5 Dariya News

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ: ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਕੀਤੀ ਰਵਾਨਾ

ਵਿਧਾਇਕ ਉੜਮੁੜ ਨੇ ਸ਼ਰਧਾਲੂਆਂ ਦੀ ਬੱਸ ਨੂੰ ਦਿਖਾਈ ਝੰਡੀ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਨੂੰ ਵੱਖ-ਵੱਖ ਤੀਰਥ ਅਸਥਾਨਾਂ ਦੇ ਕਰਵਾਏ ਜਾ ਰਹੇ ਹਨ ਮੁਫ਼ਤ ਦਰਸ਼ਨ

5 Dariya News

ਉੜਮੁੜ/ਹੁਸ਼ਿਆਰਪੁਰ 20-Dec-2023

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਸ਼ਿਮਲਾ ਪਹਾੜੀ ਟਾਂਡਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਿਧਾਇਕ ਉੜਮੁੜ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਉੜਮੁੜ ਵਿਧਾਨ ਸਭਾ ਹਲਕੇ ਦੇ ਲੋਕ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਨਾਲ ਜੋ ਵੀ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਤੀਰਥ ਯਾਤਰਾ 'ਤੇ ਜਾਣ ਦਾ ਵਾਅਦਾ ਵੀ ਕੀਤਾ ਸੀ, ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਸੂਬੇ ਭਰ ਤੋਂ ਲੋਕ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ। ਉੜਮੁੜ ਤੋਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕਰਨ ਮੌਕੇ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿਚਲੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦਾ ਮੌਕਾ ਮਿਲੇਗਾ। 

ਉਨ੍ਹਾਂ ਕਿਹਾ ਕਿ ਤੀਰਥ ਸਥਾਨਾਂ ਦੀ ਯਾਤਰਾ ਕਰਨ ਲਈ ਮੁਫਤ ਯਾਤਰਾ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਖਰਚਾ ਪੰਜਾਬ ਸਰਕਾਰ ਸਹਿਣ ਕਰੇਗੀ, ਜਿਸ ਵਿਚ ਉਨ੍ਹਾਂ ਦੇ ਸਫ਼ਰ, ਰਿਹਾਇਸ਼ ਅਤੇ ਖਾਣ-ਪੀਣ ਦੇ ਸਾਰੇ ਖ਼ਰਚੇ ਸ਼ਾਮਿਲ ਹਨ।ਪ੍ਜਸਵੀਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਵਿੱਤਰ ਅਸਥਾਨ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਣਸੀ, ਅਯੁੱਧਿਆ ਅਤੇ ਵਰਿੰਦਾਵਨ (ਉੱਤਰ ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। 

ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਵੈਸ਼ਨੋ ਦੇਵੀ ਜੀ, ਮਾਤਾ ਜਵਾਲਾ ਜੀ ਆਦਿ ਅਸਥਾਨਾਂ ਦੀਆਂ ਯਾਤਰਾਵਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਰੋਜ਼ਾਨਾ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਇਸ ਤੀਰਥ ਯਾਤਰਾ 'ਤੇ ਜਾਣ ਲਈ ਦੋ ਤਰ੍ਹਾਂ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਸਾਧਨ ਰੇਲ ਗੱਡੀ ਅਤੇ ਛੋਟੀ ਦੂਰੀ ਲਈ ਸੜਕ ਮਾਰਗ ਰਾਹੀਂ ਏ.ਸੀ ਬੱਸਾਂ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਬੁਢਾਪੇ ਜਾਂ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। 

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 23 ਦਸੰਬਰ ਨੂੰ ਟਾਂਡਾ ਦੇ ਪਿੰਡ ਕੁਰਾਲਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਲਈ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ 22 ਦਸੰਬਰ ਨੂੰ ਟਾਂਡਾ ਦੇ ਪਿੰਡ ਮਸੀਤਪਾਲ ਕੋਟ ਅਤੇ 26 ਨੂੰ ਬੇਟ ਖੇਤਰ ਦੇ ਪਿੰਡ ਰੜਾਂ ਵਿਖੇ 'ਸਰਕਾਰ ਤੁਹਾਡੇ ਦੁਆਰ' ਤਹਿਤ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਸਮੂਹ ਸਰਕਾਰੀ ਵਿਭਾਗ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। 

ਇਸ ਮੌਕੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਬਲਾਕ ਪ੍ਰਧਾਨ ਜਗਜੀਵਨ ਜੱਗੀ, ਡੀਐਸਪੀ ਟਾਂਡਾ ਕੁਲਵੰਤ ਸਿੰਘ, ਐਸਐਮਓ ਟਾਂਡਾ ਡਾਕਟਰ ਕਰਨ ਕੁਮਾਰ ਸੈਣੀ, ਤਹਿਸੀਲਦਾਰ ਟਾਂਡਾ ਗੁਰਪ੍ਰੀਤ ਸਿੰਘ, ਕੌਂਸਲਰ ਸੁਰਿੰਦਰਜੀਤ ਸਿੰਘ ਬਿੱਲੂ, ਐਸਐਚਓ ਉਂਕਾਰ ਸਿੰਘ ਬਰਾੜ, ਕੁਲਦੀਪ ਸਿੰਘ, ਓਮ ਪ੍ਰਕਾਸ਼ ਭੱਟੀ ਸੁਰਿੰਦਰ ਜਾਜਾ, ਸੁਖਵਿੰਦਰ ਸਿੰਘ ਅਰੋੜਾ, ਚੌਧਰੀ ਕਮਲ ਸਿੰਘ ਸੈਣੀ, ਡਾਕਟਰ ਕਰਨ ਵਿਰਕ ਅਤਵਾਰ ਸਿੰਘ ਪਲਚਕ, ਗੁਰਦੀਪ ਸਿੰਘ ਹੈਪੀ, ਪ੍ਰੇਮ ਪਡਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।