5 Dariya News

ਲੋਕ ਸਭਾ ਚੋਣਾਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਅਤੇ ਸਟੋਰੇਜ ਕਰਨ ਤੇ ਹੋਵੇਗੀ ਸਖਤ ਕਾਰਵਾਈ - ਪਰਨੀਤ ਸ਼ੇਰਗਿੱਲ

ਰੋਜ਼ਾਨਾਂ ਵੇਚੀ ਜਾਣ ਵਾਲੀ ਸ਼ਰਾਬ ਦੀ ਮੁਕੰਮਲ ਰਿਪੋਰਟ ਭੇਜਣੀ ਯਕੀਨੀ ਬਣਾਉਣ ਦੀਆਂ ਹਦਾਇਤਾਂ

5 Dariya News

ਫਤਹਿਗੜ੍ਹ ਸਾਹਿਬ 02-Apr-2024

ਸੂਬੇ ਵਿੱਚ ਅਦਰਸ਼ ਚੋਣ ਜਾਬਤਾ ਲਾਗੂ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਅਤੇ ਸਟੋਰੇਜ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹੇ ਦੇ ਲਾਇਸੰਸ ਧਾਰਕ ਸ਼ਰਾਬ ਦੇ ਠੇਕੇਦਾਰਾਂ ਨਾਲ ਲੋਕ ਸਭਾ ਚੋਣਾ-2024 ਸਬੰਧੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦੀਆਂ ਕੀਤਾ। ਉਨ੍ਹਾਂ ਕਿਹਾ ਕਿ ਬਿਨ੍ਹਾਂ ਦਸਤਾਵੇਜਾਂ ਤੋਂ ਸ਼ਰਾਬ ਦੀ ਕੋਈ ਵੀ ਸਪਲਾਈ ਨਾ ਕੀਤੀ ਜਾਵੇ ਅਤੇ ਨਾਂ ਹੀ ਸ਼ਰਾਬ ਕਿਸੇ ਕਿਸਮ ਦੀ ਗੈਰ ਕਾਨੂੰਨੀ ਸਟੋਰੇਜ ਕੀਤੀ ਜਾਵੇ।

ਜ਼ਿਲ੍ਹਾ ਚੋਣ ਅਫਸਰ ਸਖਤ ਹਦਾਇਤ ਕੀਤੀ ਕਿ ਸ਼ਰਾਬ ਜਾਂ ਨਸ਼ਿਆਂ ਦੀ ਚੋਣਾਂ ਵਿੱਚ ਵਰਤੋਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਪੁਲਿਸ ਵਿਭਾਗ ਇਸ ਸਬੰਧੀ ਪੂਰੀ ਚੌਕਸੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਾਬ ਦੀ ਨਿਗਰਾਨੀ ਰੱਖਣ ਸਬੰਧੀ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਆਪਣਾ ਕੰਮ ਕਰ ਰਹੀਆਂ ਹਨ। 

ਇਸ ਮੌਕੇ ਸਹਾਇਕ ਕਮਿਸ਼ਨਰ ਐਕਸਾਈਜ ਪਟਿਆਲਾ ਡਵੀਜਨ ਸ੍ਰੀ ਰਾਜੇਸ਼ ਐਰੀ ਨੇ ਠੇਕੇਦਾਰਾਂ ਨੂੰ ਕਿਹਾ ਕਿ  ਰੋਜ਼ਾਨਾਂ ਵੇਚੀ ਜਾਣ ਵਾਲੀ ਸ਼ਰਾਬ ਦੀ ਮੁਕੰਮਲ ਰਿਪੋਰਟ ਭੇਜਣੀ ਯਕੀਨੀ ਬਣਾਉਣ। ਉਨ੍ਹਾਂ ਠੇਕੇਦਾਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਕਿਤੇ ਵੀ ਗੈਰਕਾਨੂੰਨੀ ਸ਼ਰਾਬ ਦੀ ਸਟੋਰੇਜ ਸਬੰਧੀ ਸੂਚਨਾ ਮਿਲਦੀ ਹੈ ਉਹ ਤੁਰੰਤ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਸਮੇਂ ਸਿਰ ਬਣਦੀ ਕਾਰਵਾਈ ਕੀਤੀ ਜਾ ਸਕੇ। 

ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੰਵੇਦਨਸ਼ੀਲ  ਇਲਾਕਿਆਂ ਨੂੰ  ਮੋਨੀਟਰ ਕਰਨ ਤਾਂ ਜੋ ਸ਼ਰਾਬ ਦੀ ਗੈਰਕਾਨੂੰਨੀ ਵਿਕਰੀ ਤੇ ਸਟੋਰੇਜ ਨੂੰ ਬੰਦ ਕੀਤਾ ਜਾ ਸਕੇ। ਉਨ੍ਹਾਂ ਠੇਕਿਆਂ ਦੇ ਸਟਾਕ ਰਜਿਸਟਰ ਨੂੰ ਰੋ਼ਜਾਨਾਂ ਭਰਿਆ ਜਾਵੇ ਅਤੇ ਸਟਾਕ ਅਨੁਸਾਰ ਸ਼ਰਾਬ ਹੋਣੀ ਯਕੀਨੀ ਬਣਾਈ ਜਾਵੇ। ਇਸ ਲਈ ਇਨ੍ਹਾਂ ਚੋਣਾਂ ਵਿੱਚ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਮਜਬੂਤ ਲੋਕਤੰਤਰ ਲਈ ਅਤਿ ਜਰੂਰੀ ਚੋਣ ਪ੍ਰਕ੍ਰਿਆ ਨੂੰ ਨਿਰਪੱਖ ਤੌਰ ’ਤੇ ਨੇਪਰੇ ਚਾੜਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਇਲਾਕੇ ਵਿੱਚ ਕਿਸੇ ਠੇਕੇ ਤੇ ਸਰਾਬ ਦੀ ਵਿਕਰੀ ਰੋਜਾਨਾ ਔਸਤ ਤੋਂ ਜਿਆਦਾ ਹੁੰਦੀ ਹੈ ਤਾਂ ਉਸ ਉੱਪਰ ਵੀ ਤਿੱਖੀ ਨਜਰ ਰੱਖੀ ਜਾਵੇ ਅਤੇ ਜੇਕਰ ਕਿਸੇ ਇਲਾਕੇ ਵਿੱਚ ਕਿਸੇ ਵਿਆਹ ਜਾ ਕੋਈ ਹੋਰ ਪ੍ਰੋਗਰਾਮ ਦੌਰਾਨ ਜਿਆਦਾ ਸ਼ਰਾਬ ਦੀ ਵਿਕਰੀ ਹੁੰਦੀ ਹੈ ਤਾਂ ਉਸਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਿਹਾ ਗਿਆ ਕਿ ਆਦਰਸ਼ ਚੋਣ ਜਾਬਤੇ ਦੌਰਾਨ ਉਨ੍ਹਾਂ ਵੱਲੋਂ ਲੈ ਕੇ ਜਾਣ ਵਾਲੀ ਨਕਦ ਰਾਸ਼ੀ ਕਈ ਵਾਰ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ।

ਇਸ ਸਬੰਧੀ ਐਸ ਪੀ ਸ੍ਰੀ ਰਾਕੇਸ਼ ਯਾਦਵ ਨੇ ਕਿਹਾ ਕਿ ਜੇਕਰ ਉਹ ਸ਼ਰਾਬ ਦੀ ਵਿਕਰੀ ਸਬੰਧੀ ਆਪਣਾ ਰਿਕਾਰਡ ਕੋਲ ਰੱਖਦਾ ਹੈ ਤਾਂ ਉਸਨੂੰ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਇਸ ਮੌਕੇ ਡੀ ਐਸ ਪੀ ਸ੍ਰੀ ਆਰ.ਪੀ.ਐਸ.ਗਿੱਲ, ਈ.ਟੀਓ ਰਾਕੇਸ਼ ਕੁਮਾਰ ਸਮੇਤ ਹੋਰ ਅਧਿਕਾਰੀ ਹਾਜਰ ਸਨ।