5 Dariya News

ਕੰਨਿਆ ਸਕੂਲ ਬਰਨਾਲਾ ਨੇ ਜਿੱਤਿਆ ਬੈਸਟ ਸੈਕੰਡਰੀ ਸਕੂਲ ਦਾ ਖਿਤਾਬ

5 Dariya News

ਬਰਨਾਲਾ 02-Mar-2024

ਪਿਛਲੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਦੁਆਰਾ ਹਰ ਜ਼ਿਲ੍ਹੇ ਵਿੱਚੋਂ ਬੈਸਟ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਅਤੇ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਗਏ। ਇਸੇ ਅਧੀਨ ਜ਼ਿਲ੍ਹਾ ਬਰਨਾਲਾ ਦੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਨਾਂ ਚਮਕਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ਨੂੰ ਜ਼ਿਲ੍ਹਾ ਬਰਨਾਲਾ ਦਾ ਬੈਸਟ ਸੀਨਿਅਰ ਸੈਕੰਡਰੀ ਸਕੂਲ ਚੁਣਿਆ ਗਿਆ।

ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੁਆਰਾ ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਸਕੂਲ ਮੁੱਖੀ ਪ੍ਰਿੰਸੀਪਲ ਵਿਨਸੀ ਜਿੰਦਲ ਨੂੰ ਬੈਸਟ ਸਕੂਲ ਸਰਟੀਫਿਕੇਟ ਅਤੇ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਪ੍ਰਿੰਸੀਪਲ ਵਿਨਸੀ ਜਿੰਦਲ ਨੇ ਇਸ ਪ੍ਰਾਪਤੀ ਨੂੰ ਸਮੂਹ ਅਧਿਆਪਕਾਂ ਦੀ ਮਿਹਨਤ, ਮਾਪਿਆਂ, ਐਸ. ਐਸ. ਸੀ. ਦੇ ਸਹਿਯੋਗ ਅਤੇ ਵਿਦਿਅਰਥੀਆਂ ਦੀ ਪੜਾਈ ਕਰਨ ਦੀ ਲਗਨ ਨੂੰ ਸਮਰਪਿਤ ਕੀਤਾ। 

ਉਹਨਾਂ ਦੱਸਿਆ ਕਿ ਪਿਛਲੇ 3-4 ਸਾਲਾਂ ਦੌਰਾਨ ਸਕੂਲ ਨੇ ਲੜਕੀਆਂ ਦੀ ਅਕਾਦਮਿਕ ਪੜ੍ਹਾਈ, ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਜਮਾਤਾਂ, ਐਨ ਐਸ ਐਸ ਕੈਂਪ, ਖੇਡਾਂ, ਸਭਿਆਚਰਕ ਗਤੀਵਿਧੀਆਂ ਦਾ ਆਜੋਯਨ ਕੀਤਾ ਹੈ, ਜਿਸ ਸਦਕਾ ਸਕੂਲ ਦੀ ਲੜਕੀਆਂ ਨੇ 8ਵੀਂ, 10ਵੀਂ ਅਤੇ 12ਵੀਂ ਜਮਾਤਾਂ ਵਿੱਚ ਪੰਜਾਬ ਪੱਧਰ ‘ਤੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਅਤੇ ਵਜੀਫਾ ਪ੍ਰੀਖਿਆ ਵਿੱਚੋਂ ਪੰਜਾਬ ਵਿੱਚ ਪਹਿਲਾ ਸਥਾਨ ਵੀ ਹਾਸਲ ਕੀਤਾ।

ਉਹਨਾਂ ਦੱਸਿਆ ਕਿ ਸਕੂਲ ਦਾ ਸਮੁੱਚਾ ਸਟਾਫ਼ ਲੜਕੀਆਂ ਦੀ ਪੜ੍ਹਾਈ , ਸਕੂਲ ਵਿਕਾਸ ਲਈ ਵਚਨਬੱਧ ਹੈ। ਸਕੂਲ ਬਿਲਡਿੰਗ ਦੇ ਵਿਕਾਸ ਲਈ ਉਹਨਾਂ ਸਕੂਲ ਸਟਾਫ਼ ਦੁਆਰਾ ਮਹੀਨਾਵਾਰ ਦਿੱਤੀ ਜਾਂਦੀ ਸਹਿਜੋਗ ਰਾਸ਼ੀ , ਦਾਨੀ ਸੱਜਣਾਂ ਦੇ ਸਹਿਯੋਗ ਅਤੇ ਵਿਸ਼ੇਸ਼ ਤੌਰ ‘ਤੇ ਆਈ. ਓ. ਐੱਲ. ਫ਼ਤਹਿਗੜ੍ਹ ਛੰਨਾ ਦਾ ਧੰਨਵਾਦ ਕੀਤਾ। ਇਸ ਮੌਕੇ ਜਸਦੇਵ ਕੌਰ ਪ੍ਰਧਾਨ, ਨੀਤੂ ਸਿੰਗਲਾ, ਪਲਵਿਕਾ, ਆਸ਼ਾ ਰਾਣੀ, ਨੀਰਜ , ਰੇਖਾ, ਨੀਨਾ ਗੁਪਤਾ, ਮੰਜੂ, ਸੋਨੀਆ, ਜਗਰੰਟ ਸਿੰਘ, ਰੁਪਿੰਦਰਜੀਤ ਸਿੰਘ , ਪੰਕਜ ਗੋਇਲ ਅਤੇ ਹੋਰ ਸਟਾਫ਼ ਹਾਜਰ ਸਨ।