5 Dariya News

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜ਼ਿਲ੍ਹੇ ਤੋਂ ਚੌਧਵੀਂ ਬੱਸ ਐਤਵਾਰ ਨੂੰ ਅੰਮ੍ਰਿਤਸਰ ਲਈ ਰਵਾਨਾ ਹੋਈ

ਖਰੜ ਦੇ ਪਿੰਡ ਤਿਊੜ ਤੋਂ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਲਈ ਦੋ ਰੋਜ਼ਾ ਤੀਰਥ ਯਾਤਰਾ

5 Dariya News

ਖਰੜ 11-Feb-2024

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਮੱਦੇਨਜ਼ਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਅੱਜ ਸ਼ਰਧਾਲੂਆਂ ਦੀ ਚੌਧਵੀਂ ਬੱਸ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋਈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਖਰੜ ਗੁਰਮੰਦਰ ਸਿੰਘ ਨੇ ਦੱਸਿਆ ਕਿ ਧਾਰਮਿਕ ਸਰਕਟ ਅੰਮਿ੍ਤਸਰ-ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਏ 43 ਸ਼ਰਧਾਲੂ ਦੋ ਦਿਨਾਂ ਤੀਰਥ ਯਾਤਰਾ ਦੌਰਾਨ ਅੰਮਿ੍ਤਸਰ ਅਤੇ ਅਨੰਦਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਮੱਥਾ ਟੇਕਣਗੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਕਿੱਟਾਂ ਵੀ ਸੌਂਪੀਆਂ ਗਈਆਂ ਹਨ, ਜਿਸ ਵਿੱਚ ਕੰਬਲ, ਚਾਦਰਾਂ, ਸਿਰਹਾਣੇ ਤੋਂ ਇਲਾਵਾ ਹੋਰ ਲੋੜੀਂਦੀਆਂ ਵਸਤਾਂ ਵੀ ਸ਼ਾਮਲ ਹਨ। 

ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਸੈਰ ਸਪਾਟਾ ਮੰਤਰੀ ਅਤੇ ਹਲਕਾ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਿਤਾ ਸ. ਜੋਧਾ ਸਿੰਘ ਮਾਨ ਵੀ ਹਾਜ਼ਰ ਸਨ। ਬੱਸ ਨੂੰ ਖਰੜ ਹਲਕੇ ਦੇ ਪਿੰਡ ਤਿਊੜ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਦੀ ਮੰਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬੱਸਾਂ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਤੱਕ ਪਹੁੰਚਾਉਣ ਲਈ ਮੁੱਹਈਆ ਕਾਰਵਾਈਆਂ ਜਾਣਗੀਆਂ। ਇਸ ਯਾਤਰਾ ਵਿੱਚ ਸ਼ਾਮਲ ਹੋਏ ਇਲਾਕੇ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਖਾਣ-ਪੀਣ ਅਤੇ ਰਹਿਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।