5 Dariya News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਮ ਤੀਰਥ ਰੋਡ ਵਾਲਾ ਨਵਾਂ ਗੇਟ ਵੀ ਬਣੇਗਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ

ਨਵੇਂ ਸਾਲ ਦੇ ਪਹਿਲੇ ਦਿਨ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਕੀਤਾ ਗਿਆ ਅੱਪਗਰੇਡ ਆਟੋਮੈਟਿਕ ਗੇਟ ਦਾ ਉਦਘਾਟਨ

5 Dariya News

ਅੰਮ੍ਰਿਤਸਰ 01-Jan-2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋਵੇਂ ਗੇਟ ਹੁਣ ਖਿੱਚ ਦਾ ਕੇਂਦਰ ਹੋਣਗੇ। ਇਸੇ ਸਾਲ ਜੀ.ਟੀ.ਰੋਡ. ਵਾਲੇ ਮੁੱਖ ਗੇਟ ਦਾ ਨਵੀਨੀਕਰਨ ਕੀਤਾ ਗਿਆ ਹੈ ਉਥੇ ਹੁਣ ਰਾਮ ਤੀਰਥ ਰੋਡ ਨੂੰ ਨਵੀਂ ਦਿੱਖ ਦੇ ਦਿੱਤੀ ਗਈ ਹੈ ਜੋ ਦੂਰੋਂ ਨੇੜਿਓ ਆਉਣ ਵਾਲੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿਚਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਆਪਣੇ ਕਾਰਜਕਾਲ 'ਚ ਕੀਤੇ ਗਏ ਅਹਿਮ ਕੰਮਾਂ ਵਾਂਗ ਹੀ ਇਸ ਗੇਟ ਨੂੰ ਦਿੱਤੀ ਗਈ ਨਵੀਂ ਦਿੱਖ ਵਜੋਂ ਵੇਖਿਆ ਜਾ ਰਿਹਾ ਹੈ। 

ਨਵੇਂ ਸਾਲ 2024 ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੇ ਇਸ ਨਵੇਂ ਆਧੁਨਿਕ ਅਪਗ੍ਰੇਡ ਆਟੋਮੈਟਿਕ ਗੇਟ ਦਾ ਉਦਘਾਟਨ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਸਮੇਤ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਦੇ ਉਦਘਾਟਨੀ ਪੱਥਰ 'ਤੇ ਇਹ ਗੇੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਦੇ ਸਭ ਤੋਂ ਉਪਰ 'ਲਖ ਖੁਸੀਆਂ ਪਾਤਿਸਾਹੀਆਂ ਜਿ ਸਤਿਗੁਰੁ ਨਦਰਿ ਕਰੇਇ॥ ਸ੍ਰੀ ਰਾਗ ਮਹਲਾ 5 ਅੰਗ 44' ਉਕਰਿਆ ਹੋਇਆ ਹੈ ਅਤੇ ਇਸ ਦਾ ਅੰਗਰੇਜ਼ੀ ਵਿਚ ਵੀ ਤਰਜ਼ਮਾ ਕੀਤਾ ਗਿਆ ਹੈ।

ਇਸ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਨਵੇਂ ਸਾਲ ਦੀਆਂ ਸਮੂਹ ਯੂਨੀਵਰਸਿਟੀ ਦੇ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਉਥੇ ਉਨ੍ਹਾਂ ਨੇ ਇਹ ਕਿਹਾ ਕਿ ਇਸ ਸਾਲ ਵੀ ਪਿਛਲੇ ਸਾਲਾਂ ਵਾਂਗ ਹੀ ਯੂਨੀਵਰਸਿਟੀ ਦੇ ਕੰਮਾਂ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨਵਾਂ ਅਪਗ੍ਰੇਡ ਆਟੋਮੈਟਿਕ ਗੇਟ ਜਿਥੇ ਨਵੇਂ ਸਾਲ ਦੇ ਨਿੱਘੇ ਸਵਾਗਤ ਦਾ ਪ੍ਰਤੀਕ ਹੈ ਅਤੇ ਸਦਾ ਹੀ ਇਥੇ ਆਉਣ ਵਾਲਿਆਂ ਨੂੰ ਖੁਸ਼ਆਮਦੀਦ ਕਹਿੰਦਾ ਪ੍ਰਤੀਤ ਹੁੰਦਾ ਰਹੇਗਾ। ਉਨ੍ਹਾਂ ਨਵੇਂ ਬਣੇ ਗੇਟ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਇਸਦੇ ਆਧੁਨਿਕ ਡਿਜ਼ਾਇਨ ਨੂੰ ਜੀਵਨ ਦੀਆਂ ਨਵੀਆਂ ਦਿਸ਼ਾਵਾਂ ਅਤੇ ਵਿਕਾਸਸ਼ੀਲ ਦਿਸਹਦਿਆਂ ਨਾਲ ਜੋੜਿਆ। 

ਯੂਨੀਵਰਸਿਟੀ ਆਉਣ ਵਾਲੇ ਵਿਿਦਆਰਥੀਆਂ, ਅਧਿਆਪਕਾਂ, ਸਟਾਫ ਅਤੇ ਹੋਰ ਵਿਜ਼ਟਰਾਂ ਲਈ ਗੇਟ ਨੂੰ ਨਿੱਘੇ ਸੁਆਗਤ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਇਸ ਦਾ ਨਵਾਂ ਡਿਜ਼ਾਇਨ ਯੂਨੀਵਰਸਿਟੀ ਆਉਣ ਵਾਲਿਆਂ ਲਈ ਖੁੱਲ੍ਹਦਿਲੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਦੇ ਖੱਬੇ ਸੱਜੇ ਪਾਸਿਆਂ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸ਼ਾਨਦਾਰ ਸੁਨਹਿਰੀ ਰੰਗਾਂ ਵਿੱਚ ਪ੍ਰਦਰਸ਼ਿਤ ਕੀਤ ਗਿਆ ਹੈ ਜੋ ਯੂਨੀਵਰਸਿਟੀ ਦੀ ਪਛਾਣ ਅਤੇ ਪ੍ਰਤੀਬੱਧਤਾ ਦਾ ਪ੍ਰਤੀਕ ਰਹੇਗਾ।