਾ ਬੀਜ ਲਾਈਨਾਂ ਵਿੱਚ ਪਾਉਣ ਜਾਂ ਸਿੱਟੇ ਨਾਲ ਖਿਲਾਰਨ ਤੋਂ ਬਾਅਦ ਝੋਨੇ ਦੇ ਕਰਚਿਆਂ ਨੂੰ ਰੀਪਰ ਨਾਲ ਕੱਟ ਕੇ ਖਿਲਾਰ ਦਿੱਤਾ ਜਾਂਦਾ ਹੈ। ਬਿਜਾਈ ਤੋਂ ਤੁਰੰਤ ਬਾਅਦ ਪਾਣੀ ਲਗਾਇਆ ਜਾਂਦਾ ਹੈ। ਤਕਰੀਬਨ 10 ਦਿਨਾਂ ਬਾਅਦ ਕਣਕ ਦੇ ਬੂਟੇ ਦਿਖਾਈ ਦੇਣ ਲੱਗ ਜਾਂਦੇ ਹਨ। ਇਹ ਵਿਧੀ ਦਰਮਿਆਨੇ ਤੋਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਅਤੇ ਬਾਸਮਤੀ ਤੋਂ ਬਾਅਦ ਕਣਕ ਦੀ ਬਿਜਾਈ ਲਈ ਢੁੱਕਵੀਂ ਵਿਧੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਕਰੀਬ 125 ਏਕੜ ਰਕਬੇ ‘ਚ ਪ੍ਰਯੋਗ ਦੇ ਤੌਰ 'ਤੇ 40 ਥਾਵਾਂ ਉੱਤੇ ਸਰਫੇਸ ਫੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਸੀ। ਹੁਣ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਪ੍ਰਤੀ ਏਕੜ 24 ਕੁਇੰਟਲ ਕਣਕ ਦੇ ਝਾੜ ਦੀ ਆਸ ਰੱਖਦੇ ਹਨ।ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 4 ਏਕੜ ਰਕਬੇ ‘ਚ ਸਰਫੇਸ ਫੀਡਰ ਦਾ ਪ੍ਰਯੋਗ ਕੀਤਾ। ਪ੍ਰਤੀ ਏਕੜ 300 ਤੋਂ 500 ਰੁਪਏ ਦਾ ਖਰਚਾ ਆਇਆ। 

ਉਨ੍ਹਾਂ ਦੱਸਿਆ ਕਿ ਝੋਨੇ ਦਾ ਝਾੜ ਲੈਣ ਤੋਂ ਤੁਰੰਤ ਬਾਅਦ ਸੁੱਕੇ ਖੇਤਾਂ ‘ਚ ਆਪਣੇ ਟਰੈਕਟਰ ਉੱਤੇ ਸਰਫੇਸ ਫੀਡਰ ਮਸ਼ੀਨ ਲਗਾ ਕੇ ਉਨ੍ਹਾਂ ਕਣਕ ਦੀ ਬਿਜਾਈ ਕੀਤੀ। ਝੋਨੇ ਦੇ ਕਰਚੇ ਵੱਢ ਕੇ ਉੱਤੇ ਪਾਉਣ ਨਾਲ ਜਿੱਥੇ ਖੇਤਾਂ ਨੂੰ ਘੱਟ ਪਾਣੀ ਲੱਗਿਆ ਉੱਤੇ ਨਾਲ ਹੀ ਖਾਦਾਂ ਦੀ ਵਰਤੋਂ ਵੀ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦਾ ਦਾਣਾ ਵੀ ਭਾਰੀ ਹੋਇਆ ਹੈ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਈ। 

ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਖਰਚਾ ਬਹੁਤ ਘੱਟ ਆਉਂਦਾ ਹੈ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਕਿਉਂਕਿ ਇਸ ਨਾਲ ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ ਕਣਕ ਦੀ ਬਿਜਾਈ ਕੀਤੀ ਗਈ। ਮਲਚਿੰਗ ਵਿਧੀ ਨਾਲ ਬੀਜੀ ਹੋਈ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ। ਇਸ ਤਰ੍ਹਾਂ ਬੀਜੀ ਗਈ ਕਣਕ ਦੇ ਲਗਭਗ ਸਾਰੇ ਬੀਜ ਉੱਗੇ ਹਨ। ਖੇਤ ਵਿੱਚ ਪਰਾਲੀ ਹੋਣ ਕਾਰਨ ਜ਼ਮੀਨ ਦੀ ਨਮੀ ਬਰਕਰਾਰ ਰਹੀ ਜਿਸ ਕਰਕੇ ਬੀਜੀ ਕਣਕ ਨੂੰ ਘੱਟ ਪਾਣੀ ਦੀ ਜ਼ਰੂਰਤ ਪਈ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਸਰਫੇਸ ਫੀਡਰ ਕਿਸਾਨ ਵੀਰ ਸਹਿਕਾਰਤਾ  ਸਭਾਵਾਂ  ਰਾਹੀਂ ਲੈ ਸਕਦੇ ਹਨ ਅਤੇ ਇਹ ਕਿਸੇ ਵੀ ਆਮ ਟਰੈਕਟਰ ਨਾਲ ਜੋੜਕੇ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ । ਇਸ ਮੌਕੇ ਖੇਤੀਬਾੜੀ ਅਫ਼ਸਰ ਗੁਰਚਰਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨਵਜੀਤ ਸਿੰਘ, ਦੀਪਕ ਗਰਗ, ਸੁਖਪਾਲ, ਸੁਨੀਤਾ ਰਾਣੀ ਅਤੇ ਹੋਰ ਲੋਕ ਮੌਜੂਦ ਸਨ।