5 Dariya News

ਵਿਧਾਇਕ ਰਜਨੀਸ਼ ਦਹੀਯਾ ਨੇ ਭੌਂ ਪਰਖ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਰੱਖਿਆ

5 Dariya News

ਫਿਰੋਜ਼ਪੁਰ 11-Mar-2024

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੀ ਅਗਵਾਈ 'ਚ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਖੇ ਆਈ.ਸੀ.ਪੀ (ਓ.ਈ.ਐੱਸ) ਭੌਂ ਪਰਖ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਅੱਜ ਵਿਧਾਇਕ ਹਲਕਾ ਫਿਰੋਜ਼ਪੁਰ ਦਿਹਾਤੀ ਐਡਵੋਕੇਟ ਰਜਨੀਸ਼ ਦਹੀਯਾ ਵੱਲੋਂ ਆਪਣੇ ਕਰ ਕਮਲਾਂ ਰੱਖਿਆ ਗਿਆ। ਇਸ ਮੌਕੇ ਵਿਧਾਇਕ ਸ੍ਰੀ ਦਹੀਯਾ ਨੇ ਕਿਹਾ ਕਿ ਇਹ ਲੈਬ ਜਿਲ੍ਹਾ ਫਿਰੋਜ਼ਪੁਰ ਦੇ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗੀ ਅਤੇ ਜਿਲ੍ਹੇ ਦੇ ਕਿਸਾਨ ਆਪਣੀ ਜ਼ਮੀਨ ਦੀ ਮਿੱਟੀ ਨੂੰ ਟੈਸਟ ਕਰਵਾ ਕੇ ਲੋੜ ਅਨੁਸਾਰ ਖਾਦਾਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ। 

ਉਨ੍ਹਾਂ ਕਿਹਾ ਕਿ ਹੁਣ ਸਾਡੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਚੈੱਕ ਕਰਵਾਉਣ ਲਈ ਦੂਸਰੇ ਜ਼ਿਲ੍ਹਿਆਂ ਵਿੱਚ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਹਰ ਤਰ੍ਹਾਂ ਦੇ ਯੋਗ ਉਪਰਾਲੇ ਕਰਕੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕੇਗੀ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾਂ ਖੜੀ ਰਹੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਹ ਲੈਬ 2 ਮਹੀਨੇ ਦੇ ਅੰਦਰ ਤਿਆਰ ਹੋ ਜਾਵੇਗੀ ਅਤੇ ਕਿਸਾਨ ਆਪਣੀ ਝੋਨੇ ਦੀ ਫਸਲ ਦੀ ਬਿਜਾਈ ਤੋ ਪਹਿਲਾਂ ਮਿੱਟੀ ਪਰਖ ਕਰਵਾ ਸਕਣਗੇ।

ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਸ੍ਰੀ ਜੰਗੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਭੌਂ ਪਰਖ ਲੈਬਾਰਟਰੀ 1.39 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗੀ। ਇਸ ਲੈਬਾਰਟਰੀ ਵਿੱਚ ਬਹੁਤ ਹੀ ਆਧੁਨਿਕ ਤਕਨੀਕ ਦੀ ਮਸ਼ੀਨਰੀ ਨਾਲ ਮਿੱਟੀ ਅਤੇ ਪਾਣੀ ਦੇ ਸੈਂਪਲ ਪਰਖ ਕੀਤੇ ਜਾਣਗੇ। ਇਸ ਲੈਬਾਰਟਰੀ ਵਿੱਚ ਉਪਲੱਬਧ ਮਸ਼ੀਨਰੀ ਨਾਲ ਮਿੱਟੀ ਦੇ ਛੋਟੇ ਅਤੇ ਵੱਡੇ ਕੁੱਲ 12 ਤੱਤ ਪਰਖ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਮਿੱਟੀ ਦੇ ਛੋਟੇ ਤੱਤ ਪਰਖ ਕਰਵਾਉਣ ਲਈ ਦੂਸਰੇ ਜਿਲ੍ਹੇ ਜਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਣਾ ਪੈਂਦਾ ਸੀ।

ਪਰੰਤੂ ਇਸ ਭੌਂ ਪਰਖ ਲੈਬਾਰਟਰੀ ਦੇ ਬਣਨ ਨਾਲ ਕਿਸਾਨ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੀ ਮਿੱਟੀ ਅਤੇ ਪਾਣੀ ਦੇ ਸਾਰੇ ਟੈਸਟ ਕਰਵਾ ਸਕਣਗੇ ਅਤੇ ਇਸ ਨਾਲ ਮਿੱਟੀ ਅਤੇ ਪਾਣੀ ਦੀ ਪਰਖ ਰਿਪੋਰਟ ਵੀ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਸ੍ਰੀ ਰੌਬੀ ਸੰਧੂ, ਸ੍ਰੀ ਸੁਖਦੀਪ ਸਿੰਘ ਉੱਗੋਕੇ, ਸ੍ਰੀ ਸ਼ਾਮ ਸਿੰਘ ਮੁੱਦਕਾ, ਸ੍ਰੀ ਮਨੀ ਪਟੇਲ ਨਗਰ, ਸ੍ਰੀ ਲਾਡੀ ਬਜੀਦਪੁਰ, ਸ੍ਰੀ ਬੇਅੰਤ ਸਿੰਘ ਹਕੂਮਤ ਸਿੰਘ ਵਾਲਾ, ਸ੍ਰੀ ਲਖਵੀਰ ਸਿੰਘ ਫੌਜੀ, ਸ੍ਰੀ ਗੁਰਪ੍ਰੀਤ ਸਿੰਘ ਅਤੇ ਹੋਰ ਕਿਸਾਨ ਮੌਜੂਦ ਸਨ।