5 Dariya News

ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਤੇ ਨੌਕਰੀਆਂ ਦੇ ਯੋਗ ਬਣਾਉਣ ਲਈ ਪੰਜਾਬ ਸਰਕਾਰ ਕਰ ਰਹੀ ਉਪਰਾਲੇ - ਕੁਲਤਾਰ ਸਿੰਘ ਸੰਧਵਾਂ

ਸਪੀਕਰ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰੂਪਨਗਰ ਵਿਖੇ ਕਲਾਸ ਇੰਡਿਆ ਲਿਮਟਿਡ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਹੁਨਰ ਵਿਕਾਸ ਕੇਂਦਰ ਦਾ ਕੀਤਾ ਉਦਘਾਟਨ

5 Dariya News

ਰੂਪਨਗਰ 13-Feb-2024

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਤੇ ਉਨ੍ਹਾਂ ਨੂੰ ਨੌਕਰੀਆਂ ਦੇ ਯੋਗ ਬਣਾਉਣ ਲਈ ਸਮੇਂ ਸਮੇਂ ਸਿਰ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਇਹ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ ਇਸ ਨਾਲ ਜਿੱਥੇ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ, ਉੱਥੇ ਹੀ ਨੌਜਵਾਨ ਹੁਨਰ ਪ੍ਰਾਪਤ ਕਰਕੇ ਆਪਣਾ ਕਿੱਤਾ ਵੀ ਖੋਲ੍ਹ ਸਕਣਗੇ ਅਤੇ ਉਦਯੋਗਾਂ ਵਿਚ ਵਧੀਆ ਨੌਕਰੀ ਵੀ ਹਾਸਿਲ ਕਰਨ ਦੇ ਯੋਗ ਬਣ ਸਕਣਗੇ ਜਿਸ ਦੀ ਮੰਗ ਵਿਸ਼ਵ ਦੇ ਹਰ ਦੇਸ਼ ਵਿਚ ਹੈ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਨੇ ਕਲਾਸ ਇੰਡੀਆ ਪ੍ਰਾਈਵੇਟ ਲਿਮਟਿਡ, ਮੋਰਿੰਡਾ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰੂਪਨਗਰ ਵਿਖੇ ਸਥਾਪਿਤ ਕੀਤੇ ਗਏ ਉੱਦਮਤਾ ਅਤੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਨ ਸਮੇਂ ਕੀਤਾ। ਉੱਦਮਤਾ ਅਤੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੈਂਟਰ ਦਾ ਨਿਰੀਖਣ ਕੀਤਾ ਅਤੇ ਉਥੇ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ। 

ਉਨ੍ਹਾਂ ਕਿਹਾ ਕਿ ਇਹ ਸੈਂਟਰ ਨੌਜਵਾਨਾਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਏਗਾ ਜਿਥੋ ਵਿਦਿਆਰਥੀ ਪੜਦੇ ਹੋਏ ਤਕਨੀਕੀ ਸਿੱਖਿਆ ਦੀ ਬਾਰੀਕੀਆਂ ਨੂੰ ਸਮਝਣਗੇ ਅਤੇ ਕੁਸ਼ਲ ਹੁਨਰਮੰਦ ਬਣਨਗੇ। ਸਪੀਕਰ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ 42000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ ਅਤੇ ਹੁਣ ਉਦਯੋਗਾਂ ਦੇ ਕੋਆਪ੍ਰਟਿਵ ਸੋਸ਼ਲ ਰਿਸਪੌਂਸੀਬਿਲਟੀ ਤਹਿਤ ਮਿਲਣ ਵਾਲੀ ਰਾਸ਼ੀ ਨੂੰ ਸਹੀ ਢੰਗ ਨਾਲ ਵਰਤੋਂ ਕੀਤੀ ਜਾ ਰਹੀ ਹੈ ਇਸੇ ਹੀ ਲੜੀ ਤਹਿਤ ਇਸ ਸੰਸਥਾ ਵਿਚ ਸਕਿੱਲ ਡਿਵਲੈਪਮੈਂਟ ਸੈਂਟਰ ਸਥਾਪਿਤ ਕੀਤਾ ਗਿਆ ਹੈ।

ਉਨ੍ਹਾ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸੂਬੇ ਵਿਚ ਸਥਾਪਿਤ ਉਦਯੋਗ ਸਾਡੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਤਾਂ ਜੋ ਉਨ੍ਹਾਂ ਦੀ ਮੰਗ ਅਤੇ ਜ਼ਰੂਰਤ ਅਨੁਸਾਰ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮਿਆਰੀ ਤਕਨੀਕੀ ਸਿੱਖਿਆ ਹਾਸਿਲ ਕਰਕੇ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਚ ਵੀ ਚੰਗੀਆਂ ਥਾਵਾਂ ਉਤੇ ਨੌਕਰੀਆਂ ਹਾਸਿਲ ਕਰ ਸਕਦੇ ਹਨ।

ਇਸ ਮੌਕੇ ਸ. ਕੁਲਤਾਰ ਸਿੰਘ ਸੰਸਥਾ ਨੇ ਸਮਾਗਮ ਵਿਚ ਹਾਜ਼ਰ ਸੀ.ਈ.ਓ ਤੇ ਐਮ.ਡੀ. ਕਲਾਸ ਇੰਡਿਆ ਲਿਮਟਿਡ ਸ਼੍ਰੀ ਰਾਮ ਕੰਨਨ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਦੋਯਗਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਅਤੇ ਅੱਗੇ ਵੀ ਉਦੋਯਗਾਂ ਨੂੰ ਹਰ ਪੱਧਰ ਉਤੇ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਗਵਾਈ ਸਮੇਂ ਪੰਜਾਬ ਸੂਬੇ ਵਿਚ ਵਿਦੇਸ਼ਾਂ ਤੋਂ ਵੀ ਲੋਕ ਕੰਮ ਕਰਨ ਲਈ ਸਾਡੇ ਕੋਲ ਆਉਂਦੇ ਸਨ ਅਤੇ ਉਹ ਸਮਾਂ ਦੂਰ ਨਹੀਂ ਕਿ ਪੰਜਾਬ ਵਿਚ ਮੁੜ ਤੋਂ ਉਹ ਖੁਸ਼ਹਾਲੀ ਬੇਹਾਲ ਹੋਵੇਗੀ ਅਤੇ ਨੌਜਵਾਨਾਂ ਨੂੰ ਵਿਆਪਕ ਪੱਧਰ ਉਤੇ ਰੁਜ਼ਗਾਰ ਦੇ ਸੁਨਿਹਰੀ ਮੌਕੇ ਹਾਸਿਲ ਹੋਣਗੇ।

ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਉੱਦਮਤਾ ਅਤੇ ਹੁਨਰ ਵਿਕਾਸ ਕੇਂਦਰ ਨੌਜਵਾਨਾਂ ਨੂੰ ਬਿਹਤਰ ਨੌਕਰੀ ਦੇ ਮੌਕੇ ਪ੍ਰਾਪਤ ਕਰਨ ਅਤੇ ਉਹਨਾਂ ਨੂੰ ਸਵੈ-ਰੁਜ਼ਗਾਰ ਯੋਗ ਬਣਾਉਣ ਵਿੱਚ ਮਦਦ ਕਰੇਗਾ। ਕਲਾਸ ਇੰਡੀਆਂ ਕੰਪਨੀ ਦੇ ਸੀਈਓ ਅਤੇ ਐਮਡੀ ਸ੍ਰੀ ਰਾਮ ਕੰਨਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਵਲ ਇਜ਼ਰਾਇਲ ਵਿਚ ਹੀ ਕੁਝ ਸਾਲ ਦੌਰਾਨ ਹੀ ਭਾਰਤ ਤੋਂ 1 ਲੱਖ ਦੇ ਕਰੀਬ ਹੁਨਰਮੰਦ ਪੇਸ਼ੇਵਰ ਲੋਕਾਂ ਨੂੰ ਰੁਜ਼ਗਾਰ ਲਈ ਬੁਲਾਇਆ ਗਿਆ ਇਸੇ ਤਰ੍ਹਾਂ ਹੀ ਪੂਰੇ ਵਿਸ਼ਵ ਵਿਚ ਤਕਨੀਕੀ ਸਿੱਖਿਆ ਹਾਸਿਲ ਕਰਨ ਵਾਲੇ ਮਾਹਿਰ ਨੌਜਵਾਨਾਂ ਦੀ ਪੁਰਜ਼ੋਰ ਮੰਗ ਹੈ। 

ਜਿਸ ਲਈ ਜਰੂਰੀ ਹੈ ਕਿ ਵਿਦਿਆਰਥੀ ਉਦਯੋਗਾਂ ਦੀ ਮੰਗ ਨੂੰ ਪੂਰਾ ਕਰਨ ਅਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਸਹੀ ਢੰਗ ਨਾਲ ਆਪਣੀ ਸਿੱਖਿਆ ਹਾਸਿਲ ਕਰਨ ਤਾਂ ਜੋ ਭਵਿੱਖ ਵਿਚ ਉਹਾਂ ਨੂੰ ਨੌਕਰੀ ਪਾਉਣ ਲਈ ਜਦੋ-ਜਹਿਦ ਨਾ ਕਰਨੀ ਪਵੇ। ਉਨ੍ਹਾਂ ਕਲਾਸ ਇੰਡੀਆਂ ਕੰਪਨੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰੋਬਾਰ 1913 ਵਿੱਚ ਸਥਾਪਿਤ ਕੀਤਾ ਗਿਆ ਸੀ ਜੋ ਕਿ ਖੇਤੀਬਾੜੀ ਇੰਜਨੀਅਰਿੰਗ ਸਾਜ਼ੋ-ਸਾਮਾਨ ਦਾ ਵਿਸ਼ਵ ਦਾ ਮੋਹਰੀ ਨਿਰਮਾਤਾ ਹੈ ਜਿਸਦੇ ਮੁੱਖ ਉਤਪਾਦ ਟਰੈਕਟਰ, ਖੇਤੀਬਾੜੀ ਬੇਲਰ ਅਤੇ ਹਰੀ ਵਾਢੀ ਮਸ਼ੀਨਰੀ ਹਨ। 

ਭਾਰਤ ਵਿੱਚ ਇਸਦੇ ਬੰਗਲੌਰ, ਕਰਨਾਟਕ ਵਿੱਚ ਇੱਕ ਅਤਿ-ਆਧੁਨਿਕ ਵੇਅਰਹਾਊਸ ਸਹੂਲਤ ਅਤੇ ਵਿਕਰੀ ਹੈੱਡਕੁਆਰਟਰ ਵੀ ਹਨ। ਸੀਨੀਅਰ ਮੈਨੇਜਰ ਤੇ ਐਚਆਰ ਕਲਾਸ ਇੰਡੀਆ ਸ਼੍ਰੀ ਨਰਿੰਦਰ ਨੈਨ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਐਸ.ਆਰ. ਦੀ ਪਹਿਲਕਦਮੀ ਤਹਿਤ ਹੀ ਕਲਾਸ ਇੰਡੀਆ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰੂਪਨਗਰ ਦਾ ਬੁਨਿਆਦੀ ਢਾਂਚਾ ਵੀ ਵਿਕਸਿਤ ਕੀਤਾ ਹੈ ਜਿਸ ਵਿਚ ਸਾਫ਼-ਸੁਥਰਾ ਆਰ.ਓ. ਪੀਣ ਵਾਲੇ ਪਾਣੀ ਦੀਆਂ ਮਸ਼ੀਨਾਂ, ਵਾਟਰ ਕੂਲਰ, ਪੱਖੇ, ਐਲ.ਈ.ਡੀ. ਲਾਈਟਾਂ, ਵਿਹਾਰਕ ਸਿਖਲਾਈ ਲਈ ਸਾਜ਼ੋ-ਸਾਮਾਨ ਦੀ ਸਥਾਪਨਾ ਲਈ ਟੇਬਲ, ਕਲਾਸਰੂਮ ਫਰਨੀਚਰ ਅਤੇ ਇਮਾਰਤ ਦੀ ਫੁਟਕਲ ਮੁਰੰਮਤ ਅਤੇ ਰੱਖ-ਰਖਾਅ ਪ੍ਰਦਾਨ ਕੀਤੇ ਹਨ।

ਇਸ ਉਦਘਾਟਨੀ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਕਲਾਸ ਇੰਡੀਆਂ ਕੰਪਨੀ ਦੇ ਸੀ.ਐੱਚ.ਆਰ.ਓ. ਸ਼੍ਰੀ ਭਾਵਿਸ਼ ਅਵਸਥੀ, ਐਸ.ਡੀ.ਐਮ. ਸ. ਸੁਖਪਾਲ ਸਿੰਘ, ਐਸ.ਪੀ. ਸ਼੍ਰੀਮਤੀ ਰੁਪਿੰਦਰ ਕੌਰ ਸਰਾਂ, ਪ੍ਰਿੰਸੀਪਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰੂਪਨਗਰ ਸ. ਕੁਲਦੀਪ ਸਿੰਘ ਅਤੇ ਹੋਰ ਉੱਚ ਅਧਿਕਾਰੀ ਅਤੇ ਸਿਖਲਾਈ ਸੰਸਥਾ ਦੇ ਸਿਖਿਆਰਥੀ ਹਾਜ਼ਰ ਸਨ।