5 Dariya News

ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਰਵਪੱਖੀ ਵਿਕਾਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ - ਡਾ. ਚਰਨਜੀਤ ਸਿੰਘ

ਸ੍ਰੀ ਚਮਕੌਰ ਸਾਹਿਬ ਤਹਿਸੀਲ ਕੰਪਲੈਕਸ ਦੀ ਇਮਾਰਤ ਦੇ ਨਵੀਨੀਕਰਣ ਅਤੇ ਅੱਪਗਰੇਡਸ਼ਨ ਦਾ ਨੀਂਹ ਪੱਥਰ ਰੱਖਿਆ

5 Dariya News

ਸ੍ਰੀ ਚਮਕੌਰ ਸਾਹਿਬ 12-Mar-2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵ ਪੱਖੀ ਵਿਕਾਸ ਲਈ ਵਚਨਬੱਧ ਹੈ। ਇਤਿਹਾਸਕ ਧਰਤੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਰਵਪੱਖੀ ਵਿਕਾਸ ਕਰਨ ਵਿੱਚ ਵੀ ਕਿਸੇ ਵੀ ਕਿਸਮ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਸ੍ਰੀ ਚਮਕੌਰ ਸਾਹਿਬ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਨਵੀਨੀਕਰਣ ਅਤੇ ਅੱਪਗਰੇਡਸ਼ਨ ਦਾ ਨੀਂਹ ਪੱਥਰ ਰੱਖਦਿਆਂ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਚਰਨਜੀਤ ਸਿੰਘ ਨੇ ਇਸ ਕਾਰਜ ਲਈ 5 ਕਰੋੜ 70 ਲੱਖ ਦੀ ਦਿੱਤੀ ਗਈ ਗ੍ਰਾਂਟ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਕ੍ਰਾਂਤੀ ਦੀ ਲਹਿਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਚਲਾਈ ਹੈ ਉਸ ਦੀ ਝਲਕ ਸ੍ਰੀ ਚਮਕੌਰ ਸਾਹਿਬ ਵਿੱਚੋਂ ਸਾਫ਼ ਨਜ਼ਰ ਆ ਰਹੀ ਹੈ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਮਾਰਤ ਵਿੱਚ ਦੋ ਹੋਰ ਫਲੋਰ ਬਣਾਏ ਜਾਣੇ ਹਨ ਅਤੇ ਪੁਰਾਣੇ ਦਫ਼ਤਰ ਨੂੰ ਵੀ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਪਹਿਲੀ ਮੰਜ਼ਿਲ ਤੇ ਤਹਿਸੀਲਦਾਰ ਦਾ ਦਫ਼ਤਰ, ਨਾਇਬ ਤਹਿਸੀਲਦਾਰ ਦਾ ਦਫ਼ਤਰ ਅਤੇ ਤਹਿਸੀਲਦਾਰ ਦੀ ਕੋਰਟ ਦੀ ਉਸਾਰੀ ਕੀਤੀ ਜਾਵੇਗੀ। ਇਸ ਤਰ੍ਹਾਂ ਹੀ ਦੂਜੀ ਮੰਜ਼ਿਲ ਤੇ ਤਿੰਨ ਦਫ਼ਤਰ ਸ਼ਿਫਟ ਕੀਤੇ ਜਾਣੇ ਹਨ, ਜਿਸ ਵਿੱਚ ਐਸ.ਡੀ.ਓ. ਜਲ ਸਪਲਾਈ, ਸਹਾਇਕ ਰਜਿਸਟਰਾਰ ਕੋ-ਪ੍ਰੇਟਿਵ ਸੁਸਾਇਟੀ ਦਾ ਦਫ਼ਤਰ ਸਮੇਤ ਕੋਰਟ ਅਤੇ ਬਾਗਬਾਨੀ ਵਿਭਾਗ ਦੇ ਦਫ਼ਤਰ ਦੀ ਉਸਾਰੀ ਕੀਤੀ ਜਾਵੇਗੀ।

ਇਸ ਤੋਂ ਇਲਾਵਾਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਚਮਕੌਰ ਸਾਹਿਬ ਦੇ ਗਰਾਉੰਡ ਫਲੋਰ ਦਾ ਪੂਰਾ ਨਵੀਨੀਕਰਣ ਅਤੇ ਅੱਪਗਰੇਡਸ਼ਨ ਦਾ ਕੰਮ ਵੀ ਕੀਤਾ ਜਾਵੇਗਾ ਜਿਸ ਵਿੱਚ ਲੋਕਾਂ ਦੀ ਸਹੂਲਤ ਲਈ ਲਿਫਟ, ਬਾਥਰੂਮਾਂ ਦਾ ਨਵੀਨੀਕਰਣ ਆਦਿ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਰਾਣੀ ਤਹਿਸੀਲ ਇਮਾਰਤ ਦੀ ਰਿਪੇਅਰ, ਬਾਉਂਡਰੀ ਕੰਧ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਇਸ ਕੰਪਲੈਕਸ ਦੇ ਬਾਹਰ ਮੌਜੂਦਾ ਕੁਝ ਦਫ਼ਤਰਾਂ ਨੂੰ ਪੁਰਾਣੀ ਤਹਿਸੀਲ ਦਫ਼ਤਰ ਵਿੱਚ ਸਿਫਟ ਕੀਤਾ ਜਾਵੇਗਾ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੰਜੀਵ ਕੁਮਾਰ, ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਅਤੇ ਹੋਰ ਉੱਚ ਅਧਿਕਾਰੀ ਤੇ ਪਤਵੰਤੇ ਸੱਜਣ ਹਾਜ਼ਰ ਸਨ।